ਆਖ਼ਰੀ ਮੁਲਾਕਾਤ : ਰਾਕਟ ਹਮਲੇ ‘ਚ ਘਰ ਦੇ 8 ਜੀਅ ਗੁਆਉਣ ਵਾਲੇ ਅਫ਼ਗਾਨ ਸਿੱਖ ਸ. ਅਵਤਾਰ ਸਿੰਘ ਖ਼ਾਲਸਾ

ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਬੰਬ ਧਮਾਕੇ ਵਿੱਚ 19 ਲੋਕ ਮਾਰੇ ਗਏ ਹਨ। ਆਤਮਘਾਤੀ ਬੰਬ ਧਮਾਕੇ ‘ਚ ਮਰਨ ਵਾਲਿਆਂ ਵਿੱਚ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਸਨ, ਜੋ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦ ਦੀਆਂ ਆਮ ਚੋਣਾਂ ਲੜਨ ਵਾਲੇ ਸਨ।
ਨਾਨਗਰਹਾਰ ਸੂਬੇ ਦੇ ਬੁਲਾਰੇ ਅਤਾਉੱਲਾਹ ਖੋਗਿਆਨੀ ਮੁਤਾਬਕ ਜਲਾਲਾਬਾਦ ਸ਼ਹਿਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਅਵਤਾਰ ਸਿੰਘ ਖ਼ਾਲਸਾ ਦੀ ਇਹ ਇੰਟਰਵਿਊ ਉਨ੍ਹਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਲਈ ਗਈ ਸੀ।
ਇਸ ਗੱਲਬਾਤ ਦੇ ਨਸ਼ਰ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਇਸ ਬੰਬ ਧਮਾਕੇ ਵਿੱਚ ਮੌਤ ਹੋ ਗਈ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼-

ਸੰਗਤ ਦੀ ਸੇਵਾ ਚੋਣ ਸਿਆਸਤ
ਉਨ੍ਹਾਂ ਅਫ਼ਗਾਨ ਸੰਸਦ ਲਈ ਆਪਣੀ ਉਮੀਦਵਾਰੀ ਬਾਰੇ ਆਪਣੇ ਵਿਚਾਰ ਮੀਡੀਏ ਨਾਲ ਸਾਂਝੇ ਕੀਤੇ।

ਉਨ੍ਹਾਂ ਕਿਹਾ, ”ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਮੈਂ ਆਪਣੇ ਅਫ਼ਗ਼ਾਨਿਸਤਾਨ ਦੀਆਂ ਸੰਗਤਾਂ, ਜੋ ਭਾਵੇਂ ਬਾਹਰ ਹਨ ਜਾਂ ਦੇਸ ਵਿੱਚ ਹਨ ਅਤੇ ਸਾਡੇ ਮੁਸਲਮਾਨ ਵੀਰ ਜੋ ਕਿ ਬੜੀ ਪ੍ਰੇਸ਼ਾਨੀ ਵਿੱਚ ਹਨ ਅਤੇ ਸਮੂਹ ਸੰਗਤਾਂ ਦੀ ਸੇਵਾ ਕਰ ਸਕਾਂ।”

”ਸਾਡੇ ਮੁਸਲਮਾਨ ਵੀਰ ਜੋ ਕਾਬਲ ਜਾਂ ਦੇਸ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਹਨ ਉਹ ਪ੍ਰੇਸ਼ਾਨੀ ਵਿੱਚ ਹਨ। ਸਾਡੇ ਮੁਸਲਮਾਨਾਂ ਦੀਆਂ ਔਰਤਾਂ ਅਤੇ ਬੱਚੇ ਭੀਖ਼ ਮੰਗਦੇ ਹਨ। ਕੋਈ ਦਿੰਦਾ ਹੈ ਕੋਈ ਨਹੀਂ ਦਿੰਦਾ। ਉਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਜੋ ਸਾਡੇ ਭਤੀਜੇ ਹਨ ਜਾਂ ਭਾਈ ਹਨ, ਉਨ੍ਹਾਂ ਦੇ ਪੈਰ ਨੰਗੇ ਹਨ। ਇਹ ਸਭ ਦੇਖ ਕੇ ਮੈਨੂੰ ਦਰਦ ਹੁੰਦਾ ਹੈ ਕਿਉਂਕਿ ਅਸੀਂ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ।”

ਅਫ਼ਗਾਨਿਸਤਾਨ ਦਾ ਬੇਟਾ ਹਾਂ
ਅਵਤਾਰ ਸਿੰਘ ਨੇ ਕਿਹਾ, ”ਜੇ ਮੈਂ ਪਾਰਲੀਮੈਂਟ ਵਿੱਚ ਪਹੁੰਚ ਗਿਆ ਤਾਂ ਸਭ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੇ ਗ਼ਰੀਬ-ਗ਼ੁਰਬੇ ਦੀ ਸੇਵਾ ਕਰਾਂਗਾ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਸਿੱਖ ਤੇ ਭਾਵੇਂ ਹਿੰਦੂ ਵੀਰ, ਅਸੀਂ ਸਾਰੇ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਹਾਂ।

ਪਾਰਲੀਮੈਂਟ ਵਿੱਚ ਜਾਣ ਵਾਲਿਆਂ ਲਈ ਇਹ ਫ਼ਰਕ ਨਹੀਂ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ। ਅਫਗਾਨਿਸਤਾਨ ਵਿੱਚ ਜੋ ਵੀ ਰਹਿ ਰਹੇ ਹਨ ਉਹ ਸਭ ਅਫ਼ਗਾਨ ਹਨ।”

”ਮੈਂ ਅਫ਼ਗਾਨ ਹਾਂ, ਅਫ਼ਗ਼ਾਨਿਸਤਾਨ ਦਾ ਪੁੱਤ ਹਾਂ। ਇਹ ਧਰਤੀ, ਜਿੱਥੇ ਮੈਂ ਖੜ੍ਹਾ ਹਾਂ, ਇਹ ਮੇਰੀ ਮਾਤਾ ਹੈ। ਬੱਚੇ ਦਾ ਫ਼ਰਜ਼ ਹੁੰਦਾ ਹੈ ਕਿ ਆਪਣੀ ਮਾਤਾ ਦੀ ਸੇਵਾ ਕਰੇ।

ਮੈਂ ਰੱਬ ਤੇ ਭਰੋਸਾ ਰੱਖ ਕੇ ਇਹ ਕਹਿੰਦਾ ਹਾਂ ਕਿ ਜੇ ਮੈਂ ਕਾਮਯਾਬ ਹੋਇਆ ਅਤੇ ਹੋਵਾਂਗਾ, ਤਾਂ ਮੈਂ ਸਭ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੀ ਜਨਤਾ ਅਤੇ ਮਿੱਟੀ ਵਾਸਤੇ ਕੁਰਬਾਨੀ ਦੇਵਾਂਗਾ।” ਪਹਿਲਾਂ ਵੀ ਹੋਇਆ ਸੀ ਰਾਕਟ ਹਮਲਾ

”ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।”

”ਉਸ ਮਗਰੋਂ ਮੈਂ ਗ਼ਜ਼ਨੀ ਵਿੱਚ ਪੰਜ ਸਾਲ ਬੱਚਿਆਂ ਨੂੰ ਪੜ੍ਹਾਇਆ। ਅਫ਼ਗ਼ਾਨਿਸਤਾਨ ਦੀ ਸੰਗਤ ਨੇ ਮੈਨੂੰ ਗੁਰਦੁਆਰਿਆਂ ਦਾ ਪ੍ਰਧਾਨ ਬਣਾਇਆ ਜੋ ਮੈਂ ਹੁਣ ਤੱਕ ਹਾਂ। ਹੁਣ ਮੈਂ ਸੰਗਤਾਂ ਦੇ ਫ਼ੈਸਲੇ ਮੁਤਾਬਕ ਪਾਰਲੀਮੈਂਟ ਲਈ ਜਾ ਰਿਹਾ ਹਾਂ, ਮੈਂ ਆਪ ਨਹੀਂ ਗਿਆ।”

”ਗੁਰਦੁਆਰੇ ਵਿੱਚ ਇੱਕ ਪਾਸੇ ਭਾਈ ਬੈਠੇ ਸਨ ਇੱਕ ਪਾਸੇ ਮਾਈਆਂ। ਮੈਂ ਪੁੱਛਿਆ ਜੇ ਮੇਰਾ ਸਾਥ ਦੇਵੋਗੇ ਤਾਂ ਖੜ੍ਹਾ ਹੋਵਾਂਗਾ ਜੇ ਸੰਗਤ ਮੈਨੂੰ ਕਹੇ ਬੈਠ ਤਾਂ ਬੈਠਾਂਗਾ। ਫੇਰ ਸਾਰੀ ਸੰਗਤ ਨੇ ਇੱਕ ਆਵਾਜ਼ ਵਿੱਚ ਸਾਥ ਦਾ ਭਰੋਸਾ ਦਿੱਤਾ।”

”ਫੇਰ ਮੈਂ ਗੁਰੂ ਗ੍ਰੰਥ ਸਾਹਿਬ ‘ਤੇ ਹੱਥ ਰੱਖਿਆ ਕਿ ਮੈਂ ਬਿਨਾਂ ਵਿਤਕਰੇ ਦੇ ਸਭ ਦੀ ਸੇਵਾ ਕਰਾਂਗਾ ਕਿਉਂਕਿ ਅਸੀਂ ਸਾਰੇ ਅਫ਼ਗ਼ਾਨ ਹਾਂ ਅਤੇ ਕੌਮਾਂ ਕਰਕੇ ਅੰਤਰ ਨਹੀਂ ਕਰਾਂਗਾ।”

”ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫ਼ਗ਼ਾਨਿਸਤਾਨ ਦੀਆਂ ਸੰਗਤਾਂ ਖ਼ਾਤਰ, ਮੁਸਲਮਾਨ ਵੀਰਾਂ ਖ਼ਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ। ਮੈਨੂੰ ਬੜੀ ਖ਼ੁਸ਼ੀ ਹੋਵੇਗੀ।”

Comments

comments

Share This Post

RedditYahooBloggerMyspace