ਮੋਦੀ ਨੇ ਜੀਐਸਟੀ ਤਹਿਤ ਇਕੋ ਟੈਕਸ ਦਰ ਤੋਂ ਕੀਤਾ ਇਨਕਾਰ

ਮਰਸਿਡੀਜ਼ ਅਤੇ ਦੁੱਧ ਦਾ ਇਕੋ ਟੈਕਸ ਨਹੀਂ ਹੋ ਸਕਦਾ: ਪ੍ਰਧਾਨ ਮੰਤਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਤਹਿਤ ਇਕਸਾਰ ਟੈਕਸ ਦਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮਰਸਿਡੀਜ਼ ਕਾਰ ਅਤੇ ਦੁੱਧ ’ਤੇ ਇਕੋ ਜਿਹਾ ਟੈਕਸ ਨਹੀਂ ਲੱਗ ਸਕਦਾ ਹੈ। ਉਨ੍ਹ਼ਾਂ ਕਿਹਾ ਕਿ ਇਕਸਾਰ 18 ਫ਼ੀਸਦੀ ਟੈਕਸ ਕਰਨ ਦੀ ਕਾਂਗਰਸ ਪਾਰਟੀ ਦੀ ਮੰਗ ਮੰਨਣ ਨਾਲ ਖੁਰਾਕੀ ਅਤੇ ਲੋੜੀਂਦੀਆਂ ਵਸਤਾਂ ਦੇ ਭਾਅ ਅਸਮਾਨੀਂ ਚੜ੍ਹ ਜਾਣਗੇ।

ਉਧਰ ਜੀਐਸਟੀ ਦਿਵਸ ਸਮਾਗਮ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਭਰੋਸਾ ਜਤਾਇਆ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਜੀਐਸਟੀ ਦੀ ਵਸੂਲੀ 13 ਲੱਖ ਕਰੋੜ ਰੁਪਏ ਤਕ ਪਹੁੰਚ ਜਾਏਗੀ। ਉਨ੍ਹਾਂ ਕਿਹਾ ਕਿ ਮਾਲੀਆ ਵਧਣ ਨਾਲ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਗੁੰਜਾਇਸ਼ ਵਧੇਗੀ।

ਇਸ ਦੌਰਾਨ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜੀਐਸਟੀ ਦਿਵਸ ਜਸਨਾਂ ’ਚ ਸ਼ਾਮਲ ਹੁੰਦਿਆਂ ਕਿਹਾ ਕਿ ਜੀਐਸਟੀ ਬੀਤੇ ਇਕ ਵਰ੍ਹੇ ਦੌਰਾਨ ਤਬਾਹਕੁਨ ਨਹੀਂ ਰਿਹਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਜੀਐਸਟੀ ਦੀ ਇਕ ਦਰ ਲਾਗੂ ਕਰਨ ਦੇ ਵਿਚਾਰ ਨੂੰ ਨਕਾਰਦਿਆਂ ਕਿਹਾ ਕਿ ਇਹ ਪ੍ਰਣਾਲੀ ਉਸ ਮੁਲਕ ’ਚ ਕੰਮ ਕਰ ਸਕਦੀ ਹੈ ਜਿਥੇ ਸਾਰੀ ਅਬਾਦੀ ਕੋਲ ਖ਼ਰਚਣ ਦੀ ਇਕਸਾਰ ਅਤੇ ਉੱਚ ਸਮਰੱਥਾ ਹੈ।  ਸ੍ਰੀ ਮੋਦੀ ਨੇ ਕਿਹਾ, ‘‘ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਲਾਗੂ ਹੋਣ ਦੇ ਇਕ ਸਾਲ ਅੰਦਰ ਹੀ ਅਸਿੱਧੇ ਕਰਦਾਤਾਵਾਂ ਦੇ ਆਧਾਰ ’ਚ 70 ਫ਼ੀਸਦੀ ਦਾ ਉਛਾਲ ਆ ਗਿਆ, ਚੁੰਗੀਆਂ ਖ਼ਤਮ ਹੋ ਗਈਆਂ ਅਤੇ 17 ਟੈਕਸ ਤੇ 23 ਮਹਿਸੂਲ ਇਕੋ ਟੈਕਸ ਦੇ ਘੇਰੇ ’ਚ ਆ ਗਏ।’’ ਉਨ੍ਹਾਂ ਕਿਹਾ ਕਿ ਨਵੀਂ ਟੈਕਸ ਪ੍ਰਣਾਲੀ ਨਾਲ ਅਸਿੱਧੇ ਟੈਕਸਾਂ ਦਾ ਸਰਲੀਕਰਨ ਹੋਇਆ ਅਤੇ ਇੰਸਪੈਕਟਰੀ ਰਾਜ ਦਾ ਖ਼ਾਤਮਾ ਹੋ ਗਿਆ ਹੈ। ‘ਸਵਰਾਜਯ’ ਰਸਾਲੇ ਨੂੰ ਦਿੱਤੇ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਕਿਹਾ,‘‘ਟੈਕਸ ਦੀ ਇਕੋ ਸਲੈਬ ਰੱਖਣਾ ਬਹੁਤ ਆਸਾਨ ਹੋਵੇਗਾ ਪਰ ਇਸ ਦਾ ਇਹ ਮਤਲਬ ਹੋਇਆ ਕਿ ਕੋਈ ਵੀ ਖੁਰਾਕੀ ਵਸਤ ਸਾਨੂੰ ਸਿਫ਼ਰ ਫ਼ੀਸਦੀ ਟੈਕਸ ਦਰ ਦੇ ਘੇਰੇ ’ਚ ਨਹੀਂ ਮਿਲੇਗੀ। ਕੀ ਅਸੀਂ ਦੁੱਧ ਅਤੇ ਮਰਸਿਡੀਜ਼ ਨੂੰ ਇਕੋ ਦਰ ਦੇ ਘੇਰੇ ’ਚ ਲਿਆ ਸਕਦੇ ਹਾਂ? ਇਸ ਲਈ ਜਦੋਂ ਕਾਂਗਰਸ ਦੇ ਸਾਡੇ ਮਿੱਤਰ ਆਖਦੇ ਹਨ ਕਿ ਉਹ ਜੀਐਸਟੀ ਦਰ ਇਕੋ ਰੱਖਣਗੇ ਤਾਂ ਇਸ ਦਾ ਮਤਲਬ ਹੋਇਆ ਕਿ ਉਹ ਖੁਰਾਕੀ ਵਸਤਾਂ ’ਤੇ ਵੀ ਟੈਕਸ ਲਾਉਣਗੇ ਜਿਨ੍ਹ਼ਾਂ ’ਤੇ ਹੁਣ ਸਿਫ਼ਰ ਜਾਂ 5 ਅਤੇ 18 ਫ਼ੀਸਦੀ ਟੈਕਸ ਹੈ।’’ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਹੁਣ ਤਕ 66 ਲੱਖ ਅਸਿੱਧੇ ਕਰਦਾਤਾ ਰਜਿਸਟਰ ਹੋਏ ਹਨ ਜਿਨ੍ਹਾਂ ’ਚੋਂ 48 ਲੱਖ ਨਵੇਂ ਉੱਦਮੀ ਪਹਿਲੀ ਜੁਲਾਈ 2017 ਨੂੰ ਜੀਐਸਟੀ ਲਾਂਚ ਕੀਤੇ ਜਾਣ ’ਤੇ ਰਜਿਸਟਰ ਹੋਏ ਹਨ। ਉਨ੍ਹਾਂ ਕਿਹਾ ਕਿ 350 ਕਰੋੜ ਚਲਾਨ ਭਰੇ ਗਏ ਅਤੇ 11 ਕਰੋੜ ਨੇ ਰਿਟਰਨਾਂ ਫਾਈਲ ਕੀਤੀਆਂ। ‘ਜੇਕਰ ਜੀਐਸਟੀ ਗੁੰਝਲਦਾਰ ਹੁੰਦਾ ਤਾਂ ਇੰਨੀ ਵੱਡੀ ਗਿਣਤੀ ’ਚ ਕਾਰੋਬਾਰੀ ਇਸ ਨਾਲ ਨਹੀਂ ਜੁੜਨੇ ਸਨ।’ ਸਰਕਾਰ ਨੇ ਕਰੀਬ 400 ਵਸਤਾਂ ’ਤੇ ਟੈਕਸ ਘਟਾ ਦਿੱਤਾ ਹੈ ਅਤੇ 150 ਵਸਤਾਂ ’ਤੇ ਸਿਫ਼ਰ ਫ਼ੀਸਦੀ ਟੈਕਸ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਵਸਤਾਂ ਦੇ ਭਾਅ ਹੇਠਾਂ ਆ ਗਏ ਹਨ।
ਇਸ ਦੌਰਾਨ ਜੀਐਸਟੀ ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਟੈਕਸ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਇਸ ਨਾਲ ਵਿਕਾਸ, ਸਰਲੀਕਰਨ ਅਤੇ ਪਾਰਦਰਸ਼ਤਾ ਆਈ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਜੀਐਸਟੀ ਨਾਲ ਉਤਪਾਦਨ ਵਧ ਰਿਹਾ ਹੈ ਜਿਸ ਨਾਲ ਕਾਰੋਬਾਰ ਕਰਨਾ ਸੁਖਾਲਾ ਹੋ ਗਿਆ ਹੈ। ਇਸ ਦਾ ਲਾਭ ਛੋਟੇ ਅਤੇ ਔਸਤ ਦਰਜੇ ਦੇ ਉੱਦਮੀਆਂ ਨੂੰ ਹੋ ਰਿਹਾ ਹੈ। ਪਿਛਲੇ ਹਫ਼ਤੇ ਰੇਡੀਓ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਸ੍ਰੀ ਮੋਦੀ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਨੂੰ ਸਹਿਕਾਰੀ ਸੰਘਵਾਦ ਦੀ ਢੁੱਕਵੀਂ ਮਿਸਾਲ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ‘ਇਮਾਨਦਾਰੀ ਦਾ ਜਸ਼ਨ’ ਹੈ ਜਿਸ ਨਾਲ ਮੁਲਕ ’ਚ ‘ਇੰਸਪੈਕਟਰ ਰਾਜ’ ਦਾ ਖ਼ਾਤਮਾ ਹੋ ਗਿਆ ਹੈ। ਇਸ ਦੌਰਾਨ ਹੋਰ ਟਵੀਟਾਂ ’ਚ ਪ੍ਰਧਾਨ ਮੰਤਰੀ ਨੇ ਡਾਕਟਰ ਅਤੇ ਸੀਏ ਦਿਵਸਾਂ ਮੌਕੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ।

ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਧ ਤੋਂ ਵਧ ਲੋਕ ਟੈਕਸ ਦੇ ਘੇਰੇ ’ਚ ਆ ਰਹੇ ਹਨ ਅਤੇ ਈ-ਵੇਅ ਬਿੱਲ ਪ੍ਰਣਾਲੀ ਸਫ਼ਲਤਾਪੂਰਬਕ ਲਾਗੂ ਹੋ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਔਸਤਨ ਮਾਸਿਕ ਜੀਐਸਟੀ ਵਸੂਲੀ 1.10 ਲੱਖ ਕਰੋੜ ਰੁਪਏ ਤੋਂ ਵਧ ਜਾਵੇਗੀ ਅਤੇ ਜੀਐਸਟੀ ਤੋਂ ਇਕ ਸਾਲ ਅੰਦਰ 13 ਲੱਖ ਕਰੋੜ ਰੁਪਏ ਮਾਲੀਆ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜੀਐਸਟੀ ਦੇ ਪਹਿਲੇ ਵਰ੍ਹੇ 2017-18 ’ਚ ਸਰਕਾਰ ਨੇ ਜੁਲਾਈ ਤੋਂ 7.41 ਲੱਖ ਕਰੋੜ ਰੁਪਏ ਟੈਕਸ ਇਕੱਤਰ ਕੀਤਾ ਸੀ ਅਤੇ ਔਸਤਨ ਮਾਸਿਕ ਵਸੂਲੀ 89,885 ਕਰੋੜ ਰੁਪਏ ਸੀ। ਮੰਤਰੀ ਨੇ ਵਿੱਤ ਸਕੱਤਰ ਹਸਮੁਖ ਅਧੀਆ ਨੂੰ ਕਿਹਾ ਕਿ ਉਹ ਕੰਪੋਜ਼ੀਸ਼ਨ ਯੋਜਨਾ ਡੀਲਰਾਂ ਨੂੰ ਸਾਲ ’ਚ ਇਕ ਵਾਰ ਰਿਟਰਨ ਭਰਨ ਦੀ ਸਹੂਲਤ ਦੇਣ ਬਾਰੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਛੇਤੀ ਹੀ ਢਾਂਚਾ ਤਿਆਰ ਕੀਤਾ ਜਾਵੇਗਾ ਜਿਥੇ ਕਾਰੋਬਾਰੀ ਹਰ ਮਹੀਨੇ ਜੀਐਸਟੀ ਨਾਲ ਸਬੰਧਤ ਆਪਣੀਆਂ ਮੁਸ਼ਕਲਾਂ ਬਾਰੇ ਮਾਲ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਸਕਣਗੇ।

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀਐਸਟੀ ਨਾਲ ਵਿਕਾਸ ਦਰ ’ਚ ਵਾਧਾ, ਕਾਰੋਬਾਰ ਆਸਾਨੀ ਨਾਲ ਕਰਨ, ਮੇਕ ਇਨ ਇੰਡੀਆ ਪਹਿਲ ਅਤੇ ਇਮਾਨਦਾਰ ਕਾਰੋਬਾਰ ਦੇ ਅਮਲ ਨੂੰ ਉਤਸ਼ਾਹਿਤ ਕਰਨ ਦੇ ਨਤੀਜੇ ਅਜੇ ਮਿਲਣੇ ਹਨ। ਸ੍ਰੀ ਜੇਤਲੀ ਨੇ ਕਿਹਾ ਕਿ ਜੀਐਸਟੀ ਲਾਗੂ ਕਰਨ ਵਾਲੇ ਮੁਲਕਾਂ ਦੇ ਤਜਰਬੇ ਨੂੰ ਦੇਖਦਿਆਂ ਉਨ੍ਹਾਂ ਨੂੰ ਵੀ ਮਹਿਸੂਸ ਹੋਇਆ ਸੀ ਕਿ ਇਹ ਭਾਰਤੀ ਅਰਥਚਾਰੇ ਲਈ ਤਬਾਹਕੁਨ ਸਾਬਿਤ ਹੋ ਸਕਦਾ ਹੈ। ‘ਪਰ ਇਕ ਸਾਲ ਦੇ ਤਜਰਬੇ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਦੁਨੀਆ ’ਚ ਕਿਤੇ ਵੀ ਆਸਾਨੀ ਨਾਲ ਇੰਜ ਨਵੀਂ ਟੈਕਸ ਪ੍ਰਣਾਲੀ ਲਾਗੂ ਨਹੀਂ ਹੋਈ ਹੈ।’ ਇਕ ਲੇਖ ’ਚ ਕੇਂਦਰੀ ਮੰਤਰੀ ਨੇ ਕਿਹਾ ਕਿ ਭਵਿੱਖ ’ਚ ਜੀਐਸਟੀ ਦੇ ਸਰਲੀਕਰਨ ਅਤੇ ਉਸ ਦੇ ਘੇਰੇ ’ਚ ਹੋਰ ਵਸਤਾਂ ਲਿਆਉਣ ਜਿਹੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ ਮਾਲੀਆ ਸਥਿਰ ਹੋ ਗਿਆ ਅਤੇ ਜੀਐਸਟੀ ਸੈੱਟ ਹੋ ਗਿਆ ਤਾਂ ਜੀਐਸਟੀ ਪ੍ਰੀਸ਼ਦ ਹੋਰ ਕਦਮਾਂ ਬਾਰੇ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਿੰਗਾਪੁਰ ਦੇ ਟੈਕਸ ਢਾਂਚੇ ਤੋਂ ਪ੍ਰਭਾਵਿਤ ਹਨ ਪਰ ਸਿੰਗਾਪੁਰ ਦੇ ਮਾਡਲ ਨੂੰ ਭਾਰਤ ’ਚ ਲਾਗੂ ਕਰਨਾ ਮੁਸ਼ਕਲ ਹੈ। ਸਿੰਗਾਪੁਰ ਖੁਰਾਕੀ ਅਤੇ ਬੇਸ਼ਕੀਮਤੀ ਵਸਤਾਂ ’ਤੇ 7-7 ਫ਼ੀਸਦੀ ਜੀਐਸਟੀ ਵਸੂਲ ਸਕਦਾ ਹੈ ਪਰ ਭਾਰਤ ਦੀ ਅਬਾਦੀ ਅਤੇ ਖ਼ਰਚਣ ਦੀ ਸਮਰੱਥਾ ਕਰਕੇ ਇਹ ਮਾਡਲ ਇਥੇ ਕੰਮ ਨਹੀਂ ਕਰੇਗਾ।

Comments

comments

Share This Post

RedditYahooBloggerMyspace