ਭਾਰਤੀ ਸਮਾਜ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਸਾਧਾਂ ਦੇ ਸਿੰਕਜ਼ੇ ‘ਚ

ਰੋਹਿਤ ਕੌਸ਼ਿਕ

ਪਿਛਲੇ ਦਿਨੀਂ ਦਿੱਲੀ ਦੇ ਦਾਤੀ ਸਾਧ ‘ਤੇ ਬਲਾਤਕਾਰ ਦਾ ਦੋਸ਼ ਲੱਗਾ। ਇਸ ਸਿਲਸਿਲੇ ‘ਚ ਸਾਧ ਆਸਾ ਰਾਮ, ਰਾਮਪਾਲ, ਗੁਰਮੀਤ ਰਾਮ ਰਹੀਮ ਅਤੇ ਵੀਰੇਂਦਰ ਦੇਵ ਦੀਕਸ਼ਿਤ ਵਰਗੇ ਬਾਬਿਆਂ ਦੀ ਇਕ ਲੰਮੀ ਸੂਚੀ ਸਾਡੇ ਸਾਹਮਣੇ ਹੈ। ਦੂਜੇ ਪਾਸੇ ਬਹੁਚਰਚਿਤ ਅਧਿਆਤਮਕ ਸਾਧ ਭਈਯੂ ਦੇ ਅਚਾਨਕ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਵੀ ਬਾਬਿਆਂ ਦੇ ਰਵੱਈਏ ‘ਤੇ ਸਵਾਲੀਆ ਨਿਸ਼ਾਨ ਲਾ ਰਹੀ ਹੈ।

ਸਵਾਲ ਇਹ ਹੈ ਕਿ ਇਸ ਦੌਰ ‘ਚ ਵੀ ਭਾਰਤੀ ਸਮਾਜ ਢੌਂਗੀ ਬਾਬਿਆਂ ਦੀ ਜਕੜ ਵਿਚ ਕਿਉਂ ਹੈ? ਭਾਰਤ ਵਿਚ ਪ੍ਰਭਾਵਸ਼ਾਲੀ ਲੋਕਾਂ, ਰਾਜਨੇਤਾਵਾਂ ਅਤੇ ਬਾਬਿਆਂ ਦਾ ਗੱਠਜੋੜ ਸਮਾਜ ਵਿਚ ਵਖਰੇਵਾਂ ਪੈਦਾ ਕਰ ਰਿਹਾ ਹੈ। ਇਸ ਦੌਰ ਵਿਚ ਧਾਰਮਿਕ ਆਸ਼ਰਮਾਂ ਦੇ ਪੈਰੋਕਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਇਸੇ ਲਈ ਸਾਰੀਆਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਇਨ੍ਹਾਂ ਆਸ਼ਰਮਾਂ ਨੂੰ ਆਪਣੇ ਪੱਖ ਵਿਚ ਕਰਨਾ ਚਾਹੁੰਦੇ ਹਨ।

ਇਸੇ ਇੱਛਾ ‘ਚ ਧਾਰਮਿਕ ਆਸ਼ਰਮਾਂ ਦੀਆਂ ਨਾਜਾਇਜ਼ ਕਾਰਗੁਜ਼ਾਰੀਆਂ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਆਸ਼ਰਮਾਂ ਦੇ ਮੁਖੀ ਆਪਣੇ ਪੈਰੋਕਾਰਾਂ ਨੂੰ ਮਨੋਵਿਗਿਆਨਿਕ ਤੌਰ ‘ਤੇ ਇਸ ਤਰ੍ਹਾਂ ਜਕੜ ਲੈਂਦੇ ਹਨ ਕਿ ਪੈਰੋਕਾਰ ਆਪਣੇ ਮੁਖੀ ਵਿਰੁੱਧ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦੇ।

ਅਸਲ ‘ਚ ਬਾਜ਼ਾਰਵਾਦ ਦੇ ਇਸ ਦੌਰ ਵਿਚ ਅਧਿਆਤਮ ਦਾ ਜਿਸ ਤਰ੍ਹਾਂ ਬਾਜ਼ਾਰੀਕਰਨ ਕੀਤਾ ਜਾ ਰਿਹਾ ਹੈ, ਉਹ ਮੰਦਭਾਗਾ ਹੈ। ਅਧਿਆਤਮ ਦੇ ਇਸ ਬਾਜ਼ਾਰੀਕਰਨ ਨਾਲ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਧਰਮ ਦੇ ਨਾਂ ‘ਤੇ ਅੱਜ ਜ਼ਿਆਦਾਤਰ ਬਾਬਿਆਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਕਿਸੇ ਵੀ ਲਿਹਾਜ਼ ਨਾਲ ਧਰਮ ਦੇ ਦਾਇਰੇ ਵਿਚ ਨਹੀਂ ਆਉਂਦਾ।

ਬਾਬਿਆਂ ਵਲੋਂ ਮੋਹ-ਮਾਇਆ ਨੂੰ ਤਿਆਗਣ ਦੇ ਪ੍ਰਵਚਨ ਦੇਣਾ ਅਤੇ ਆਪਣੇ ਨਿੱਜੀ ਜੀਵਨ ਵਿਚ ਇਸ ਨੂੰ ਨਾ ਅਪਣਾਉਣਾ ਆਮ ਗੱਲ ਹੋ ਗਈ ਹੈ। ਹੌਲੀ-ਹੌਲੀ ਇਕ ਅਜਿਹਾ ਤੰਤਰ ਵਿਕਸਿਤ ਹੋ ਰਿਹਾ ਹੈ, ਜੋ ਆਪਣੀ ਸਮੁੱਚੀ ਤਾਕਤ ਲਾ ਕੇ ਧਰਮ ਦਾ ਵਪਾਰੀਕਰਨ ਕਰਨਾ ਚਾਹੁੰਦਾ ਹੈ। ਇਹ ਤੰਤਰ ਕਾਫੀ ਹੱਦ ਤਕ ਆਪਣੇ ਉਦੇਸ਼ ਵਿਚ ਸਫਲ ਵੀ ਹੋ ਰਿਹਾ ਹੈ ਤੇ ਇਸੇ ਕਾਰਨ ਅੱਜ ਧਰਮ ਕੁਲਵਕਤੀ ਵਪਾਰ ਬਣ ਗਿਆ ਹੈ।

ਅਜਿਹਾ ਨਹੀਂ ਹੈ ਕਿ ਆਪਣੇ ਲੁਕੇ ਸੁਆਰਥਾਂ ਲਈ ਧਰਮ ਦੀ ਦੁਰਵਰਤੋਂ ਸਿਰਫ ਇਸੇ ਦੌਰ ‘ਚ ਹੀ ਕੀਤੀ ਜਾ ਰਹੀ ਹੈ। ਅਸਲ ਵਿਚ ਧਰਮ ਦੇ ਨਾਂ ‘ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਸਿਲਸਿਲਾ ਪ੍ਰਾਚੀਨ ਕਾਲ ਤੋਂ ਹੀ ਚੱਲਦਾ ਆ ਰਿਹਾ ਹੈ। ਅੱਜ ਹਾਲਤ ਇਹ ਹੈ ਕਿ ਧਰਮ ਦੇ ਸਹਾਰੇ ਹੀ ਵੱਖ-ਵੱਖ ਧਾਰਮਿਕ ਸੰਸਥਾਵਾਂ ਅਥਾਹ ਧਨ-ਦੌਲਤ ਬਟੋਰ ਰਹੀਆਂ ਹਨ। ਹਰ ਕਿਸੇ ਨੂੰ ਧਰਮ ਇਕ ਅਜਿਹਾ ਸਾਧਨ ਦਿਖਾਈ ਦੇ ਰਿਹਾ ਹੈ, ਜਿਥੇ 100 ਫੀਸਦੀ ਸਫਲਤਾ ਦੀ ਗਾਰੰਟੀ ਹੈ।

ਅੱਜ ਸਿਆਸੀ ਪਾਰਟੀਆਂ ਵੀ ਇਸ ਵਿਚਾਰਧਾਰਾ ਤੋਂ ਅਛੂਤੀਆਂ ਨਹੀਂ ਰਹੀਆਂ। ਉਹ ਵੀ ਧਰਮ ਦੇ ਨਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ। ਧਰਮ ਦੇ ਇਸ ਬਦਲੇ ਹੋਏ ਰੂਪ ਨੇ ਸਾਨੂੰ ਅਜਿਹੇ ਚੌਰਾਹੇ ‘ਤੇ ਲਿਆ ਖੜ੍ਹੇ ਕੀਤਾ ਹੈ, ਜਿਥੇ ਸਾਡੇ ਤੋਂ ਇਹੋ ਤੈਅ ਨਹੀਂ ਹੋ ਰਿਹਾ ਕਿ ਅਸੀਂ ਕਿਹੜੇ ਰਾਹ ‘ਤੇ ਅੱਗੇ ਵਧਣਾ ਹੈ।

ਸਵਾਲ ਇਹ ਹੈ ਕਿ ਭਾਰਤ ਦੇ ਅਧਿਆਤਮਕ ਆਕੇ ਕਦੋਂ ਤਕ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਰਹਿਣਗੇ ਅਤੇ ਅਸੀਂ ਕਦੋਂ ਤਕ ਉਨ੍ਹਾਂ ਦੀਆਂ ਸ਼ੱਕੀ ਕਾਰਗੁਜ਼ਾਰੀਆਂ ਨੂੰ ਅਣਡਿੱਠ ਕਰਦੇ ਰਹਾਂਗੇ? ਜੇ ਧਰਮ ਦਾ ਵਪਾਰੀਕਰਨ/ ਬਾਜ਼ਾਰੀਕਰਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਇਸ ਸਮਾਜ ‘ਚੋਂ ਬਚੀ-ਖੁਚੀ ਨੈਤਿਕਤਾ ਵੀ ਖਤਮ ਹੋ ਜਾਵੇਗੀ। ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਉਦੋਂ ਫਿਰ ਸਮਾਜ ਦੀ ਹਾਲਤ ਕੀ ਹੋਵੇਗੀ?

ਇਸ ਦੌਰ ਵਿਚ ਬਾਬਿਆਂ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗਣਾ ਆਮ ਗੱਲ ਹੋ ਗਈ ਹੈ। ਅਸਲ ਵਿਚ ਅੱਜ ਬਾਬਿਆਂ ਦਾ ਇਕ ਵਰਗ ਸੁੱਖ-ਸਹੂਲਤਾਂ ਨਾਲ ਭਰਪੂਰ ਜਿਸ ਮਾਹੌਲ ਵਿਚ ਰਹਿ ਰਿਹਾ ਹੈ, ਉਥੇ ਵਾਸਨਾ ਦੇ ਬੀਜ ਫੁੱਟਣਾ ਕੋਈ ਵੱਡੀ ਗੱਲ ਨਹੀਂ। ਜੇ ਅੱਜ ਬਾਬੇ ਤੇ ਸਾਧੂ-ਸੰਤ ਹੀ ਕਾਮ ਵਾਸਨਾ ਪੂਰੀ ਕਰਨ ਲਈ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਲੱਗ ਪੈਣਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਨੈਤਿਕਤਾ ਦੀ ਸਿੱਖਿਆ ਕਿਸ ਮੂੰਹ ਨਾਲ ਦੇਵਾਂਗੇ?

ਸੱਭਿਆਚਾਰਕ ਨਿਘਾਰ ਦੇ ਇਸ ਦੌਰ ਵਿਚ ਸੰਤ ਸਮਾਜ ਆਪਣੀ ਸਹੀ ਭੂਮਿਕਾ ਤਾਂ ਹੀ ਨਿਭਾਅ ਸਕੇਗਾ, ਜਦੋਂ ਉਹ ਸੰਤ ਦੀ ਪਰਿਭਾਸ਼ਾ ਨੂੰ ਪੂਰੀ ਤਰ੍ਹਾਂ ਸਮਝੇਗਾ। ਭਗਵੇ ਕੱਪੜਿਆਂ ਵਿਚ ਅਜਿਹੇ ਘਿਨਾਉਣੇ ਕਾਰਨਾਮੇ ਕਰਨ ਵਾਲੇ ਲੋਕ ‘ਸੰਤ’ ਬਿਲਕੁਲ ਨਹੀਂ ਹੋ ਸਕਦੇ।

ਹੁਣ ਸਮਾਂ ਆ ਗਿਆ ਹੈ ਕਿ ਸੰਤ ਸਮਾਜ ਖ਼ੁਦ ਹੀ ਆਪਣੇ ‘ਚੋਂ ਅਜਿਹੀਆਂ ਕਰਤੂਤਾਂ ਕਰਨ ਵਾਲੇ ਸ਼ੈਤਾਨਾਂ ਨੂੰ ਬਾਹਰ ਕੱਢ ਕੇ ਵੱਖਰੀ ਕਤਾਰ ਵਿਚ ਖੜ੍ਹਾ ਕਰੇ। ਧਰਮ ਦੇ ਨਾਂ ‘ਤੇ ਯੌਨ ਸ਼ੋਸ਼ਣ ਅਤੇ ਸਾਧੂ-ਸੰਤਾਂ ਦੇ ਨਾਂ ਨੂੰ ਕਲੰਕਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।

ਅੱਜ ਆਧੁਨਿਕ ਸਾਧੂ-ਸੰਤ ਅਤੇ ਬਾਬੇ ਜਿਸ ਤਰ੍ਹਾਂ ਦਾ ਐਸ਼ੋ-ਆਰਾਮ ਵਾਲਾ ਜੀਵਨ ਜੀਅ ਰਹੇ ਹਨ, ਉਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਸਾਧੂਆਂ-ਸੰਤਾਂ ਦੇ ਆਸ਼ਰਮਾਂ ਨੂੰ ਜੇ ਮਹੱਲ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਅੱਜ ਸਾਧੂਆਂ-ਸੰਤਾਂ ਦੇ ਵੱਖ-ਵੱਖ ਆਸ਼ਰਮ, ਅਖਾੜੇ ਅਤੇ ਮੱਠ ਜਿਸ ਤਰ੍ਹਾਂ ਗੰਦੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਨ, ਉਹ ਵੀ ਮੰਦਭਾਗਾ ਹੀ ਹੈ। ਮੱਠਾਂ ਦੇ ਮੁਖੀ ਬਣਨ ਲਈ ਸਾਧੂਆਂ-ਸੰਤਾਂ ਵਿਚਾਲੇ ਜਿਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਹੁੰਦਾ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ‘ਸਹੀ ਰਸਤਾ’ ਦਿਖਾਉਣ ਵਾਲਾ ਇਹ ਭਾਈਚਾਰਾ ਜਾਂ ਸੰਤ ਸਮਾਜ ਕਿਸ ਤਰ੍ਹਾਂ ਖ਼ੁਦ ਹੀ ਆਪਣੇ ਰਾਹ ਤੋਂ ਭਟਕ ਚੁੱਕਾ ਹੈ।

ਅੱਜ ਸਾਧੂ-ਸੰਤ ਜਿਸ ਰਫਤਾਰ ਨਾਲ ਸਿਆਸਤ ਵਿਚ ਆ ਰਹੇ ਹਨ, ਉਹ ਵੀ ਇਸ ਸਮਾਜ ਲਈ ਸ਼ੁੱਭ ਸੰਕੇਤ ਨਹੀਂ ਹੈ। ਜਦੋਂ ਸਾਧੂ-ਸੰਤ ਸਿਆਸਤ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਧਰਮ ਦੀ ਘਾਟ ਕਾਰਨ ਸਿਆਸਤ ਅੱਜ ਗਲਤ ਰਾਹ ‘ਤੇ ਜਾ ਰਹੀ ਹੈ ਅਤੇ ਧਰਮ ਦੇ ਜ਼ਰੀਏ ਸਿਆਸਤ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਹੀ ਉਹ ਸਿਆਸਤ ਵਿਚ ਆਏ ਹਨ।

ਜਦੋਂ ਧਰਮ ਦੇ ਰਖਵਾਲੇ ਸਿਆਸਤ ਵਿਚ ਆਉਂਦੇ ਹਨ ਤਾਂ ਉਹ ਸਿਆਸਤ ਨੂੰ ਸਹੀ ਦਿਸ਼ਾ ਦਿਖਾਉਣ ਦੀ ਬਜਾਏ ਖ਼ੁਦ ਹੀ ਇਸ ਦੇ ਜ਼ਰੀਏ ਭੌਤਿਕ ਸੰਤੁਸ਼ਟੀ ਦਾ ਰਾਹ ਲੱਭ ਲੈਂਦੇ ਹਨ। ਇਸ ਸਮੁੱਚੀ ਪ੍ਰਕਿਰਿਆ ਵਿਚ ਧਰਮ ਨਾਅਰਿਆਂ ਅਤੇ ਅਖੌਤੀ ਉਪਦੇਸ਼ਾਂ ਤਕ ਹੀ ਸੀਮਤ ਰਹਿੰਦਾ ਹੈ। ਭਾਰਤ ਦੀ ਸਿਆਸਤ ਦੀ ਸਭ ਤੋਂ ਵੱਡੀ ਬਦਕਿਸਮਤੀ ਇਹੋ ਹੈ ਕਿ ਇਹ ਖੋਖਲੇ ਆਦਰਸ਼ਵਾਦ ਦੀ ਸਥਿਤੀ ‘ਚੋਂ ਬਾਹਰ ਨਹੀਂ ਨਿਕਲ ਰਹੀ।

ਅੱਜ ਸਾਧੂਆਂ-ਸੰਤਾਂ ਅਤੇ ਉਨ੍ਹਾਂ ਦੇ ਪਿਛਲੱਗੂ ਧਰਮ ਦੇ ਕੁਝ ਠੇਕੇਦਾਰਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਭਾਰਤ ਦੇ ਲੋਕ ਧਰਮ ਦੇ ਨਾਂ ‘ਤੇ ਅੱਖਾਂ ਮੀਚ ਕੇ ਬਿਨਾਂ ਕੁਝ ਸੋਚੇ-ਸਮਝੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਸਕਦੇ ਹਨ। ਵਪਾਰੀਕਰਨ ਅਤੇ ਮੁਸ਼ਕਿਲ ਮੁਕਾਬਲੇਬਾਜ਼ੀ ਦੇ ਇਸ ਦੌਰ ਵਿਚ ਅੱਜ ਹਰੇਕ ਆਦਮੀ ਕਿਸੇ ਨਾ ਕਿਸੇ ਰੂਪ ਵਿਚ ਮਾਨਸਿਕ ਤਣਾਅ ਝੱਲ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦਾ ਇਕ ਵੱਡਾ ਵਰਗ ਧਰਮ ਅਤੇ ਅਧਿਆਤਮ ਦੇ ਸਹਾਰੇ ਇਸ ਮਾਨਸਿਕ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਧਰਮ ਦੇ ਠੇਕੇਦਾਰਾਂ ਨੇ ਸੰਘਰਸ਼ ਨਾਲ ਜੂਝਦੇ ਆਮ ਆਦਮੀ ਦੀ ਪ੍ਰੇਸ਼ਾਨੀ ਨੂੰ ਬਾਖੂਬੀ ਸਮਝ ਲਿਆ ਹੈ ਤੇ ਉਹ ਇਸੇ ਦੇ ਸਹਾਰੇ ਆਪਣਾ ਧੰਦਾ ਚਲਾ ਰਿਹਾ ਹੈ। ਪ੍ਰਸਿੱਧ ਸੰਤਾਂ ਦੇ ਜ਼ਰੀਏ ਵੱਡੇ-ਵੱਡੇ ਬਜਟ ਵਾਲੀਆਂ ਕਥਾਵਾਂ ਆਯੋਜਿਤ ਕਰਵਾਉਣਾ ਵੀ ਇਸੇ ਤਰ੍ਹਾਂ ਦਾ ਇਕ ਧੰਦਾ ਹੈ। ਇਨ੍ਹਾਂ ਕਥਾਵਾਂ ਦਾ ਪ੍ਰਵਚਨ ਕਰਨ ਵਾਲੇ ਸੰਤ ਅਤੇ ਆਯੋਜਕ ਖ਼ੁਦ ਹੀ ਕਥਾਵਾਂ ਵਿਚ ਕਹੀਆਂ ਗੱਲਾਂ ‘ਤੇ ਅਮਲ ਨਹੀਂ ਕਰਦੇ, ਫਿਰ ਕਥਾਵਾਂ ਸੁਣਨ ਵਾਲਿਆਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ‘ਤੇ ਕਥਾਵਾਂ ਦੇ ਪ੍ਰਵਚਨਾਂ ਦਾ ਕੋਈ ਚੰਗਾ ਅਸਰ ਪਵੇਗਾ? ਇਸੇ ਕਾਰਨ ਇਨ੍ਹਾਂ ਕਥਾਵਾਂ ਦਾ ਆਯੋਜਨ ਸਮਾਜ ਨੂੰ ਅੱਜ ਕੋਈ ਨਵੀਂ ਦਿਸ਼ਾ ਨਹੀਂ ਦੇ ਰਿਹਾ। ਪੰਡਾਲ ਵਿਚ ਬੈਠ ਕੇ ਪ੍ਰਵਚਨ ਸੁਣਦੇ ਸਮੇਂ ਸਾਨੂੰ ਸਭ ਕੁਝ ਸਹੀ ਲੱਗਦਾ ਹੈ ਪਰ ਉਥੋਂ ਬਾਹਰ ਆਉਂਦਿਆਂ ਹੀ ਅਸੀਂ ਫਿਰ ਪੁਰਾਣੇ ਆਚਰਣ ‘ਤੇ ਆ ਜਾਂਦੇ ਹਾਂ।

ਅਸਲ ਵਿਚ ਅੱਜ ਬਾਬਿਆਂ ਤੇ ਧਰਮ ਆਚਾਰੀਆਂ ਵਲੋਂ ਜਿਸ ਤਰ੍ਹਾਂ ਦਾ ਖੋਖਲਾ ਆਦਰਸ਼ਵਾਦ ਪੇਸ਼ ਕੀਤਾ ਜਾ ਰਿਹਾ ਹੈ, ਉਸ ਦਾ ਸਿੱਧਾ ਅਸਰ ਸਾਡੇ ਸਮਾਜ ‘ਤੇ ਪੈ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਧਰਮ ਦੇ ਨਾਂ ‘ਤੇ ਕਿਸੇ ਵੀ ਸਾਧੂ-ਸੰਤ ਜਾਂ ਬਾਬੇ ਦੀਆਂ ਗੱਲਾਂ ‘ਤੇ ਅੱਖਾਂ ਮੀਚ ਕੇ ਭਰੋਸਾ ਕਰਨ ਤੋਂ ਪਹਿਲਾਂ ਆਪਣੇ ਦਿਮਾਗ ਦੀਆਂ ਖਿੜਕੀਆਂ ਖੋਲ੍ਹੀਏ।

ਆਪਣੇ ਤੇ ਸਮਾਜ ਦੇ ਭਲੇ ਲਈ ਸਾਨੂੰ ਆਪਣੇ ਅੰਦਰ ਵਿਗਿਆਨਿਕ ਚੇਤਨਾ ਦਾ ਵਿਕਾਸ ਕਰਨਾ ਹੀ ਪਵੇਗਾ, ਨਹੀਂ ਤਾਂ ਵਿਗਿਆਨਿਕ ਨਜ਼ਰੀਏ ਦੀ ਘਾਟ ਕਾਰਨ ਭਵਿੱਖ ਵਿਚ ਵੀ ਅਖੌਤੀ, ਢੌਂਗੀ ਬਾਬੇ, ਸਾਧੂ-ਸੰਤ ਲੋਕਾਂ ਨੂੰ ਮੂਰਖ ਬਣਾਉਂਦੇ ਰਹਿਣਗੇ। ੲ

Comments

comments

Share This Post

RedditYahooBloggerMyspace