ਇਖ਼ਲਾਕੀ ਅਤੇ ਨੈਤਿਕ ਚੁਣੌਤੀਆਂ ਦੇ ਪ੍ਰਸੰਗ ‘ਚ ਸਿੱਖ ਫਲਸਫ਼ਾ

ਪੱਛਮ ਵਿਚ ਪਤੀ-ਪਤਨੀ ਦੇ ਰਿਸ਼ਤੇ ਦੀ ਬੁਨਿਆਦ ਸਿਰਫ਼ ਸਰੀਰਕ ਸੁਖ ਜਾਂ ਔਲਾਦ ਪੈਦਾ ਕਰਨ ਤੱਕ ਹੀ ਸੀਮਤ ਹੈ, ਪਰ ਸਿੱਖ ਵਿਚਾਰਧਾਰਾ ਇਸ ਰਿਸ਼ਤੇ ਵਿਚ ਇਕ ਰੂਹਾਨੀ ਪਸਾਰ ਵੀ ਜੋੜ ਦਿੰਦੀ ਹੈ।

ਅੱਜ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਦਾ ਕਾਰਨ ਬਣ ਰਹੀ ਹੈ। ਹੁਣ ਤੱਕ ਪੂਰੀ ਦੁਨੀਆ ਵਿਚ 30 ਮਿਲੀਅਨ ਦੇ ਲਗਭਗ ਲੋਕ ਏਡਜ਼ ਦਾ ਸ਼ਿਕਾਰ ਹੋ ਕੇ ਅਣਆਈ ਮੌਤ ਮਰ ਚੁੱਕੇ ਹਨ ਅਤੇ ਕਰੋੜਾਂ ਲੋਕ ਮੌਤ ਦੀ ਉਡੀਕ ਕਰ ਰਹੇ ਹਨ। ਏਡਜ਼ ਇਕ ਅਜਿਹਾ ਨਾਮੁਰਾਦ ਰੋਗ ਹੈ, ਜਿਸ ਦਾ ਕੋਈ ਇਲਾਜ ਨਹੀਂ, ਜਾਗਰੂਕਤਾ ਹੀ, ਮਨੁੱਖਤਾ ਨੂੰ ਇਸ ਤੋਂ ਬਚਾਉਣ ਦਾ ਇਕੋ-ਇਕ ਤਰੀਕਾ ਹੈ। ਇਸੇ ਕਰਕੇ ਵਿਸ਼ਵ ਸਿਹਤ ਸੰਸਥਾ ਸਮੇਤ ਵੱਖੋ-ਵੱਖਰੇ ਦੇਸ਼ਾਂ ਵਿਚ ਏਡਜ਼ ਕੰਟਰੋਲ ਸੁਸਾਇਟੀਆਂ ਸਮੇਤ ਹੋਰ ਅਨੇਕਾਂ ਸੰਸਥਾਵਾਂ ਏਡਜ਼ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਵਿਚ ਰੁੱਝੀਆਂ ਹੋਈਆਂ ਹਨ। ਇਸੇ ਤਹਿਤ ਹਰ ਸਾਲ ਇਕ ਦਸੰਬਰ ਨੂੰ ਕੌਮਾਂਤਰੀ ਪੱਧਰ ‘ਤੇ ‘ਵਿਸ਼ਵ ਏਡਜ਼ ਦਿਵਸ’ ਮਨਾਇਆ ਜਾਂਦਾ ਹੈ। ਏਡਜ਼ ਦੇ ਫ਼ੈਲਣ ਦਾ ਦੁਨੀਆ ਵਿਚ ਸਭ ਤੋਂ ਵੱਡਾ ਕਾਰਨ ਸਰੀਰਕ ਨੈਤਿਕਤਾ ਭਾਵ ਆਚਰਣ ਦੇ ਸੰਜਮ ਨਾਲ ਜੁੜਿਆ ਹੋਇਆ ਹੈ। ਦੁਨੀਆ ਭਰ ਵਿਚ ਏਡਜ਼ ਦੇ ਕੁੱਲ ਪੀੜਤਾਂ ਵਿਚੋਂ ਸਭ ਤੋਂ ਵੱਧ ਅਸੁਰੱਖਿਅਤ ਸਰੀਰਕ ਸਬੰਧਾਂ ਕਾਰਨ ਇਸ ਦੀ ਲਪੇਟ ਵਿਚ ਆ ਰਹੇ ਹਨ। ਕਿਸੇ ਮਨੁੱਖ ਦੇ ਜਿੰਨੇ ਜ਼ਿਆਦਾ ਸਰੀਰਕ ਸਾਥੀ (ਸੈਕਸ ਪਾਰਟਨਰ) ਹੋਣਗੇ, ਉਸ ਨੂੰ ਓਨਾ ਹੀ ਜ਼ਿਆਦਾ ਏਡਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਪੱਛਮੀ ਸੱਭਿਅਤਾ ਵਿਚ ਸਰੀਰਕ ਸਬੰਧਾਂ ਦੇ ਸੰਜਮ ਪ੍ਰਤੀ ਕੋਈ ਬੰਦਿਸ਼ ਨਹੀਂ ਹੈ, ਜਦੋਂਕਿ ਸਾਡੀ ਪੂਰਬੀ ਸੱਭਿਅਤਾ ਮਨੁੱਖ ਨੂੰ ਸਰੀਰਕ ਸਬੰਧਾਂ ਪ੍ਰਤੀ ਨੈਤਿਕਤਾ ਦੀ ਇਕ ਵਲਗਣ ਵਿਚ ਕੈਦ ਕਰਕੇ ਰੱਖਦੀ ਹੈ, ਜਿਹੜੀ ਮਨੁੱਖ ਨੂੰ ਉੱਚੇ-ਸੁੱਚੇ ਇਖਲਾਕ ਅਤੇ ਆਚਰਣ ਦਾ ਧਾਰਨੀ ਬਣਾਉਂਦੀ ਹੈ। ਇਸ ਕਰਕੇ ਸਪੱਸ਼ਟ ਹੈ ਕਿ ਏਡਜ਼ ਪ੍ਰਤੀ ਜਾਗਰੂਕਤਾ ਅਤੇ ਇਸ ਤੋਂ ਬਚਾਅ ਲਈ ਪੂਰਬੀ ਅਤੇ ਪੱਛਮੀ ਸੱਭਿਅਤਾ ਅਤੇ ਨੈਤਿਕਤਾ ਦਾ ਨਜ਼ਰੀਆ ਵੱਖੋ-ਵੱਖਰਾ ਹੋਵੇਗਾ। ਪੱਛਮ ਵਿਚ ਕਿਹਾ ਜਾਂਦਾ ਹੈ ਕਿ ਇਕ ਤੋਂ ਵੱਧ ਸਾਥੀਆਂ ਦੇ ਨਾਲ ਸਰੀਰਕ ਸਬੰਧਾਂ ਵੇਲੇ ਸੁਰੱਖਿਅਤ ਸਾਧਨ ਵਰਤੇ ਜਾਣ ਪਰ ਪੂਰਬੀ ਨੈਤਿਕਤਾ ਦੀ ਨਜ਼ਰ ਵਿਚ ਇਕ ਤੋਂ ਵੱਧ ਸਰੀਰਕ ਸਾਥੀ ਬਣਾਉਣਾ ਹੀ ਅਨੈਤਿਕਤਾ ਅਤੇ ਆਚਰਣਹੀਣਤਾ ਅਖਵਾਉਂਦਾ ਹੈ। ਅੱਜ ਲੋੜ ਤਾਂ ਇਹ ਹੈ ਕਿ ਪੂਰਬੀ ਵਿਚਾਰਧਾਰਾ ਵਿਚਲੀ ਨੈਤਿਕਤਾ ਦੀ ਸੁੱਚਮਤਾ ਅਰਥਾਤ ਸਰੀਰਕ ਸਬੰਧਾਂ ਪ੍ਰਤੀ ਉੱਚੇ-ਸੁੱਚੇ ਆਦਰਸ਼ਾਂ ਅਤੇ ਇਖਲਾਕੀ ਗੁਣਾਂ ਨੂੰ ਪੂਰੀ ਦੁਨੀਆ ਸਾਹਮਣੇ ਪੇਸ਼ ਕਰਕੇ ਵਿਸ਼ਵ ਭਰ ਵਿਚ ਵਾਸਨਾਵਾਂ ਦੀ ਪੂਰਤੀ ਲਈ ਖੁੱਲ੍ਹ-ਖੇਡ ਕਾਰਨ ਮਨੁੱਖਤਾ ਦਾ ਨਾਸ਼ ਕਰਨ ਵਾਲੀ ਏਡਜ਼ ਦੀ ਬਿਮਾਰੀ ਦਾ ਪ੍ਰਕੋਪ ਥੰਮ੍ਹਿਆ ਜਾਵੇ ਪਰ ਇਸ ਦੇ ਉਲਟ ਵਾਸਨਾਵਾਂ ਭੋਗਣ ਦੀ ਪੱਛਮੀ ਖੁੱਲ੍ਹ-ਖੇਡ ਨੂੰ ਅਣਐਲਾਨੀ ਮਾਨਤਾ ਦਿੰਦਿਆਂ ਸਾਡੀ ਸੱਭਿਅਤਾ ਵਿਚ ਵੀ ਹੁਣ ਏਡਜ਼ ਤੋਂ ਜਾਗਰੂਕ ਕਰਨ ਵੇਲੇ ਇਕ ਤੋਂ ਵੱਧ ਲੋਕਾਂ ਨੂੰ ਸਰੀਰਕ ਸਾਥੀ ਬਣਾਉਣ ਵੇਲੇ ਸੁਰੱਖਿਅਤ ਸਾਧਨਾਂ ਦੀ ਵਰਤੋਂ ਦਾ ਹੁੱਭ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।

ਵੱਖੋ-ਵੱਖਰੀਆਂ ਪੂਰਬੀ ਵਿਚਾਰਧਾਰਾਵਾਂ ਮਨੁੱਖ ਨੂੰ ਨੈਤਿਕ ਗੁਣਾਂ ਅਤੇ ਕਦਰਾਂ-ਕੀਮਤਾਂ ਦੇ ਬੰਧਨਾਂ ਵਿਚ ਰੱਖ ਕੇ ਜਿਥੇ ਪਸ਼ੂ ਬਿਰਤੀ ਤੋਂ ਵੱਖ ਕਰਦੀਆਂ ਹਨ, ਉਥੇ ਨਰ ਅਤੇ ਮਾਦਾ ਮਨੁੱਖ ਦੀਆਂ ਰੂਹਾਨੀ ਅਤੇ ਸਰੀਰਕ ਖਾਹਿਸ਼ਾਂ ਦੀ ਤ੍ਰਿਪਤੀ ਲਈ ਗ੍ਰਹਿਸਥ ਅਵਸਥਾ ਦੀਆਂ ਪਵਿੱਤਰ ਮਰਿਆਦਾਵਾਂ ਵੀ ਤੈਅ ਕਰਦੀਆਂ ਹਨ। ਨਿਰਸੰਦੇਹ ਪੂਰਬ ਦੀਆਂ ਹਿੰਦੂ, ਮੁਸਲਿਮ, ਜੈਨ ਅਤੇ ਬੁੱਧ ਆਦਿ ਸਾਰੀਆਂ ਵਿਚਾਰਧਾਰਾਵਾਂ ਮਨੁੱਖ ਨੂੰ ਆਚਰਣ ਦੀ ਸੁੱਚਮਤਾ ਦੇ ਉੱਚੇ-ਸੁੱਚੇ ਇਖਲਾਕੀ ਗੁਣਾਂ ਦਾ ਧਾਰਨੀ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ ਪਰ ਸਿੱਖ ਧਰਮ ਪੂਰਬ ਦੀ ਸਭ ਤੋਂ ਨਵੀਨਤਮ ਅਤੇ ਸਿਖਰਲੀ ਵਿਚਾਰਧਾਰਾ ਹੋਣ ਕਰਕੇ ਅੱਜ ਦੇ ਸਮੇਂ ਵਿਚ ਨੈਤਿਕਤਾ ਅਤੇ ਆਚਰਣ ਪ੍ਰਤੀ ਸਰਬੋਤਮ ਜੀਵਨ ਸ਼ੈਲੀ ਦੀ ਪੇਸ਼ਕਾਰੀ ਕਰਦਾ ਹੈ। ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਬਿੰਦੂ ਜਿਥੇ ਪ੍ਰਮਾਤਮਾ ਨਾਲ ਮਿਲਾਪ ਦਾ ਰਾਹ ਹੈ, ਉਥੇ ਪ੍ਰਮਾਰਥਕ ਰਸਤੇ ‘ਤੇ ਚੱਲਣ ਦੀ ਮੂਲ ਯੋਗਤਾ ਹੀ ਪੰਜ ਵਿਕਾਰ ਕਾਮੁ, ਕਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਵੱਸ ਕਰਨਾ ਦੱਸੀ ਹੈ। ਸੱਭਿਅਕ ਮਨੁੱਖ ਬਣਨ ਲਈ ਸਵੱਛ ਆਚਰਣ ਨੂੰ ਸਭ ਤੋਂ ਉੱਤਮ ਦੱਸਿਆ ਗਿਆ ਹੈ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

(ਸਿਰੀ ਰਾਗੁ ਮ: ੧, ਪੰਨਾ 62)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਰਹਿਤਨਾਮਿਆਂ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ‘ਚ ਸਮੁੱਚੇ ਰੂਪ ‘ਚ ਪੰਜ ਵਿਕਾਰਾਂ ‘ਤੇ ਕਾਬੂ ਪਾਉਣ ਲਈ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਕਾਮ ਸਭ ਤੋਂ ਮੁੱਖ ਅਤੇ ਜ਼ੋਰਾਵਰ ਦੱਸਿਆ ਗਿਆ ਹੈ।

ਅੱਜ ਮਨੁੱਖੀ ਵਾਸਨਾਵਾਂ ਦੀ ਜਿਸ ਖੁੱਲ੍ਹ-ਖੇਡ ਕਾਰਨ ਏਡਜ਼ ਵਰਗੀ ਨਾਮੁਰਾਦ ਬਿਮਾਰੀ ਮਨੁੱਖ ਲਈ ਘੁਣ ਵਾਂਗ ਜਾਨਲੇਵਾ ਸਾਬਤ ਹੋ ਰਹੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਅਜਿਹੇ ਖ਼ਤਰੇ ਤੋਂ ਪੰਜ ਸੌ ਸਾਲ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਕਾਮ ਮਨੁੱਖੀ ਦੇਹੀ ਨੂੰ ਇਵੇਂ ਗਾਲਦਾ ਹੈ ਜਿਵੇਂ ਸੁਹਾਗਾ ਸੋਨੇ ਨੂੰ ਢਾਲਦਾ ਹੈ।

ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥

(ਰਾਮਕਲੀ ਮ: ੧, ਅੰਗ 932)

‘ਕਾਮ’ ਸ਼ਬਦ ਕਾਮਨਾਵਾਂ ਤੋਂ ਬਣਿਆ ਹੋਇਆ ਹੈ, ਜਿਸ ਦਾ ਅਰਥ ਹੈ ਇੰਦਰੀ ਸੁਖਾਂ ਦੀ ਇੱਛਾ। ਇੰਦਰੀ ਸੁਖਾਂ ਦੀ ਭਾਲ ਵਿਚ ਮਨੁੱਖ ਪਸ਼ੂ ਸਮਾਨ ਹੋ ਜਾਂਦਾ ਹੈ। ਦੂਜੇ ਪਾਸੇ ਪੱਛਮੀ ਸੱਭਿਆਚਾਰ ਵਿਚ ਅਜੋਕੇ ਸਮੇਂ ਦੌਰਾਨ ਸਭ ਤੋਂ ਵੱਧ ਜ਼ੋਰ ਇੰਦਰੀ ਸੁਖ ਭੋਗਣ ‘ਤੇ ਹੀ ਲੱਗਾ ਹੋਇਆ ਹੈ। ਇਸ ਦਾ ਹੀ ਨਤੀਜਾ ਹੈ ‘ਏਡਜ਼’ ਵਰਗੀ ਘਾਤਕ ਬਿਮਾਰੀ। ਗੁਰਮਤਿ ਦੇ ਸੂਫ਼ੀ ਫ਼ਕੀਰ ਬਾਬਾ ਫ਼ਰੀਦ ਜੀ ਇੰਦਰੀ ਸੁਖਾਂ ਨੂੰ ਮਿੱਠੇ ਜ਼ਹਿਰ ਵਿਚ ਲਿੱਬੜੀਆਂ ਗੰਦਲਾਂ ਦੱਸਦੇ ਹਨ। ਕੁਝ ਇਨ੍ਹਾਂ ਨੂੰ ਬੀਜਦੇ ਰਹਿ ਜਾਂਦੇ ਹਨ ਅਤੇ ਕੁਝ ਖਾ ਕੇ ਉਜੜ ਜਾਂਦੇ ਹਨ।

ਅੱਜ ਦੁਨੀਆ ਭਰ ਵਿਚ ਮਨੁੱਖ ਇੰਦਰੀ ਸੁਖਾਂ ਨੂੰ ਭਾਲਦਾ ਤੜਪ ਰਿਹਾ ਹੈ। ਇੱਛਾਵਾਂ ਦੀ ਪੂਰਤੀ ਲਈ ਖੇਡੀ ਜਾ ਰਹੀ ਖੁੱਲ੍ਹ-ਖੇਡ ਭਟਕਣਾ ਪੈਦਾ ਕਰ ਰਹੀ ਹੈ। ਮਨੁੱਖ ਕਾਮ ਵਾਸ਼ਨਾਵਾਂ ਦੀ ਪੂਰਤੀ ਲਈ ਅੰਨ੍ਹਾ ਹੋਇਆ ਫ਼ਿਰ ਰਿਹਾ ਹੈ ਪਰ ਉਸ ਦੀ ਇਹ ਅੱਗ ਫ਼ਿਰ ਵੀ ਨਹੀਂ ਬੁਝ ਰਹੀ ਅਤੇ ਸੱਭਿਅਕ ਸਮਾਜ ਵਿਚ ਵਿਗਾੜ ਪੈਦਾ ਕਰ ਰਹੀ ਹੈ। ਗੁਰਮਤਿ ਫ਼ਲਸਫ਼ਾ ਇਸ ਸੰਦਰਭ ਵਿਚ ਬਹੁਤ ਸਪੱਸ਼ਟ ਚਿਤਾਵਨੀ ਦਿੰਦਾ ਹੈ :

ਘਰ ਕੀ ਨਾਰਿ ਤਿਆਗੈ ਅੰਧਾ॥

ਪਰ ਨਾਰੀ ਸਿਉ ਘਾਲੈ ਧੰਧਾ॥

(ਰਾਗ ਭੈਰਉ, ਨਾਮਦੇਵ ਜੀ, ਅੰਗ 1165)

ਪਰਾਈ ਇਸਤਰੀ ਦੇ ਸੰਗ ਨੂੰ ਸੱਪ ਦਾ ਸਾਥ ਕਰਨ ਬਰਾਬਰ ਦੱਸਿਆ ਗਿਆ ਹੈ।

ਜੈਸਾ ਸੰਗਿ ਬਿਸੀਅਰ ਸਿਉ ਹੈ ਰੇ,

ਤੈਸੋ ਹੀ ਇਹੁ ਪਰ ਗ੍ਰਿਹੁ॥ (ਆਸਾ ਮ: ੫, ਪੰਨਾ 403)

ਪੱਛਮ ਵਿਚ ਪਤੀ-ਪਤਨੀ ਦੇ ਰਿਸ਼ਤੇ ਦੀ ਬੁਨਿਆਦ ਸਿਰਫ਼ ਇੰਦਰੀ ਸੁਖ ਭੋਗਣ ਜਾਂ ਔਲਾਦ ਪੈਦਾ ਕਰਨ ਤੱਕ ਹੀ ਸੀਮਤ ਹੈ, ਪਰ ਸਿੱਖ ਵਿਚਾਰਧਾਰਾ ਇਸ ਰਿਸ਼ਤੇ ਵਿਚ ਇਕ ਰੂਹਾਨੀ ਪਸਾਰ ਵੀ ਜੋੜ ਦਿੰਦੀ ਹੈ। ਪਤੀ-ਪਤਨੀ ਸਿਰਫ਼ ਜਿਸਮਾਂ ਦੇ ਮੇਲ ਨਾਲ ਹੀ ਆਦਰਸ਼ ਪਤੀ-ਪਤਨੀ ਨਹੀਂ ਹੋ ਜਾਂਦੇ, ਸਗੋਂ ਉਹ ਉਸ ਵੇਲੇ ਹੀ ਆਦਰਸ਼ ਪਤੀ-ਪਤਨੀ ਕਹਾਏ ਜਾ ਸਕਦੇ ਹਨ, ਜਦੋਂ ਉਨ੍ਹਾਂ ਦੀਆਂ ਰੂਹਾਂ ਇਕ ਹੋ ਜਾਣ।

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥

(ਮ: ੩, ਅੰਗ 788)

ਹੋਰਨਾਂ ਪੂਰਬੀ ਵਿਚਾਰਧਾਰਾਵਾਂ ਨਾਲੋਂ ਸਿੱਖ ਵਿਚਾਰਧਾਰਾ ਦਾ ਵਾਸਨਾਵਾਂ ਪ੍ਰਤੀ ਵਖਰੇਵਾਂ ਅਤੇ ਵਿਆਪਕ ਸਿਧਾਂਤ ਇਹ ਹੈ ਕਿ ਜਿਥੇ ਦੂਜੀਆਂ ਵਿਚਾਰਧਾਰਾਵਾਂ ਵਿਚ ਤਿਆਗੀ ਹੋਣ ‘ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਸਿੱਖ ਫ਼ਲਸਫ਼ਾ ਮਨੁੱਖ ਨੂੰ ਤਿਆਗੀ ਨਹੀਂ ਮੁਕਤਾ ਬਣਾਉਂਦਾ ਹੈ।

‘ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’

(ਮ: ੫, ਅੰਗ 522)

ਸਪੱਸ਼ਟ ਹੈ ਕਿ ਸਿੱਖ ਵਿਚਾਰਧਾਰਾ ਜੀਵਨ ਦੀ ਸਮੁੱਚਤਾ ਨਾਲੋਂ ਟੁੱਟੀ ਹੋਈ ਮੁਕਤੀ ਨੂੰ ਨਹੀਂ ਸਵੀਕਾਰਦੀ, ਸਗੋਂ ਜੀਵਨ ਦੀ ਸਮੁੱਚਤਾ ਵਿਚ ਹੀ ਮੁਕਤ ਹੋਣ ਦਾ ਸੁਨੇਹਾ ਦਿੰਦੀ ਹੈ। ਮਨੁੱਖ ਆਪਣੀਆਂ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਮੁਕਤ ਹੋ ਸਕਦਾ ਹੈ, ਨਾ ਕਿ ਉਨ੍ਹਾਂ ਤੋਂ ਭੱਜ ਕੇ। ਮਨੁੱਖ ਗ੍ਰਹਿਸਥ ਦਾ ਤਿਆਗ ਕਰਕੇ ਜਾਂ ਜੰਗਲਾਂ ਵਿਚ ਤਪ ਸਾਧ ਕੇ ਵਿਕਾਰਾਂ ਤੋਂ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ, ਸਗੋਂ ਗ੍ਰਹਿਸਥ ਧਰਮ ਵਿਚ ਰਹਿ ਕੇ ਵੀ ਨਿਰਲੇਪ ਹੋ ਸਕਦਾ ਹੈ।

ਅਨਦਿਨੁ ਕੀਰਤਨੁ ਕੇਵਲ ਬਖ੍ਹਾਨੁ॥

ਗ੍ਰਿਹਸਤ ਮਹਿ ਸੋਈ ਨਿਰਬਾਨੁ॥

(ਗਉੜੀ ਸੁਖਮਨੀ ਮ: ੫, ਅੰਗ 281)

ਸੋ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਤਿਆਗ ਨਹੀਂ, ਸੰਜਮ ‘ਤੇ ਜ਼ੋਰ ਦਿੱਤਾ ਗਿਆ ਹੈ। ਭਗਤ ਕਬੀਰ ਜੀ ਫ਼ਰਮਾਉਂਦੇ ਹਨ ਕਿ ਜੇਕਰ ਬਾਲ-ਜਤੀ ਰਹਿੰਦਿਆਂ ਮੁਕਤੀ ਮਿਲਦੀ ਹੁੰਦੀ ਤਾਂ ਖੁਸਰਾ ਕਿਉਂ ਨਾ ਗਤੀ ਪਾ ਲੈਂਦਾ?

ਬਿੰਦੁ ਰਾਖਿ ਜੌ ਤਰੀਐ ਭਾਈ॥

ਖੁਸਰੈ ਕਿਉ ਨ ਪਰਮ ਗਤਿ ਪਾਈ॥

(ਗਉੜੀ, ਕਬੀਰ ਜੀ, ਅੰਗ 324)

ਸੋ, ਅੱਜ ਦੇ ਸਮੇਂ ਵਿਚ ਵਿਸ਼ਵ ਪੱਧਰ ‘ਤੇ ਮਨੁੱਖੀ ਸੱਭਿਅਤਾ ਨੂੰ ਦਰਪੇਸ਼ ਇਖਲਾਕੀ ਅਤੇ ਨੈਤਿਕ ਚੁਣੌਤੀਆਂ ਦੇ ਸੰਦਰਭ ਵਿਚ ਸਿੱਖ ਵਿਚਾਰਧਾਰਾ ਦੇ ਵਿਆਪਕ ਨਜ਼ਰੀਏ ਦੇ ਪ੍ਰਚਾਰ-ਪ੍ਰਸਾਰ ਦੀ ਸਭ ਤੋਂ ਵੱਡੀ ਲੋੜ ਮਹਿਸੂਸ ਹੋ ਰਹੀ ਹੈ। ਸੰਸਾਰੀਕਰਨ ਦਾ ਵਰਤਾਰਾ ਜਿਥੇ ਅੱਜ ਪੱਛਮ ਦੇ ਸੱਭਿਆਚਾਰਕ ਵਿਗਾੜਾਂ ਦੀ ਪੂਰਬੀ ਸੱਭਿਅਤਾ ਵਿਚ ਘੁਸਪੈਠ ਦਾ ਸਬੱਬ ਬਣ ਰਿਹਾ ਹੈ, ਉਥੇ ਅਮੀਰ ਅਤੇ ਮੌਲਿਕ ਪੂਰਬੀ ਵਿਚਾਰਧਾਰਾ ਨੂੰ ਵਿਸ਼ਵ ਦੇ ਅਜੋਕੇ ਪ੍ਰਸੰਗ ਵਿਚ ਪੇਸ਼ ਕਰਨ ਦਾ ਇਕ ਵਾਹਕ ਵੀ ਬਣ ਸਕਦਾ ਹੈ, ਬਸ਼ਰਤੇ ਅਸੀਂ ਪੱਛਮੀ ਤਰਜ਼-ਏ-ਜ਼ਿੰਦਗੀ ਨੂੰ ਅੱਖਾਂ ਮੀਚ ਕੇ ਅਪਣਾਉਣ ਦੀ ਥਾਂ ਪੂਰਬ ਦੀਆਂ ਅਮੀਰ ਸੱਭਿਅਕ ਕਦਰਾਂ-ਕੀਮਤਾਂ ਦੇ ਪਹਿਲਾਂ ਖੁਦ ਧਾਰਨੀ ਬਣੀਏ। ਸਿੱਖ ਫਲਸਫ਼ਾ ਪੂਰਬੀ ਸਿਆਣਪ ਦਾ ਸਭ ਤੋਂ ਨਵੀਨ ਤੇ ਉੱਚ ਨਮੂਨਾ ਹੋਣ ਕਰਕੇ ਇਸ ਨੂੰ ਅੱਜ ਦੁਨੀਆ ਲਈ ਵਧੀਆ ਤੇ ਸਰਬੋਤਮ ਜੀਵਨ ਜਾਚ ਦਾ ਰਾਹ-ਦਸੇਰਾ ਬਣਾਇਆ ਜਾ ਸਕਦਾ ਹੈ।

-ਤਲਵਿੰਦਰ ਸਿੰਘ ਬੁੱਟਰ

Comments

comments

Share This Post

RedditYahooBloggerMyspace