ਮ੍ਰਿਤਕਾ ਦਾ ਸਾਮਾਨ ਸ਼ਨਾਖ਼ਤ ਲਈ ਨਾ ਪੁੱਜਣ ਕਾਰਨ ਸਿਰੇ ਨਹੀਂ ਚੜ੍ਹੀ ਗਵਾਹੀ

ਪਠਾਨਕੋਟ : ਕਠੂਆ ਵਿੱਚ ਬੱਚੀ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਕੇਸ ਦੀ ਇੱਥੇ ਜ਼ਿਲ੍ਹਾ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਹੇਠ ਸੁਣਵਾਈ ਅੱਜ ਵੀ ਜਾਰੀ ਰਹੀ। ਕੇਸ ਨਾਲ ਸਬੰਧਤ 7 ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਕਠੂਆ ਜੇਲ੍ਹ ਤੋਂ ਅਦਾਲਤ ਵਿੱਚ ਲਿਆਂਦਾ ਗਿਆ।

ਅੱਜ ਚੌਥੇ ਗਵਾਹ (ਸ਼ਿਕਾਇਤਕਰਤਾ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਉਸ ਦੀ ਗਵਾਹੀ ਮ੍ਰਿਤਕ ਬੱਚੀ ਦੇ ਕੱਪੜਿਆਂ ਤੇ ਹੋਰ ਸਾਮਾਨ ਪੂਰਾ ਨਾ ਪੁੱਜਣ ਕਾਰਨ ਮੁਕੰਮਲ ਨਾ ਹੋ ਸਕੀ। ਭਲਕੇ ਮ੍ਰਿਤਕਾ ਦਾ ਬਾਕੀ ਸਾਮਾਨ ਵੀ ਸ਼ਨਾਖ਼ਤ ਲਈ ਲਿਆਂਦਾ ਜਾਵੇਗਾ ਤੇ ਉਸ ਦੀ ਸ਼ਨਾਖਤ ਸ਼ਿਕਾਇਤਕਰਤਾ ਤੋਂ ਕਰਵਾਈ ਜਾਵੇਗੀ।

ਸਰਕਾਰੀ ਵਕੀਲ ਦੇ ਸਹਾਇਕ ਐਡਵੋਕੇਟ ਕੇ. ਕੇ. ਪੁਰੀ ਨੇ ਦੱਸਿਆ ਕਿ ਅੱਜ ਦੀ ਗਵਾਹੀ ਦੌਰਾਨ ਮ੍ਰਿਤਕਾ ਦੇ ਕੱਪੜੇ ਤੇ ਹੋਰ ਸਾਮਾਨ ਦੇ ਤਿੰਨ ਪੈਕਟ ਅਦਾਲਤ ਵਿੱਚ ਅਪਰਾਧ ਸ਼ਾਖ਼ਾ ਵੱਲੋਂ ਪੇਸ਼ ਕੀਤੇ ਗਏ, ਪਰ ਉਨ੍ਹਾਂ ਵਿੱਚੋਂ ਇੱਕ ਪੈਕਟ ਗ਼ਲਤ ਆ ਗਿਆ, ਜਿਸ ਕਾਰਨ ਗਵਾਹ ਵੱਲੋਂ ਕੀਤੀ ਜਾਣ ਵਾਲੀ ਸ਼ਨਾਖ਼ਤ ਪ੍ਰਕਿਰਿਆ ਪੂਰੀ ਨਾ ਹੋ ਸਕੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ, ਕੀ ਇਹ ਅਪਰਾਧ ਸ਼ਾਖ਼ਾ ਦੀ ਅਣਗਹਿਲੀ ਨਹੀਂ ਤਾਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਮਾਲਖਾਨੇ ਵਿੱਚ ਕਈ ਤਰ੍ਹਾਂ ਦੇ ਪਾਰਸਲ ਪਏ ਹੁੰਦੇ ਹਨ, ਇਸ ਕਾਰਨ ਗ਼ਲਤੀ ਨਾਲ ਕੋਈ ਹੋਰ ਪੈਕੇਟ ਆ ਗਿਆ, ਜਦੋਂਕਿ ਦੂਜੇ ਦੋ ਪੈਕੇਟ ਸੀਲ ਸਨ ਤੇ ਇਹ ਖੁੱਲ੍ਹਾ ਸੀ। ਡਿਫੈਂਸ ਕੌਂਸਲ ਦੇ ਐਡਵੋਕੇਟ ਤੋਂ ਜਦੋਂ ਇਹ ਪੁੱਛਿਆ ਕਿ ਅੱਜ ਚੌਥੇ ਗਵਾਹ ’ਤੇ ਜਿਰ੍ਹਾ ਕਿਉਂ ਨਹੀਂ ਹੋਈ ਤਾਂ ਉਨ੍ਹਾਂ ਕਿਹਾ ਕਿ ਅੱਜ ਅਪਰਾਧ ਸ਼ਾਖ਼ਾ ਨੇ ਪੂਰੀਆਂ ਸ਼ਨਾਖ਼ਤ ਵਸਤਾਂ ਉਪਲੱਬਧ ਹੀ ਨਹੀਂ ਕਰਵਾਈਆਂ। ਸੂਤਰਾਂ ਅਨੁਸਾਰ ਅੱਜ ਸ਼ਿਕਾਇਤਕਰਤਾ ਦੀ ਗਵਾਹੀ ਸ਼ੁਰੂ ਕਰਨ ਤੋਂ ਪਹਿਲਾਂ ਉਸ ਕੋਲੋਂ ਕੁਰਾਨ ’ਤੇ ਹੱਥ ਰੱਖਵਾ ਕੇ ਸਹੁੰ ਚੁਕਵਾਈ ਗਈ।

Comments

comments

Share This Post

RedditYahooBloggerMyspace