ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਵਧੇਰੇ ਚਿੰਤਤ ਹਨ ਪ੍ਰਵਾਸੀ ਪੰਜਾਬੀ

ਸੁਖਰਾਜ ਸਿੰਘ ਚਹਿਲ

ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਪੰਜ+ਆਬ ਤੋਂ ਬਣਿਆ ਪੰਜਾਬ ਜਿਸ ਨੂੰ ਰੰਗਲੇ ਪੰਜਾਬ ਦਾ ਦਰਜਾ ਦਿੱਤਾ ਗਿਆ। ਅੱਜ ਉਹ ਅਨੇਕਾਂ ਸਮੱਸਿਆਵਾਂ ਵਿੱਚ ਘਿਰਿਆ ਪਿਆ ਹੈ। ਪੰਜਾਬ ਦਾ ਰਹਿਣ-ਸਹਿਣ ਦਾ ਮਾਹੌਲ ਬੜਾ ਹੀ ਸ਼ਾਂਤੀ ਤੇ ਖੁਸ਼ਹਾਲੀ ਵਾਲਾ ਹੋਣ ਕਰਕੇ ਇੱਥੇ ਹਰੇਕ ਇਨਸਾਨ ਦਾ ਰਹਿਣ ਲਈ ਦਿਲ ਕਰਦਾ ਸੀ ਅਤੇ ਹਰੇਕ ਪੰਜਾਬ ਵਿੱਚ ਆਉਣ ਲਈ ਉਤਾਵਲਾ ਰਹਿੰਦਾ ਸੀ। ਪੰਜਾਬ ਦੇ ਨਾਮ ਨਾਲ ਜੁੜੇ ‘ਰੰਗਲੇ ਪੰਜਾਬ’ ਦੇ ਸ਼ਬਦ ਕਰਕੇ ਅਨੇਕਾਂ ਗੀਤਾਂ ਵਿੱਚ ਵੀ ਰੰਗਲੇ ਅਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਇਸਦਾ ਜਿਕਰ ਕੀਤਾ ਜਾਂਦਾ ਹੈ ਜਿਵੇਂ ਕਿ ‘ਲੱਭਣੀ ਨੀਂ ਮੌਜ ਰੰਗਲੇ ਪੰਜਾਬ ਵਰਗੀ, ਰੰਗਲਾ ਪੰਜਾਬ ਹੋਵੇ, ਪੰਜਾਬ ਸਾਡਾ ਸੋਨੇ ਦੀ ਚਿੜੀ ਆਦਿ ਗੀਤ ਪੰਜਾਬ ਦੇ ਖੁਸ਼ਹਾਲ ਹੋਣ ਦਾ ਸਬੂਤ ਦਿੰਦੇ ਹਨ। ਪਰ ਜੇਕਰ ਮੌਜ਼ੂਦਾ ਸਮੇਂ ਵਿੱਚ ਪੰਜਾਬ ਦਾ ਹਾਲ ਦੇਖੀਏ ਤਾਂ ਮਨ ਨੂੰ ਬੜਾ ਦੁੱਖ ਲੱਗਦਾ ਹੈ। ਉਪਰੋਕਤ ਗੀਤਾਂ ਵਿੱਚ ਦਰਸਾਈ ਪੰਜਾਬ ਦੀ ਤਸਵੀਰ ਦੀ ਰੰਗਤ ਮੌਜੂਦਾ ਸਮੇਂ ‘ਚ ਬਿਲਕੁਲ ਫਿੱਕੀ ਪੈ ਚੁੱਕੀ ਹੈ। ਅਨੇਕਾਂ ਤਰਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਦੇ ਲੋਕ ਜੂਝ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਬੇਧਿਆਨੀ ਕਾਰਨ ਅੱਜ ਪੰਜਾਬ ਬਰਬਾਦੀ ਦੇ ਰਸਤੇ ‘ਤੇ ਪਹੁੰਚ ਚੁੱਕਾ ਹੈ। ਜਿਸ ਕਰਕੇ ਹੁਣ ਪੰਜਾਬ ਦਾ ਹਾਲ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਕੀ ਇਹ ਉਹੀ ਪੰਜਾਬ ਹੈ ਜੋ ਕਿਸੇ ਸਮੇਂ ਆਪਣੀ ਵੱਖਰੀ ਪਹਿਚਾਣ ਰੱਖਦਾ ਸੀ।

ਜਿੰਨਾਂ ਹਾਲਾਤਾਂ ਦੇ ਸਨਮੁੱਖ ਪੰਜਾਬ ਅੱਜ ਹੋਇਆ ਪਿਆ ਹੈ ਉਸ ਬਾਰੇ ਪੰਜਾਬ ਵਿੱਚ ਰਹਿੰਦੇ ਲੋਕ ਚਿੰਤਤ ਹੋਣ ਜਾਂ ਨਾ ਪਰ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀ ਵਧੇਰੇ ਫ਼ਿਕਰਮੰਦ ਹਨ। ਜਿਵੇਂ ਕਿਸੇ ਔਰਤ ਨੂੰ ਆਪਣੇ ਪੇਕੇ ਪਿੰਡ ਦਾ ਫਿਕਰ ਹੁੰਦਾ ਹੈ, ਉਸੇ ਤਰਾਂ ਜਿਹੜੇ ਪੰਜਾਬੀ ਇੱਥੋਂ ਆਪਣਾ ਸਭ ਕੁੱਝ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਉਨਾਂ ਨੂੰ ਆਪਣੇ ਰੰਗਲੇ ਪੰਜਾਬ ਦੀ ਚਿੰਤਾ ਦਿਨ-ਰਾਤ ਖਾਂਦੀ ਰਹਿੰਦੀ ਹੈ ਕਿਉਂਕਿ ਪੰਜਾਬ ਦੀ ਹਾਲਤ ਦਿਨੋਂ-ਦਿਨ ਨਿਘਾਰ ਵੱਲ ਜਾ ਰਹੀ ਹੈ। ਨਿੱਤ ਸੁਣਦੀਆਂ ਪੰਜਾਬ ਦੀਆਂ ਬੁਰੀਆਂ ਖ਼ਬਰਾਂ ਉਨਾਂ ਦੇ ਦਿਲ ਚੀਰਦੀਆਂ ਰਹਿੰਦੀਆਂ ਹਨ। ਜਦੋਂ ਕਿਤੇ ਕੋਈ ਵਿਰਲੀ ਟਾਂਵੀ ਚੰਗੀ ਖ਼ਬਰ ਸੁਣਨ ਨੂੰ ਮਿਲਦੀ ਹੈ ਤਾਂ ਉਹ ਇਸ ਤਰਾਂ ਮਹਿਸੂਸ ਕਰਦੇ ਹਨ ਜਿਵੇਂ ਤਪਦੀ ਗਰਮੀ ਵਿੱਚ ਠੰਡੀ ਹਵਾ ਦਾ ਬੁੱਲਾ ਆ ਗਿਆ ਹੋਵੇ। ਉਹ ਪੰਜਾਬ ਬਾਰੇ ਚੰਗੀਆਂ ਖ਼ਬਰਾਂ ਸੁਣਨ ਨੂੰ ਤਰਸਦੇ ਰਹਿੰਦੇ ਹਨ। ਉੱਥੇ ਜਦੋਂ ਪੰਜਾਬੀ ਕਿਤੇ ਕੁੱਝ ਸਮਾਂ ਇਕੱਠਾ ਬਿਤਾਉਂਦੇ ਹਨ ਤਾਂ ਜ਼ਰੂਰ ਆਪਣੇ ਪੰਜਾਬ ਦੀ ਗੱਲ ਛੇੜਦੇ ਹਨ ਅਤੇ ਇੱਥੇ ਦੇ ਹਾਲਾਤਾਂ ਬਾਰੇ ਗਹਿਰੀ ਚਿੰਤਾ ਪ੍ਰਗਟ ਕਰਦੇ ਹਨ। ਇਹ ਕੋਈ ਝੂਠ ਜਾਂ ਸਿਰਫ਼ ਸੁਰਖੀਆਂ ਬਟੋਰਨ ਵਾਲੀ ਗੱਲ ਨਹੀਂ ਸਚਮੁੱਚ ਹੀ ਪੰਜਾਬ ਦੀ ਮੌਜ਼ੂਦਾ ਤਸਵੀਰ ਦਿਲ ਨੂੰ ਧੂਹ ਪਾਉਣ ਵਾਲੀ ਹੋਈ ਪਈ ਹੈ। ਜੇਕਰ ਪੰਜਾਬ ਦੀਆਂ ਉਨਾਂ ਗੱਲਾਂ ‘ਤੇ ਚਰਚਾ ਕਰੀਏ ਜਿੰਨਾਂ ਕਰਕੇ ਪੰਜਾਬ ਅੱਜ ਆਪਣੇ ਆਪ ਦੀ ਤਸਵੀਰ ਦੇਖ ਕੇ ਹੰਝੂ ਵਹਾਉਂਦਾ ਹੈ ਤਾਂ ਪਹਿਲਾਂ ਗੱਲ ਆਉਂਦੀ ਹੈ ਪੰਜਾਬ ਵਿਚਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ। ਜਿਸਦੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਖ਼ਬਰਾਂ ਕਾਰਨ ਹੁਣ ਅਖ਼ਬਾਰ ਦੇਖਣ ਤੋਂ ਵੀ ਡਰ ਜਿਹਾ ਮਹਿਸੂਸ ਹੋਣ ਲੱਗ ਪਿਆ ਹੈ। ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖੁਦ ਭੁੱਖਾ ਸੌ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਹੋ ਕੇ ਖੁਦਕੁਸ਼ੀਆਂ ਦਾ ਰਾਹ ਅਖ਼ਤਿਆਰ ਕਰ ਰਿਹਾ ਹੈ। ਖੇਤੀ ਪ੍ਰਧਾਨ ਸੂਬੇ ਵਜੋਂ ਪ੍ਰਸਿੱਧ ਪੰਜਾਬ ਦੀ ਖੇਤੀ ਅੱਜ ਮਰ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦਾ ਸਹੀ ਭਾਅ ਨਾ ਮਿਲਣ ਕਰਕੇ ਤੇ ਵੱਖ-ਵੱਖ ਤਰਾਂ ਦੀਆਂ ਕ੍ਰੋਪੀਆਂ ਕਾਰਨ ਕਿਸਾਨ ਦਾ ਲੱਕ ਟੁੱਟ ਰਿਹਾ ਹੈ।

ਇਸ ਤੋਂ ਬਾਅਦ ਗੱਲ ਕਰਦੇ ਹਾਂ ਨਸ਼ਿਆਂ ‘ਚ ਗਲਤਾਨ ਹੋ ਰਹੀ ਪੰਜਾਬ ਦੀ ਨੌਜਵਾਨੀ ਦੀ। ਕੋਈ ਸਮਾਂ ਅਜਿਹਾ ਸੀ ਕਿ ਪੰਜਾਬ ਭਰਵੇਂ ਜੁੱਸੇ ਵਾਲੇ ਸਹਿਣ-ਛਬੀਲੇ ਗੱਭਰੂਆਂ ਕਰਕੇ ਨਾਮਣਾ ਖੱਟਦਾ ਸੀ ਅਤੇ ਪੰਜਾਬ ਦੇ ਗੱਭਰੂਆਂ ਦੀ ਹਰ ਪਾਸੇ ਗੱਲ ਹੁੰਦੀ ਸੀ ਪਰ ਜੇਕਰ ਪੰਜਾਬ ਦੇ ਅਜੋਕੇ ਸਮੇਂ ਵਾਲੇ ਗੱਭਰੂਆਂ ਦੀ ਗੱਲ ਕਰੀਏ ਤਾਂ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਇਨਾਂ ਨੂੰ ਦੇਖ ਕੇ ਇੰਜ ਨਹੀਂ ਲੱਗਦਾ ਕਿ ਇਹ ਉਸੇ ਪੰਜਾਬ ਦੇ ਗੱਭਰੂ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦੀ ਵੱਲ ਧੱਕ ਦਿੱਤੀ ਹੈ। ਅਨੇਕਾਂ ਘਰਾਂ ਦੇ ਚਿਰਾਗ ਨਸ਼ਿਆਂ ਕਾਰਨ ਬੁਝ ਚੁੱਕੇ ਹਨ। ਰੋਂਦੀਆਂ-ਵਿਲਕਦੀਆਂ ਮਾਵਾਂ ਦੇ ਇਕੱਲੇ-ਇਕਹਿਰੇ ਪੁੱਤ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜਿਸਦੀਆਂ ਮਿਸਾਲਾਂ ਹੁਣ ਕੁੱਝ ਦਿਨਾਂ ਪਹਿਲਾਂ ਸਾਹਮਣੀਆਂ ਆਈਆਂ ਘਟਨਾਵਾਂ ਤੋਂ ਸਹਿਜੇ ਲਈਆਂ ਜਾ ਸਕਦੀਆਂ ਹਨ। ਰਸੂਖ ਰੱਖਣ ਵਾਲੇ ਲੋਕਾਂ ਦੀ ਸਰਪ੍ਰਸਤੀ ਹੇਠ ਵਿਕਦਾ ਨਸ਼ਾ ਪੰਜਾਬ ਲਈ ਖ਼ਤਰਨਾਕ ਸਿੱਧ ਹੋ ਰਿਹਾ ਹੈ। ਵਿਦੇਸ਼ੀ ਲੋਕ ਆਪਣੀਆਂ ਧੀਆਂ ਲਈ ਵਰ ਪੰਜਾਬ ਤੋਂ ਲੱਭਣ ਵਿੱਚ ਬਹੁਤ ਘਬਰਾਹਟ ਮਹਿਸੂਸ ਕਰਦੇ ਹਨ।

ਗੱਲ ਕਰਦੇ ਹਾਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝਦੇ ਹੋਏ ਪਿੰਡਾਂ ਦੀ। ਹਰੇਕ ਵਿਅਕਤੀ ਨੂੰ ਆਪਣਾ ਪਿੰਡ ਸਭ ਤੋਂ ਚੰਗਾ ਲੱਗਦਾ ਹੈ ਭਾਵੇਂ ਉਹ ਕਿਤੇ ਵੀ ਜਾਵੇ, ਕਿਤੇ ਵੀ ਰਹਿਣ ਲੱਗ ਜਾਵੇ, ਜਿੰਨਾਂ ਕੋਈ ਵਿਅਕਤੀ ਆਪਣੇ ਪਿੰਡ ਤੋਂ ਦੂਰ ਰਹਿੰਦਾ ਹੈ ਉਸਦਾ ਓਨਾ ਹੀ ਆਪਣੇ ਪਿੰਡ ਨਾਲ ਮੋਹ ਵਧਦਾ ਜਾਂਦਾ ਹੈ। ਅਨੇਕਾਂ ਪਿੰਡਾਂ ਵਿੱਚੋਂ ਬਹੁਤ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ ਜੋ ਆਪਣੇ ਪਿੰਡ ਦੀ ਰੋਜ਼ਾਨਾਂ ਹੀ ਖ਼ਬਰ ਸਾਰ ਲੈਂਦੇ ਹਨ। ‘ਪਿੰਡਾਂ ਵਿੱਚ ਰੱਬ ਵਸਦਾ’ ਕਹਾਵਤ ਅਨੁਸਾਰ ਪਿੰਡ ਏਕੇ, ਖੁੱਲੇ ਦਿਲਾਂ ਵਾਲੇ ਲੋਕਾਂ ਤੇ ਆਪਸੀ ਭਾਈਚਾਰਕ ਦੇ ਪ੍ਰਤੀਕ ਪਿੰਡ ਅੱਜ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨਸਾਨੀ ਜੀਵਨ ਲਈ ਸਭ ਤੋਂ ਜ਼ਰੂਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਪਿੰਡਾਂ ਵਿੱਚ ਮੰਦੜੇ ਹਾਲ ਹਨ। ਪੀਣ ਲਈ ਸਾਫ਼ ਪਾਣੀ ਦੀ ਕਿੱਲਤ ਆਉਂਦੀ ਰਹਿੰਦੀ ਹੈ। ਕਈ ਵਿਦੇਸ਼ਾਂ ‘ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੇ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਆਪਣੇ ਪਿੰਡਾਂ ਨੂੰ ਆਪਣੇ ਤੌਰ ‘ਤੇ ਪੂੰਜੀ ਨਿਵੇਸ਼ ਕਰਕੇ ਪਿੰਡਾਂ ਵਿਚਲੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਇੱਕ ਨਮੂਨੇ ਵਜੋਂ ਪੇਸ਼ ਕੀਤਾ ਹੈ। ਜਿਸਦੀ ਸਾਨੂੰ ਸਾਰਿਆਂ ਨੂੰ ਸਲਾਘਾ ਕਰਨੀ ਚਾਹੀਦੀ ਹੈ।

ਗੱਲ ਕਰਦੇ ਹਾਂ ਬਿਮਾਰੀਆਂ ਨੇ ਕੱਖੋਂ ਹੋਲੇ ਕੀਤੇ ਪੰਜਾਬ ਦੀ। ਪੰਜਾਬ ਨੂੰ ਤੰਦਰੁਸਤੀ ਵਾਲਾ ਸੂਬਾ ਮੰਨਿਆ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਪੰਜਾਬ ‘ਚ ਫ਼ੈਲੀਆਂ ਬਿਮਾਰੀਆਂ ਨੇ ਇਸਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੇ ਪੰਜਾਬ ਨੂੰ ਹੁਣ ਬਿਮਾਰੀਆਂ ਦਾ ਘਰ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਕਥਿਨੀ ਨਹੀਂ ਹੋਵੇਗੀ ਕਿਉਂਕਿ ਇੱਥੇ ਹੁਣ ਕੋਈ ਘਰ ਅਜਿਹਾ ਨਹੀਂ ਬਚਿਆ ਜਿਸ ਘਰ ਵਿੱਚ ਕੋਈ ਵੀ ਇਨਸਾਨ ਕਿਸੇ ਬਿਮਾਰੀ ਤੋਂ ਪੀੜਤ ਨਾ ਹੋਵੇ। ਘਰਾਂ ਵਿੱਚ ਦਵਾਈਆਂ ਦੇ ਢੇਰ ਲੱਗੇ ਪਏ ਹਨ। ਕੈਂਸਰ, ਕਾਲਾ ਪੀਲੀਆ, ਏਡਜ਼, ਬੱਚਿਆਂ ਦਾ ਮੰਦਬੁੱਧੀ ਹੋਣਾ ਆਦਿ ਜਿਨਾਂ ਦਾ ਇਲਾਜ਼ ਪੂਰੀ ਤਰਾਂ ਨਹੀਂ ਹੁੰਦਾ। ਇਸ ਤੋਂ ਇਲਾਵਾ ਆਮ ਬਿਮਾਰੀਆਂ ਸ਼ੂਗਰ, ਹਾਰਟ ਅਟੈਕ, ਯੂਰਿਕ ਐਸਿਡ, ਤੇਜ਼ਾਬ ਬਣਨਾ, ਬਦਹਜਮੀ, ਬਲੱਡ ਪ੍ਰੈਸ਼ਰ ਦਾ ਘਟਣਾ-ਵਧਣਾ, ਖਾਂਸ਼ੀ, ਦਿਮਾਗੀ ਤਣਾਅ, ਜੋੜਾਂ ਦਾ ਦਰਦ ਆਦਿ ਬਿਮਾਰੀਆਂ ਤੋਂ ਹੁਣ ਬਹੁਤ ਲੋਕ ਪੀੜਤ ਹਨ। ਭਾਵੇਂ ਕਈ ਬਿਮਾਰੀਆਂ ਅਜਿਹੀਆਂ ਹਨ ਜਿੰਨਾਂ ਤੋਂ ਪੱਕੇ ਤੌਰ ਤੇ ਮਰੀਜ਼ ਨੂੰ ਛੁਟਕਾਰਾ ਨਹੀਂ ਮਿਲਦਾ ਪਰ ਉਸ ਦੇ ਕਾਬੂ ਪਾਉਣ ਲਈ ਕਰਵਾਏ ਜਾਂਦੇ ਮਹਿੰਗੇ ਇਲਾਜਾਂ ‘ਤੇ ਹਜ਼ਾਰਾਂ-ਲੱਖਾਂ ਰੁਪਏ ਖ਼ਰਚ ਆਉਣ ਕਾਰਨ ਲੋਕਾਂ ਦੀਆਂ ਜਾਇਦਾਦਾਂ ਵਿਕ ਚੁੱਕੀਆਂ ਹਨ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੋਕ ਮੀਡੀਏ ਜਰੀਏ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ਲਈ ਮਦਦ ਦੀ ਗੁਹਾਰ ਲਗਾਉਂਦੇ ਰਹਿੰਦੇ ਹਨ। ਬਾਹਰਲੇ ਮੁਲਕਾਂ ਵਿੱਚ ਬਹੁਤ ਲੋਕ ਅਜਿਹੇ ਹਨ ਜਿਹੜੇ ਇਨਾਂ ਅਪੀਲਾਂ ਨੂੰ ਦੇਖ ਕੇ ਪੀੜਤ ਲੋਕਾਂ ਦੇ ਇਲਾਜ ਲਈ ਪੈਸੇ ਭੇਜਦੇ ਹਨ ਤਾਂ ਕਿ ਸਹੀ ਇਲਾਜ ਹੋ ਸਕੇ। ਜੋ ਲੋਕ ਪੀੜਤ ਹੁੰਦੇ ਹਨ ਉਨਾਂ ਲਈ ਭੇਜਣਾ ਤਾਂ ਸਹੀ ਹੈ ਪਰ ਕਈ ਵਾਰ ਅਜਿਹਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਇਹ ਫ਼ਰਜੀ ਵੀ ਨਿਕਲ ਜਾਂਦਾ ਹੈ। ਪਰ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਬਿਨਾਂ ਕੁੱਝ ਦੇਖੇ ਲੋਕਾਂ ਨੂੰ ਆਪਣੇ ਸਮਝ ਕੇ ਪੈਸੇ ਭੇਜ ਦਿੰਦੇ ਹਨ। ਪੰਜਾਬ ਵਿੱਚ ਵਧ ਚੁੱਕੇ ਕੈਂਸਰ ਦੇ ਚੈਕਅੱਪ ਲਈ ਇੱਕ ਐਨ. ਆਰ. ਆਈ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ਮੋਬਾਇਲ ਮੈਡੀਕਲ ਬੱਸਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ/ਪਿੰਡਾਂ ਵਿੱਚ ਜਾ ਕੇ ਇਨਾਂ ਵਿੱਚ ਹਾਜ਼ਰ ਡਾਕਟਰੀ ਟੀਮਾਂ ਲੋਕਾਂ ਦਾ ਮੁਫ਼ਤ ਚੈਕਅੱਪ ਕਰਦੀਆਂ ਹਨ।

ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਦੀ। ਕਦੇ ਪੰਜਾਬ ‘ਸਾਂਝ ਦਾ ਪ੍ਰਤੀਕ ਹੈ’ ਵਜੋਂ ਪ੍ਰਸਿੱਧ ਸੀ, ਕਿਉਂਕਿ ਇੱਥੋਂ ਦੇ ਪੰਜਾਬੀ ਲੋਕਾਂ ਵਿੱਚ ਆਪਸੀ ਭਾਈਚਾਰਚਕ ਸਾਂਝ ਬਹੁਤ ਹੁੰਦੀ ਸੀ। ਕਿਸੇ ਇੱਕ ‘ਤੇ ਮੁਸ਼ੀਬਤ ਆਉਂਦੀ ਤਾਂ ਸਾਰੇ ਲੋਕ ਇਕੱਠੇ ਹੋ ਕੇ ਮਦਦ ਕਰਦੇ। ਪਰ ਅਫ਼ਸੋਸਜਨਕ ਅੱਜ ਇਹ ਸਾਂਝ ਟੁੱਟਦੀ ਨਜ਼ਰ ਆਉਂਦੀ ਹੈ। ਆਪਸੀ ਸਾਝਾਂ ਵਿੱਚ ਤਰੇੜਾਂ ਪਾਉਣ ਦਾ ਕੰਮ ਕੀਤਾ ਹੈ ਵੋਟਾਂ ਦੀ ਰਾਜਨੀਤੀ ਨੇ। ਜਿਸ ਨੇ ਭਾਈਵਾਲਤਾ ਖ਼ਤਮ ਕਰਕੇ ਲੜਾਈ-ਝਗੜਿਆਂ ਦਾ ਮਾਹੌਲ ਸਿਰਜ ਦਿੱਤਾ ਹੈ। ਵਿਦੇਸ਼ਾਂ ਵਿੱਚ ਜਦੋਂ ਕੋਈ ਪੰਜਾਬੀ ਮਿਲਦਾ ਹੈ ਤਾਂ ਆਪਣਾ ਹੀ ਲੱਗਦਾ ਹੈ ਪਰ ਇੱਥੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਵੱਡੇ ਪੱਧਰ ਤੱਕ ਦੀਆਂ ਵੋਟਾਂ ਨੇ ਇੱਕ ਪਰਿਵਾਰ ਵਿੱਚੋਂ ਵੀ ਸਾਰਿਆਂ ਦੇ ਮੂੰਹ ਅਲੱਗ-ਅਲੱਗ ਕਰ ਦਿੱਤੇ ਹਨ। ਲੋਕ ਆਪਸ ਵਿੱਚ ਲੜਦੇ ਰਹਿੰਦੇ ਹਨ ਜਿਸਦੀ ਰਾਜਸੀ ਲੀਡਰ ਲਾਭ ਲੈ ਜਾਂਦੇ ਹਨ। ਜਿਨਾਂ ਪਿੱਛੇ ਲੋਕ ਲੜਦੇ ਰਹਿੰਦੇ ਹਨ ਉਹ ਆਪ ਇੱਕ-ਦੂਜੇ ਨਾਲ ਮਿੱਤਰਤਾ ਪੁਗਾਉਂਦੇ ਰਹਿੰਦੇ ਹਨ। ਸਿਸਟਮ ਕੋਈ ਨਹੀਂ ਸੁਧਾਰਦਾ ਹਰੇਕ ਪਾਰਟੀ ਦੇ ਨੁਮਾਇੰਦੇ ਆਪਣੀ ਰਾਜਨੀਤੀ ਚਮਕਾਉਣ ਵਿੱਚ ਲੱਗੇ ਰਹਿੰਦੇ ਹਨ। ਇਸ ਸਿਸਟਮ ਤੋਂ ਦੁਖੀ ਹੋ ਕੇ ਲੋਕ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਪਰ ਸਾਡੇ ਸਿਆਸਤਦਾਨ ਇਸ ਸਿਸਟਮ ਪ੍ਰਤੀ ਬਿਲਕੁਲ ਗੰਭੀਰ ਨਹੀਂ ਹਨ। ਪਿਛਲੇ ਸਮੇਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਉਦੋਂ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਪੋਟ ਵਿੱਚ ਐਨ. ਆਰ. ਆਈ. ਲੋਕ ਇਸੇ ਕਰਕੇ ਆਏ ਸਨ ਕਿ ਸ਼ਾਇਦ ਇਹ ਪੰਜਾਬ ਦੇ ਹਾਲਾਤਾਂ ਵਿੱਚ ਕੁਝ ਬਦਲਾਅ ਲੈ ਆਵੇ ਪਰ ਨਤੀਜੇ ਸਾਹਮਣੇ ਨਹੀਂ ਆ ਸਕੇ।

ਗੱਲ ਕਰਦੇ ਹਾਂ ਲੁੱਟਾਂ-ਖੋਹਾਂ, ਚੋਰੀਆਂ, ਕਤਲੋਗਾਰਤ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਜਿੰਨਾਂ ਕਰਕੇ ਪੰਜਾਬ ਦੀ ਅਮਨਸ਼ਾਂਤੀ ਬਿਲਕੁਲ ਭੰਗ ਹੋ ਚੁੱਕੀ ਹੈ। ਜਿਸ ਤੋਂ ਪ੍ਰਵਾਸੀ ਪੰਜਾਬੀ ਬਹੁਤ ਔਖੇ ਹਨ ਕਿਉਂਕਿ ਉਹਨਾਂ ਨੂੰ ਕਿਸੇ ਕੰਮ ਲਈ ਜਦੋਂ ਪੰਜਾਬ ਵਿੱਚ ਆਉਂਣਾ ਪੈਂਦਾ ਹੈ ਤਾਂ ਲੁੱਟ ਖੋਹ ਦਾ ਬਹੁਤ ਡਰ ਸਤਾਉਂਦਾ ਹੈ ਰਹਿੰਦਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਦੇ ਮਨ ਵਿੱਚ ਇਹੋ ਗੱਲ ਰਹਿੰਦੀ ਹੈ। ‘ਬਾਹਰੋਂ ਆਏ ਹਨ ਪਤਾ ਨਹੀਂ ਕਿੰਨੇ ਕੁ ਪੈਸੇ ਤੇ ਹੋਰ ਮਹਿੰਗਾ ਸਮਾਨ ਲੈ ਕੇ ਆਏ ਹੋਣਗੇ?’ ਜਿਹੜਾ ਪੰਜਾਬ ਅਮਨਸ਼ਾਂਤੀ ਵਾਲਾ ਸੂਬਾ ਸੀ ਅੱਜ ਉਹ ਡਕੈਤੀਆਂ ਦਾ ਘਰ ਬਣਦਾ ਜਾ ਰਿਹਾ ਹੈ। ਚੰਦ ਪੈਸਿਆਂ ਦੀ ਖ਼ਾਤਰ ਕਿਸੇ ਦਾ ਕਤਲ ਕਰ ਦੇਣਾ ਹਰ ਆਮ ਪੰਜਾਬੀ ਦੇ ਮਨ ਵਿੱਚ ਡਰ ਪੈਦਾ ਕਰਦਾ ਹੈ। ਲੁੱਟ ਖੋਹ ਦੇ ਡਰੋਂ ਔਰਤਾਂ ਸੋਨੇ ਦੇ ਗਹਿਣੇ ਪਾਉਂਣ ਤੋਂ ਕੰਨੀ ਕਤਰਾਉਂਦੀਆਂ ਹਨ। ਹੁਣ ਇੱਥੇ ਕੋਈ ਆਪਣੇ ਆਪ ਨੂੰ ਸੁਰੱਖ਼ਿਅਤ ਮਹਿਸੂਸ ਨਹੀਂ ਕਰਦਾ। ਵਪਾਰੀਆਂ ਨੂੰ ਲੁੱਟਣ ਦੀਆਂ ਅਨੇਕਾਂ ਵਾਰਦਾਤਾਂ ਹੋ ਰਹੀਆਂ ਹਨ। ਬੈਂਕ ਵਿੱਚ ਪੈਸੇ ਜਮਾਂ ਕਰਵਾਉਣ ਲਈ ਜਾਣਾ ਤਾਂ ਆਪਣੇ ਆਪ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਬਰਾਬਰ ਹੋਇਆ ਪਿਆ ਹੈ। ਜਿਸ ਕਾਰਨ ਇਹ ਵੀ ਸਭ ਤੋਂ ਚਿੰਤਤ ਅਤੇ ਪ੍ਰੇਸ਼ਾਨੀ ਵਾਲਾ ਵਰਤਾਰਾ ਹੈ।

ਗੱਲ ਕਰਦੇ ਹਾਂ ਸੜਕੀ ਹਾਦਸਿਆਂ ਦੇ ਹੱਬ ਬਣੇ ਪੰਜਾਬ ਦੀ। ਵਿਦੇਸ਼ਾਂ ਵਿੱਚ ਹਰ ਤਰਾਂ ਦੇ ਕਾਨੂੰਨ ਬਣੇ ਹੋਏ ਹਨ ਤੇ ਉੱਥੇ ਸਖ਼ਤੀ ਨਾਲ ਅਮਲੀ ਜਾਮਾ ਵੀ ਪਹਿਨਾਇਆ ਜਾਂਦਾ ਹੈ। ਪਰ ਇੱਥੇ ਕਾਨੂੰਨ ਤਾਂ ਬਣਦੇ ਹਨ ਪ੍ਰੰਤੂ ਕੋਈ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਹੈ ਤੇ ਨਾ ਹੀ ਬਹੁਗਿਣਤੀ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਜਿਸਦੀ ਮਿਸਾਲ ਲਈ ਜਾ ਸਕਦੀ ਹੈ ਪੰਜਾਬ ਵਿੱਚ ਰੋਜ਼ਾਨਾਂ ਹੁੰਦੇ ਸੜਕੀ ਹਾਦਸਿਆਂ ਤੋਂ। ਵਿਦੇਸ਼ ਤੋਂ ਆਏ ਵਿਅਕਤੀ ਲਈ ਇੱਥੇ ਡਰਾਈਵਿੰਗ ਕਰਨਾ ਇੱਕ ਮਾਊਂਟ ਐਵਰੈਸਟ ਤੇ ਚੜਨ ਬਰਾਬਰ ਹੈ ਕਿਉਂਕਿ ਉਨਾਂ ਨੂੰ ਪਹਿਲੀ ਗੱਲ ਇਹ ਸਮਝ ਨਹੀਂ ਆਉਂਦਾ ਕਿ ਇੱਥੇ ਕੋਈ ਕਾਨੂੰਨ ਹੈ ਜਾਂ ਨਹੀਂ। ਕਿਉਂਕਿ ਹਾਈ ਸਪੀਡ ਗੱਡੀਆਂ ਲੋਕ ਗਲਤ

ਓਵਰਟੇਕ ਕਰਦੇ ਰਹਿੰਦੇ ਹਨ। ਕੋਈ ਕਿਸੇ ਨੂੰ ਪੁੱਛਦਾ ਨਹੀਂ। ਸੜਕਾਂ ਦਾ ਬੁਰਾ ਹਾਲ ਹੈ। ਜਿਸ ਕਰਕੇ ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕਿਸੇ ਦੀ ਗ਼ਲਤੀ ਦੂਸਰੇ ਨੂੰ ਬਿਨਾਂ ਕਿਸੇ ਕਸੂਰ ਤੋਂ ਮਾਰ ਦਿੰਦੀ ਹੈ। ਇਸ ਕਰਕੇ ਐਨ. ਆਰ. ਆਈ. ਤਾਂ ਇੱਥੇ ਆ ਕੇ ਖੁਦ ਡਰਾਇਵ ਕਰਨ ਤੋਂ ਘਬਰਾਉਂਦੇ ਹਨ ਤੇ ਕਿਰਾਏ ਆਦਿ ‘ਤੇ ਵਾਹਨ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾਂਦੇ ਹਨ।

ਗੱਲ ਕਰਦੇ ਹਾਂ ਪੰਜਾਬ ਵਿੱਚ ਠੱਗੀਆਂ ਦੇ ਫ਼ੈਲੇ ਮੱਕੜ ਜਾਲ ਦੀ। ਭੋਲੇ-ਭਾਲੇ ਪੰਜਾਬੀਆਂ ਦਾ ਪੰਜਾਬ ਹੁਣ ਅਜਿਹੇ ਚਾਲਬਾਜਾਂ ਦੇ ਹੱਥ ਆ ਗਿਆ ਹੈ ਜਿਨਾਂ ਦੁਆਰਾ ਲੋਕਾਂ ਨੂੰ ਅਮੀਰ ਕਰਨ ਦੇ ਸੁਪਨੇ ਵਿਖਾ ਕੇ ਕੱਖੋਂ ਹੋਲਾ ਕਰ ਦਿੱਤਾ ਹੈ। ਇੱਕਦਮ ਆਈਆਂ ਚਿੱਟਫ਼ੰਡ ਕੰਪਨੀਆਂ ਨੇ ਆਮ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦੇ ਨਾਮ ਤੇ ਉਨਾਂ ਕੋਲੋਂ ਰਾਸ਼ੀਆਂ ਵਸੂਲ ਲਈਆਂ ਅਤੇ ਮਗਰੋਂ ਹੁਣ ਆਪਣਾ ਸਾਜੋ ਸਮਾਨ ਚੁੱਕ ਕੇ ਭੱਜ ਗਏ। ਜਿਨਾਂ ਨੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਪੈਸੇ ਜਮਾ ਕਰਵਾ ਦਿੱਤੇ ਹੁਣ ਉਹ ਸੜਕਾਂ ਦੇ ਆਉਣ ਲਈ ਮਜਬੂਰ ਹਨ। ਇਨਾਂ ਠੱਗੀਆਂ ਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗਣਾ, ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਮ ‘ਤੇ ਠੱਗਣਾ, ਧੋਖੇ ਨਾਲ ਕਿਸੇ ਦੇ ਖਾਤੇ ਵਿੱਚੋਂ ਪੈਸੇ ਕਢਵਾਉਣਾ, ਕਿਸੇ ਨੂੰ ਉਨਾਂ ਦੇ ਕੰਮ ਕਰਵਾਉਣ ਦੇ ਨਾਮ ‘ਤੇ ਠੱਗਣਾ ਆਦਿ ਜਿਹੀਆਂ ਠੱਗੀਆਂ ਹੁਣ ਆਮ ਗੱਲ ਬਣ ਗਈ ਹੈ। ਕਈ ਪ੍ਰਵਾਸੀ ਪੰਜਾਬੀ ਵੀ ਕਈ ਪ੍ਰਕਾਰ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਗੱਲ ਕਰਦੇ ਹਾਂ ਤਾਂਤਰਿਕਾਂ ਦਾ ਕੇਂਦਰ ਬਣੇ ਪੰਜਾਬ ਦੀ। ਰੰਗਲਾ ਪੰਜਾਬ ਹੁਣ ਤਾਂਤਰਿਕ ਬਾਬਿਆਂ ਦਾ ਘਰ ਬਣ ਗਿਆ ਹੈ। ਕਿਉਂਕਿ ਪੰਜਾਬ ‘ਚ ਗਰੀਬੀ ਜਿਹੀਆਂ ਸਮੱਸਿਆਵਾਂ ਨੇ ਗਹਿਰੇ ਪੈਰ ਪਸਾਰੇ ਹੋਏ ਹਨ। ਜਿਸ ਕਰਕੇ ਲੋਕ ਇਸ ਤੋਂ ਮੁਕਤੀ ਪਾਉਣ ਲਈ ਪਾਖੰਡੀ ਤਾਂਤਰਿਕਾਂ ਕੋਲ ਜਾ ਕੇ ਆਪਣੀਆਂ ਸਮੱਸਿਆਵਾਂ ਹੱਲ ਕਰਨ ਲਈ ਕਹਿੰਦੇ ਹਨ। ਪ੍ਰੰਤੂ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਤਾਂਤਰਿਕਾਂ ਦੀਆਂ ਜ਼ਰੂਰ ਹੋ ਜਾਂਦੀਆਂ ਹਨ, ਅੱਜ ਕੱਲ ਸਭ ਤੋਂ ਵੱਧ ਕਮਾਈ ਇਨਾਂ ਨੂੰ ਹੀ ਹੁੰਦੀ ਹੈ। ਗਰੀਬ ਤੋਂ ਗਰੀਬ ਵਿਅਕਤੀ ਵੀ ਪਾਖੰਡੀ ਬਾਬਿਆਂ ਕੋਲ ਜਾ ਕੇ ਆਪਣੀ ਕਮਾਈ ਵਿੱਚੋਂ ਮੱਥਾ ਟੇਕਦਾ ਹੈ। ਜਿਸ ਕਰਕੇ ਲੋਕ ਗਰੀਬ ਅਤੇ ਬਾਬੇ ਅਮੀਰ ਹੋ ਰਹੇ ਹਨ। ਅਜਿਹਾ ਵਿਦੇਸ਼ਾਂ ਵਿੱਚ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਉਥੇ ਸਭ ਨੂੰ ਰੁਜ਼ਗਾਰ ਮਿਲਦਾ ਹੈ ਤੇ ਆਪਣੀ ਕਮਾਈ ਨਾਲ ਆਪਣਾ ਘਰ-ਪਰਿਵਾਰ ਚੰਗੇ ਤਰੀਕੇ ਨਾਲ ਚਲਾਉਂਦੇ ਹਨ। ਅਜਿਹਾ ਵਰਤਾਰਾ ਦੇਖ ਕੇ ਪ੍ਰਵਾਸੀ ਪੰਜਾਬੀ ਗਹਿਰੀ ਚਿੰਤਾ ਵੀ ਪ੍ਰਗਟ ਕਰਦੇ ਹਨ ਅਤੇ ਇੱਥੋਂ ਦੇ ਪੰਜਾਬੀਆਂ ਦੀ ਦਿਮਾਗੀ ਸ਼ਕਤੀ ਤੇ ਹੈਰਾਨ ਵੀ ਹੁੰਦੇ ਹਨ। ਉਦੋਂ ਇਸ ਤੋਂ ਵੀ ਵੱਧ ਮਨ ਦੁਖੀ ਹੁੰਦਾ ਹੈ ਜਦੋਂ ਕਈ ਬਾਬੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਨਾਮ ‘ਤੇ ਕੁੜੀਆਂ/ਔਰਤਾਂ ਨਾਲ ਘਿਨੌਣੀਆਂ ਹਰਕਤਾਂ ਕਰਦੇ ਹਨ।

ਗੱਲ ਕਰਦੇ ਹਾਂ ਅੰਮ੍ਰਿਤ ਰੂਪੀ ਪੰਜਾਬ ਦੇ ਪਾਣੀ ਅਤੇ ਪ੍ਰਦੂਸ਼ਿਤ ਹੋਏ ਵਾਤਾਵਰਣ ਦੀ। ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਪੰਜਾਬ ਦਾ ਨਾਮ ਪੰਜਾਬ ਰੱਖਿਆ ਗਿਆ ਸੀ। ਜਿਸ ਕਰਕੇ ਇੱਥੋਂ ਦੇ ਪਾਣੀ ਨੂੰ ਅੰਮ੍ਰਿਤ ਸਮਝਿਆ ਜਾਂਦਾ ਸੀ। ਹਰ ਕੋਈ ਪੰਜਾਬ ਦਾ ਪਾਣੀ ਬੜਾ ਖੁਸ਼ ਹੋ ਕੇ ਪੀਂਦਾ ਸੀ ਪਰ ਬਦਕਿਸਮਤੀ ਨਾਲ ਹੁਣ ਇਹ ਪਾਣੀ ਇੰਨਾ ਦੂਸ਼ਿਤ ਹੋ ਗਿਆ ਹੈ ਕਿ ਬਾਹਰੋ ਆ ਕੇ ਤਾਂ ਕਿਸੇ ਨੇ ਕੀ ਪੀਣਾ ਪੰਜਾਬ ਦੇ ਲੋਕ ਵੀ ਇਸ ਨੂੰ ਪੀਣ ਲਈ ਤਿਆਰ ਨਹੀਂ। ਵਿਦੇਸ਼ੀ ਲੋਕ ਜਦੋਂ ਇੱਧਰ ਆਉਂਦੇ ਹਨ ਤਾਂ ਉਹ ਮੁੱਲ ਵਿਕਦਾ ਪਾਣੀ ਪੀਂਦੇ ਹਨ ਜਾਂ ਫਿਰ ਫਿਲਟਰਾਂ ਆਦਿ ਰਾਹੀ ਸੋਧੇ ਪਾਣੀ ਨੂੰ ਤਰਜੀਂਹ ਦਿੰਦੇ ਹਨ। ਉਨਾਂ ਨੂੰ ਇਹ ਪਾਣੀ ਵੀ ਪੂਰੀ ਤਰਾਂ ਸਾਫ਼ ਨਹੀਂ ਲੱਗਦਾ। ਪਾਣੀ ਦਾ ਤਾਂ ਇਸ ਤਰਾਂ ਡੰਗ ਟਪਾਇਆ ਜਾਂਦਾ ਹੈ ਪਰ ਪ੍ਰਦੂਸ਼ਿਤ ਹੋਏ ਵਾਤਾਵਰਣ ਤੋਂ ਬਹੁਤ ਤੰਗ ਹੁੰਦੇ ਹਨ। ਇੱਥੇ ਫੈਲੇ ਧੂੰਏ, ਅਸਮਾਨ ਵਿੱਚ ਚੜੀ ਧੂੜ-ਮਿੱਟੀ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ। ਜਿਸ ਕਾਰਨ ਉਨਾਂ ਨੂੰ ਇੱਥੇ ਥੋੜਾ ਸਮਾਂ ਬਸਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜ਼ਿਆਦਾਤਰ ਐਨ. ਆਰ. ਆਈ. ਪੰਜਾਬ ਵਿੱਚ ਸਰਦੀਆਂ ਦੇ ਮੌਸਮ ਦੌਰਾਨ ਆਉਂਦੇ ਹਨ ਤਾਂ ਕਿ ਕੁੱਝ ਰਾਹਤ ਮਿਲੇ।

ਸਮੱਸਿਆਵਾਂ ਦੇ ਹੱਲ ਜ਼ਰੂਰੀ:- ਉਪਰੋਕਤ ਸਮੱਸਿਆਵਾਂ ਨੇ ਪੰਜਾਬ ਨੂੰ ਬੁਰੀ ਤਰਾਂ ਜਕੜਿਆ ਹੋਇਆ ਹੈ। ਖੁਸ਼ਹਾਲੀ ਦਾ ਪ੍ਰਤੀਕ ਪੰਜਾਬ ਆਪਣੇ ਪੁਰਾਣੇ ਦਿਨ ਯਾਦ ਕਰਕੇ ਹੰਝੂ ਵਹਾ ਰਿਹਾ ਹੈ। ਹੁਣ ਲੋੜ ਹੈ ਕਿ ਜੋ ਸਮੱਸਿਆਵਾਂ ਪੰਜਾਬ ਦੇ ਲੋਕ ਖ਼ੁਦ ਹੱਲ ਕਰ ਸਕਦੇ ਹਨ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝੇ ਤੌਰ ‘ਤੇ ਉਪਰਾਲੇ ਕਰਨ। ਬਾਕੀ ਇੱਥੋਂ ਦੇ ਪੰਜਾਬੀ ਆਪਣੇ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣ ਕਿਉਂਕਿ ਇੱਥੋਂ ਦੇ ਸਿਆਸਤਦਾਨ ਇੱਕ ਵਾਰ ਵਾਅਦੇ ਕਰਕੇ ਵੋਟਾਂ ਹਾਸਿਲ ਕਰਕੇ ਜਿੱਤ ਕੇ ਚਲੇ ਜਾਂਦੇ ਹਨ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ। ਬਾਕੀ ਐਨ. ਆਰ. ਆਈ. ਵੀ ਆਪਣੇ ਸਹਿਯੋਗ ਨਾਲ ਪੰਜਾਬ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਯਤਨ ਕਰਨ ਤਾਂ ਕਿ ਪੰਜਾਬ ਨੂੰ ਫਿਰ ਤੋਂ ਪਹਿਲਾਂ ਵਾਲਾ ਰੰਗਲਾ ਪੰਜਾਬ ਬਣਾਇਆ ਜਾ ਸਕੇ।

 

Comments

comments

Share This Post

RedditYahooBloggerMyspace