ਅਰਜਨਟੀਨਾ ਦਾ ਪੂਰਾ ਦਾਰੋਮਦਾਰ ਮੈਸੀ ’ਤੇ

ਕਜ਼ਾਨ : ਅਰਜਨਟੀਨਾ ਅਤੇ ਲਾਇਨਲ ਮੈਸੀ ਨੂੰ ਵਿਸ਼ਵ ਕੱਪ ਵਿੱਚ ਅੱਗੇ ਵਧਣ ਲਈ ਕੱਲ੍ਹ ਫਰਾਂਸ ਖ਼ਿਲਾਫ਼ ਮੈਚ ਵਿੱਚ ਆਪਣੀ ਫਾਰਮ ਹਾਸਲ ਕਰਨੀ ਹੋਵੇਗੀ। ਫਰਾਂਸ ਟੀਮ ਵੀ ਵਿਸ਼ਵ ਕੱਪ ਵਿੱਚ ਹੁਣ ਤੱਕ ਪੂਰੀ ਲੈਅ ਵਿੱਚ ਨਹੀਂ ਦਿਖੀ। ਵਿਸ਼ਵ ਕੱਪ ਦਾ ਪਹਿਲਾ ਪ੍ਰੀ ਕੁਆਰਟਰ ਫਾਈਨਲ ਮੈਚ ਦਿਲਚਸਪ ਹੋਣ ਦੀ ਉਮੀਦ ਹੈ। ਦੋਵਾਂ ਹੀ ਟੀਮਾਂ ਨੇ ਹੁਣ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਨ੍ਹਾਂ ਦਾ ਵਿਸ਼ਵ ਕੱਪ ਵਿੱਚ ਹੁਣ ਤੱਕ ਦਾ ਸਫ਼ਰ ਇੱਕ-ਦੂਜੇ ਤੋਂ ਵੱਖਰਾ ਰਿਹਾ ਹੈ। ਜਿੱਥੇ ਫਰਾਂਸ ਦੀ ਟੀਮ ਨੇ ਆਪਣੇ ਤਿੰਨ ਲੀਗ ਮੈਚਾਂ ਵਿੱਚ ਦੋ ਵਿੱਚ ਜਿੱਤ ਹਾਸਲ ਕੀਤੀ ਅਤੇ ਇੱਕ ਮੁਕਾਬਲਾ ਡਰਾਅ ਕੀਤਾ, ਉਥੇ ਅਰਜਨਟੀਨਾ ਨੇ ਸਿਰਫ਼ ਇੱਕ ਮੈਚ ਜਿੱਤਿਆ, ਇੱਕ ਵਿੱਚ ਬੁਰੀ ਤਰ੍ਹਾਂ ਹਾਰੀ ਅਤੇ ਇੱਕ ਡਰਾਅ ਖੇਡਿਆ ਹੈ। ਵਡੇਰੀ ਉਮਰ ਦੇ ਖਿਡਾਰੀਆਂ ਅਤੇ ਟੀਮ ਵਿੱਚ ਅਸੰਤੁਲਨ ਅਰਜਨਟੀਨਾ ਲਈ ਸਮੱਸਿਆਵਾਂ ਹਨ। ਇਹ ਸਭ ਗਰੁਪ ਗੇੜ ਵਿੱਚ ਕ੍ਰੋਏਸ਼ੀਆ ਖ਼ਿਲਾਫ਼ ਮੁਕਾਬਲੇ ਵਿੱਚ ਸਾਫ਼-ਸਾਫ਼ ਵਿਖਾਈ ਦਿੱਤਾ, ਜਦੋਂ ਅਰਜਨਟੀਨਾ ਨੂੰ 0-3 ਗੋਲਾਂ ਦੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਮੈਸੀ ਨੇ ਪਿਛਲੇ ਮੁਕਾਬਲੇ ਵਿੱਚ ਨਾਇਜੀਰੀਆ ਖ਼ਿਲਾਫ਼ ਆਪਣਾ ਖ਼ਾਤਾ ਖੋਲ੍ਹ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਅਰਜਨਟੀਨਾ ਲਈ ਇੱਕ ਸ਼ੁੱਭ ਸੰਕੇਤ ਹੈ।
ਦੂਜੇ ਪਾਸੇ, ਫਰਾਂਸ ਦੀ ਟੀਮ ਹੁਣ ਤੱਕ ਕੋਈ ਮੈਚ ਨਾ ਹਾਰਨ ਦੇ ਬਾਵਜੂਦ ਸੁਸਤ ਵਿਖਾਈ ਦਿੱਤੀ ਹੈ। ਸਟਰਾਈਕਰ ਐਂਟੋਨੀ ਗਰੀਜ਼ਮੈਨ ਹੁਣ ਤੱਕ ਆਪਣੀ ਸਰਵੋਤਮ ਫਾਰਮ ਹਾਸਲ ਕਰਨ ਵਿੱਚ ਸਫਲ ਨਹੀਂ ਹੋ ਰਿਹਾ ਅਤੇ ਮਿਡਫੀਲਡ ਵਿੱਚ ਟੀਮ ਦੀ ਸਿਰਜਣਸ਼ੀਲਤਾ ਹੁਣ ਤੱਕ ਨਜ਼ਰ ਨਹੀਂ ਆਈ। ਟੀਮ ਦੇ ਕੋਚ ਡਿਡਿਅਰ ਡਿਸ਼ਾਂ ਇਸ ਗੱਲ ’ਤੇ ਕਾਇਮ ਹੈ ਕਿ ਕੱਲ੍ਹ ਨੂੰ ਵਿਸ਼ਵ ਕੱਪ ਦਾ ਨਾਕਆਊਟ ਗੇੜ ਸ਼ੁਰੂ ਹੋਣ ਨਾਲ ਫਰਾਂਸ ਆਪਣੀ ਪੂਰੀ ਲੈਅ ਵਿੱਚ ਆ ਜਾਵੇਗਾ।     -ਏਐਫਪੀ

ਰੋਨਾਲਡੋ ਨੂੰ ਰੋਕਣ ’ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ
ਸੋਚੀ: ਯੁਰੂਗੁਏ ਅਤੇ ਉਸ ਦੇ ਕਪਤਾਨ ਡੀਐਗੋ ਗੋਡਿਨ ਸ਼ਨਿੱਚਰਵਾਰ ਨੂੰ ਇੱਥੇ ਪੁਰਤਗਾਲ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਦੇ ਆਖ਼ਰੀ 16 ਦੇ ਮੁਕਾਬਲੇ ਵਿੱਚ ਉਸ ਦੇ ਸਟਾਰ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੂੰ ਰੋਕਣ ਦਾ ਯਤਨ ਕਰਨਗੇ। ਗੋਡਿਨ ਅਤੇ ਉਸ ਦੀ ਟੀਮ ਨਾਲ ਖਿਡਾਰੀ ਰਿਆਲ ਮਡਰਿਡ ਅਤੇ ਪੁਰਤਗਾਲ ਦੇ ਪੰਜ ਵਾਰ ਦੇ ਬੈਲੇਨ ਡਿਓਰ ਜੇਤੂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕਰਨਗੇ, ਜਿਸ ਕਾਰਨ ਇਹ ਮੁਕਾਬਲਾ ਕਾਫ਼ੀ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਯੁਰੂਗੁਏ ਇੱਕੋ-ਇੱਕ ਅਜਿਹੀ ਟੀਮ ਹੈ, ਜੋ ਗਰੁੱਪ ਗੇੜ ਵਿੱਚ ਇੱਕ ਵੀ ਗੋਲ ਗੁਆਏ ਬਿਨਾ ਨਾਕਆਊਟ ਗੇੜ ਵਿੱਚ ਪਹੁੰਚੀ ਹੈ। ਗੋਡਿਨ ਐਟਲੈਟਿਕੋ ਕਲੱਬ ਤੋਂ ਖੇਡਦਾ ਹੈ, ਜਿਸ ਦਾ ਡਿਫੈਂਸ ਯੂਰੋਪੀ ਕਲੱਬ ਵਿੱਚ ਸਭ ਤੋਂ ਮਜ਼ਬੂਤ ਹੈ। ਦਿਲਚਸਪ ਗੱਲ ਹੈ ਇਹ ਹੈ ਕਿ ਯੁਰੂਗੁਏ ਦੀ ਟੀਮ ਨੇ 2018 ਵਿੱਚ ਛੇ ਮੈਚਾਂ ਵਿੱਚ ਇੱਕ ਵੀ ਗੋਲ ਨਹੀਂ ਗੁਆਇਆ। ਰੋਨਾਲਡੋ ਇਸ ਵਿਸ਼ਵ ਕੱਪ ਵਿੱਚ ਚਾਰ ਗੋਲ ਕਰ ਚੁੱਕਿਆ ਹੈ, ਜਿਸ ਵਿੱਚ ਸਪੇਨ ਖ਼ਿਲਾਫ਼ 3-3 ਦੇ ਡਰਾਅ ਮੁਕਾਬਲੇ ਵਿੱਚ ਹੈਟ੍ਰਿਕ ਵੀ ਸ਼ਾਮਲ ਹੈ। ਉਸ ਦੇ ਨਾਮ 85 ਕੌਮਾਂਤਰੀ ਗੋਲ ਹਨ, ਜੋ ਇਤਿਹਾਸ ਵਿੱਚ ਕਿਸੇ ਯੂਰੋਪੀ ਖਿਡਾਰੀ ਦੇ ਮੁਕਾਬਲੇ ਸਭ ਤੋਂ ਵੱਧ ਹਨ। ਪਿਛਲੇ ਦੋ ਸਾਲਾਂ ਵਿੱਚ ਉਸ ਨੇ ਰਿਆਲ ਮਡਰਿਡ ਲਈ ਗੋਡਿਨ ਦੇ ਐਟਲੈਟਿਕੋ ਖ਼ਿਲਾਫ਼ ਦੋ ਹੈਟ੍ਰਿਕ ਲਾਈਆਂ ਹਨ ਅਤੇ ਚੈਂਪੀਅਨਜ਼ ਲੀਗ ਫਾਈਨਲਜ਼ ਵਿੱਚ ਕਲੱਬ ਨੂੰ ਦੋ ਵਾਰ ਖ਼ਿਤਾਬ ਦਿਵਾ ਚੁੱਕਿਆ ਹੈ। ਮਹਾਨ ਫੁਟਬਾਲਰ ਡੀਏਗੋ ਮੈਰਾਡੋਨਾ ਨੇ ਹਾਲ ਵਿੱਚ ਦੋਵਾਂ ਦਾ ਮੁਕਾਬਲਾ ਕਰਦਿਆਂ ਕਿਹਾ ਸੀ, ‘‘ਗੋਡਿਨ ਇੱਕ ਸਟਾਰ ਹੈ। ਉਹ ਡਿਫੈਂਡਰ ਹੈ, ਮਜ਼ਬੂਤ ਹੈ, ਗੋਲ ਕਰਦਾ ਹੈ, ਖ਼ਿਤਾਬ ਜਿੱਤਦਾ ਹੈ ਅਤੇ ਇੱਕ ਵੀ ਮੈਚ ਨਹੀਂ ਛੱਡਦਾ।’’

Comments

comments

Share This Post

RedditYahooBloggerMyspace