ਹਾਲੈਂਡ ਨਾਲ ਡਰਾਅ ਰਾਹੀਂ ਭਾਰਤ ਫਾਈਨਲ ’ਚ

ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਆਪਣੇ ਸਾਥੀ ਿਖਡਾਰੀ ਨਾਲ ਜਿੱਤ ਦੀ ਖ਼ੁਸ਼ੀ ਸਾਂਝੀ ਕਰਦਾ ਹੋਇਆ।

ਬਰੈਡਾ : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਚੈਂਪੀਅਨਜ਼ ਟਰਾਫੀ ਦੇ ਆਖ਼ਰੀ ਲੀਗ ਮੈਚ ਵਿੱਚ ਮੇਜ਼ਬਾਨ ਨੀਦਰਲੈਂਡ ਨਾਲ 1-1 ਨਾਲ ਡਰਾਅ ਖੇਡਣ ਦੇ ਬਾਵਜੂਦ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇੱਥੇ ਹੁਣ ਉਸ ਦਾ ਸਾਹਮਣਾ ਦੁਨੀਆ ਦੀ ਨੰਬਰ ਇੱਕ ਟੀਮ ਆਸਟਰੇਲੀਆ ਨਾਲ ਹੋਵੇਗਾ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹੇ। ਫਾਰਵਰਡ ਮਨਦੀਪ ਸਿੰਘ ਨੇ ਹਰਮਨਪ੍ਰੀਤ ਦੀ ਡਰੈਗ ਫਲਿੱਕ ’ਤੇ ਰਿਬਾਉਂਡ ਤੋਂ 47ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ 1-0 ਗੋਲ ਨਾਲ ਅੱਗੇ ਕਰ ਦਿੱਤਾ, ਪਰ ਅੱਠ ਮਿੰਟ ਮਗਰੋਂ ਮੇਜ਼ਬਾਨਾਂ ਨੇ ਥੀਐਰੀ ਬ੍ਰਿੰਕਮਨ ਦੀ ਬਦੌਲਤ ਬਰਾਬਰੀ ਹਾਸਲ ਕਰ ਲਈ। ਭਾਰਤ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਪਹੁੰਚਣ ਲਈ ਸਿਰਫ਼ ਇੱਕ ਡਰਾਅ ਦੀ ਲੋੜ ਸੀ। ਭਾਰਤ ਨੇ ਪਹਿਲਾਂ ਲੀਡ ਬਣਾਈ ਅਤੇ ਹਾਲੈਂਡ ਦੀ ਟੀਮ ਨੇ ਬਰਾਬਰੀ ਹਾਸਲ ਕਰ ਲਈ, ਪਰ ਮੇਜ਼ਬਾਨ ਟੀਮ ਮੁੜ ਜੇਤੂ ਗੋਲ ਨਹੀਂ ਕਰ ਸਕੀ ਅਤੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।

ਇਸ ਡਰਾਅ ਮਗਰੋਂ ਭਾਰਤ ਦੇ ਅੱਠ ਅੰਕ ਹੋ ਗਏ ਹਨ ਅਤੇ ਉਹ ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਦੂਜੇ ਸਥਾਨ ’ਤੇ ਹੈ। ਹਾਲੈਂਡ ਸੱਤ ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਆਸਟਰੇਲੀਆ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਸੀ। ਹਾਲਾਂਕਿ ਆਸਟਰੇਲੀਆ ਨੂੰ ਆਪਣੇ ਆਖ਼ਰੀ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ 2-3 ਗੋਲਾਂ ਨਾਲ ਹਾਰ ਝੱਲਣੀ ਪਈ। ਆਸਟਰੇਲੀਆ ਦੇ ਦਸ ਅੰਕ ਹਨ।

ਰੁਪਿੰਦਰ ਦੀ ਹੈਟ੍ਰਿਕ; ਭਾਰਤ ‘ਏ’ ਨੇ ਬੰਗਲਾਦੇਸ਼ ਨੂੰ 6-0 ਗੋਲਾਂ ਨਾਲ ਹਰਾਇਆ
ਬੰਗਲੌਰ: ਰੁਪਿੰਦਰਪਾਲ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ‘ਏ’ ਹਾਕੀ ਟੀਮ ਨੇ ਅੱਜ ਇੱਥੇ ਦੂਜੇ ਅਭਿਆਸ ਮੈਚ ਵਿੱਚ ਬੰਗਲਾਦੇਸ਼ ਨੂੰ 6-0 ਗੋਲਾਂ ਨਾਲ ਤਕੜੀ ਹਾਰ ਦਿੱਤੀ। ਰੁਪਿੰਦਰ ਨੂੰ ਚੈਂਪੀਅਨਜ਼ ਟਰਾਫ਼ੀ ਤੋਂ ਆਰਾਮ ਦਿੱਤਾ ਗਿਆ ਹੈ। ਉਸ ਨੇ ਮੈਚ ਦੇ 33ਵੇਂ, 35ਵੇਂ ਅਤੇ 55ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਦੀ ਸ਼ਾਨਦਾਰ ਜਿੱਤ ਪੱਕੀ ਕੀਤੀ। ਭਾਰਤੀ ‘ਏ’ ਟੀਮ ਲਈ ਆਕਾਸ਼ਦੀਪ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਖਾਤਾ ਖੋਲ੍ਹਿਆ। ਮਿਡਫੀਲਡਰ ਕੋਥਾਜੀਤ ਸਿੰਘ ਦੇ 23ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਟੀਮ ਦੀ ਲੀਡ ਨੂੰ 2-0 ਹੋ ਗਈ। ਨੀਲਕਾਂਤ ਸ਼ਰਮਾ (51ਵੇਂ ਮਿੰਟ) ਮੈਚ ਵਿੱਚ ਭਾਰਤ ‘ਏ’ ਲਈ ਗੋਲ ਕਰਨ ਵਾਲਾ ਚੌਥਾ ਖਿਡਾਰੀ ਰਿਹਾ। ਭਾਰਤ ਨੇ ਪਹਿਲੇ ਮੈਚ ਵਿੱਚ ਵੀ ਬੰਗਲਾਦੇਸ਼ ਦੀ ਸੀਨੀਅਰ ਟੀਮ ਨੂੰ 4-0 ਗੋਲਾਂ ਨਾਲ ਹਰਾਇਆ ਸੀ।

Comments

comments

Share This Post

RedditYahooBloggerMyspace