ਭਾਰਤ ਦੀ ਟੂਰਨਾਮੈਂਟ ਵਿੱਚ ਹਾਰ

ਭਾਰਤ ਦਾ ਮਨਪ੍ਰੀਤ ਸਿੰਘ ਆਸਟਰੇਲੀਆ ਦੇ ਹਾਕੀ ਖਿਡਾਰੀਆਂ ਨਾਲ ਭਿੜਦਾ ਹੋਇਆ।

ਬਰੇਡਾ : ਭਾਰਤ ਨੂੰ ਐਫਆਈਐਚ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਮੁਸ਼ਕਲ ਮੁਕਾਬਲੇ ਵਿੱਚ ਅੱਜ ਇੱਥੇ ਵਿਸ਼ਵ ਚੈਂਪੀਅਨ ਆਸਟਰੇਲੀਆ ਖ਼ਿਲਾਫ਼ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਟੂਰਨਾਮੈਂਟ ਵਿੱਚ ਉਸ ਦੀ ਪਹਿਲੀ ਹਾਰ ਹੈ। ਆਸਟਰੇਲੀਆ ਨੇ ਟੂਰਨਾਮੈਂਟ ਦਾ ਆਪਣਾ ਹੁਣ ਤੱਕ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਉਸ ਨੇ ਲੈਸ਼ਲਨ ਸ਼ਾਰਪ (ਛੇਵੇਂ ਮਿੰਟ), ਟਾਮ ਕ੍ਰੈਗ (15ਵੇਂ ਮਿੰਟ) ਅਤੇ ਟ੍ਰੈਂਟ ਮਿਟੋਨ (33ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਹਾਲਾਂਕਿ ਸਖ਼ਤ ਚੁਣੌਤੀ ਪੇਸ਼ ਕੀਤੀ। ਉਸ ਵੱਲੋਂ ਵਰੁਣ ਕੁਮਾਰ (ਦਸਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (58ਵੇਂ ਮਿੰਟ) ਨੇ ਗੋਲ ਦਾਗ਼ੇ। ਇਸ ਹਾਰ ਨਾਲ ਭਾਰਤ ਤਿੰਨ ਮੈਚਾਂ ਵਿੱਚ ਦੋ ਜਿੱਤਾਂ ਅਤੇ ਇੱਕ ਹਾਰ ਨਾਲ ਛੇ ਅੰਕ ਲੈ ਕੇ ਤੀਜੇ ਸਥਾਨ ’ਤੇ ਖਿਸਕ ਗਿਆ। ਆਸਟਰੇਲੀਆ ਤਿੰਨ ਮੈਚਾਂ ਵਿੱਚ ਸੱਤ ਅੰਕ ਨਾਲ ਚੋਟੀ ’ਤੇ ਹੈ। ਮੇਜ਼ਬਾਨ ਨੈਦਰਲੈਂਡ ਦੀ ਟੀਮ ਛੇ ਅੰਕ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਆਪਣੇ ਅਗਲੇ ਮੈਚ ਵਿੱਚ ਵੀਰਵਾਰ ਨੂੰ ਬੈਲਜੀਅਮ ਨਾਲ ਭਿੜਨਾ ਹੈ।

ਮੈਚ ਵਿੱਚ ਦੋਵਾਂ ਹੀ ਟੀਮਾਂ ਨੂੰ ਪੈਨਲਟੀ ਕਾਰਨਰ ਵਜੋਂ ਗੋਲ ਦੇ ਕਈ ਮੌਕੇ ਮਿਲੇ। ਜਿੱਥੇ ਆਸਟਰੇਲੀਆ ਨੂੰ ਸੱਤ ਪੈਨਲਟੀ ਕਾਰਨਰ ਮਿਲੇ, ਉਥੇ ਭਾਰਤ ਆਪਣੇ ਨੌਂ ਪੈਨਲਟੀ ਕਾਰਨਰ ਵਿੱਚੋਂ ਸਿਰਫ਼ ਇੱਕ ਦਾ ਹੀ ਫ਼ਾਇਦਾ ਉਠਾ ਸਕਿਆ। ਇਸ ਤੋਂ ਪਹਿਲਾਂ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੇ ਸ਼ੁਰੂਆਤੀ ਦੋ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ ਸੀ।

Comments

comments

Share This Post

RedditYahooBloggerMyspace