ਗੋਲਡਨ ਬੂਟ ਦੀ ਦੌੜ ਵਿੱਚ ਹੈਰੀ ਕੇਨ ਸਭ ਤੋਂ ਅੱਗੇ

ਮਾਸਕੋ : ਇੰਗਲੈਂਡ ਦਾ ਕਪਤਾਨ ਹੈਰੀ ਕੇਨ ਰੂਸ ਵਿੱਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦਾ ਆਖ਼ਰੀ 16 ਮੈਚ ਸਮਾਪਤ ਹੋਣ ਮਗਰੋਂ ਸਭ ਤੋਂ ਵੱਧ ਗੋਲਾਂ ਲਈ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਕੇਨ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਛੇ ਗੋਲ ਦਾਗ਼ੇ ਹਨ। ਇਸ ਵਿੱਚ ਗੋਲਾਂ ਦੀ ਇੱਕ ਹੈਟ੍ਰਿਕ ਵੀ ਸ਼ਾਮਲ ਹੈ। ਕੇਨ ਦੇ ਨੇੜਲੇ ਵਿਰੋਧੀ ਬੈਲਜੀਅਮ ਖਿਡਾਰੀ ਰੋਮੇਲੂ ਲੁਕਾਕੂ ਦੇ ਨਾਮ ਚਾਰ ਗੋਲ ਹਨ। ਕੇਨ ਨੇ ਪਨਾਮਾ ਖ਼ਿਲਾਫ਼ ਹੈਟ੍ਰਿਕ ਮਾਰੀ ਸੀ ਅਤੇ ਟਿਊਨਿਸ਼ੀਆ ਖ਼ਿਲਾਫ ਦੋ ਗੋਲ ਕੀਤੇ। ਉਸ ਦੇ ਤਿੰਨ ਗੋਲ ਪੈਨਲਟੀ ’ਤੇ ਹੋਏ ਹਨ। ਲੁਕਾਕੂ ਨੇ ਟਿਊਨਿਸ਼ੀਆ ਅਤੇ ਪਨਾਮਾ ਖ਼ਿਲਾਫ਼ ਦੋ-ਦੋ ਗੋਲ ਕੀਤੇ। ਇਸ ਦੌੜ ਵਿੱਚ ਫਰਾਂਸ ਦਾ ਨੌਜਵਾਨ ਖਿਡਾਰੀ ਕਿਲੀਅਨ ਮਬਾਪੇ ਵੀ ਸ਼ਾਮਲ ਹੋ ਗਿਆ ਹੈ। 19 ਸਾਲ ਦੀ ਉਮਰ ਵਿੱਚ ਮਬਾਪੇ ਨੇ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਰੋਨਾਲਡੋ ਜਾਂ ਮੈਸੀ ਵਿਸ਼ਵ ਕੱਪ ਵਿੱਚ ਹਾਸਲ ਨਹੀਂ ਕਰ ਸਕੇ। ਮਬਾਪੇ ਨੇ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਗੋਲ ਦਾਗ਼ੇ ਹਨ, ਜਦਕਿ ਰੋਨਾਲਡੋ ਜਾਂ ਮੈਸੀ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਅਜਿਹਾ ਨਹੀਂ ਕਰ ਸਕੇ। ਮਬਾਪੇ 1958 ਵਿੱਚ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਮਗਰੋਂ ਅਜਿਹਾ ਦੂਜਾ ਨੌਜਵਾਨ ਖਿਡਾਰੀ ਬਣ ਗਿਆ ਹੈ, ਜਿਸ ਨੇ ਨਾਕਆਊਟ ਗੇੜ ਵਿੱਚ ਦੋ ਗੋਲ ਦਾਗ਼ੇ ਹਨ। ਪੇਲੇ ਨੇ 1958 ਦੇ ਵਿਸ਼ਵ ਕੱਪ ਵਿੱਚ ਸਵੀਡਨ ਖ਼ਿਲਾਫ਼ ਫਾਈਨਲ ਮੈਚ ਵਿੱਚ ਦੋ ਗੋਲ ਕੀਤੇ ਸਨ। ਫਰਾਂਸ ਦੇ ਇਸ ਨੌਜਵਾਨ ਸਟਰਾਈਕਰ ਦੀ ਤੁਲਨਾ ਹੁਣ ਤੋਂ ਹੀ ਸਾਬਕਾ ਫਾਰਵਰਡ ਰੋਨਾਲਡੋ ਨਾਲ ਕੀਤੀ ਜਾਣ ਲੱਗੀ ਹੈ। ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 146 ਗੋਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬੈਲਜੀਅਮ ਦੀ ਟੀਮ 12 ਗੋਲ ਕਰਕੇ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਗੋਲਾਂ ਕਰਨ ਦੇ ਯਤਨ ਕਰਨ ਵਾਲੇ ਖਿਡਾਰੀਆਂ ਵਿੱਚ ਬ੍ਰਾਜ਼ੀਲ ਦਾ ਸੁਪਰਸਟਾਰ ਨੇਮਾਰ ਮੋਹਰੀ ਹੈ। ਉਸ ਨੇ ਟੂਰਨਾਮੈਂਟ ਵਿੱਚ ਗੋਲ ਕਰਨ ਦੇ 24 ਯਤਨ ਕੀਤੇ ਹਨ। ਆਖ਼ਰੀ 16 ਗੇੜ ਤੱਕ ਟੂਰਨਾਮੈਂਟ ਵਿੱਚ 189 ਯੈਲੋ ਅਤੇ ਚਾਰ ਰੈੱਡ ਕਾਰਡ ਵਿਖਾਏ ਗਏ ਹਨ, ਜਦੋਂਕਿ 43139 ਪਾਸ ਕੀਤੇ ਗਏ ਹਨ। ਡਿਫੈਂਸ ਦੇ ਮਾਮਲੇ ਵਿੱਚ ਮੇਜ਼ਬਾਨ ਰੂਸ ਦਾ ਕੋਈ ਜਵਾਬ ਨਹੀਂ ਹੈ, ਜਿਸ ਨੇ ਹੁਣ ਤੱਕ 196 ਕਲੀਅਰੈਂਸ ਅਤੇ ਬਚਾਅ ਕੀਤੇ ਹਨ।

Comments

comments

Share This Post

RedditYahooBloggerMyspace