ਵੱਡੇ ਮਿਲਾਪਾਂ ਤੇ ਵੱਡੇ ਵਿਛੋੜਿਆਂ ਦੀ ਧਰਤੀ ਪੰਜਾਬ

pr pooran singh(ਸੁਰਜੀਤ ਪਾਤਰ)

ਪੰਜਾਬੀ ਇਸ ਵੇਲੇ ਦੇਸ ਪਰਦੇਸ ਦੇ ਅਨੇਕ ਧਰਤ- ਖੰਡਾਂ ‘ਤੇ ਵਸੇ ਹੋਏ ਹਨ। ਉਹ ਜਿੱਥੇ ਵੀ ਵਸਣ ਪੰਜਾਬ ਉਨਾਂ ਦੇ ਦਿਲ ਵਿਚ ਵਸਦਾ ਹੈ। ਪੰਜਾਬ ਨੂੰ ਉਹ ਆਪਣੇ ਪੁਰਖਿਆਂ ਦੇ ਦੇਸ ਵਾਂਗ ਦੇਖਦੇ, ਇਹਦੇ ਕੋਲੋਂ ਪਿਆਰ, ਚਾਨਣ ਤੇ ਅਸੀਸ ਮੰਗਦੇ ਇਹਦੀਆਂ ਖ਼ੈਰਾਂ ਲੋਚਦੇ, ਇਹਦੀ ਧੂੜ ਨੂੰ ਮੱਥੇ ਲਾਉਣ ਤੇ ਇਹਦੇ ਦਰਾਂ ਉੱਤੇ ਸੰਜੋਗ ਵਿਜੋਗ ਦੇ ਹੰਝੂਆਂ ਦੇ ਦੀਵੇ ਜਗਾਉਣ ਆਉਂਦੇ ਹਨ। ਆਪਣਾ ਦੁੱਖ ਸੁੱਖ, ਆਪਣੇ ਅਨੁਭਵ, ਆਪਣੀਆਂ ਸੋਚਾਂ, ਆਪਣਾ ਇਲਮ ਗਿਆਨ ਸਾਂਝਾ ਕਰਨ ਆਉਂਦੇ ਹਨ। ਅੱਜ ਅਸੀਂ ਪੰਜਾਬ ਬਾਰੇ ਇਹ ਕਹਿ ਸਕਦੇ ਹਾਂ ਕਿ :

ਇਹ ਪੰਜਾਬ ਕੋਈ ਨਿਰਾ ਜੁਗਰਾਫ਼ੀਆ ਨਈਂ,
ਇਹ ਇਕ ਗੀਤ, ਇਕ ਪ੍ਰੀਤ, ਅਹਿਸਾਸ ਵੀ ਹੈ।
ਰਿਸ਼ੀਆਂ, ਸੂਫ਼ੀਆਂ, ਸਤਿਗੁਰਾਂ ਸਿਰਜਿਆ ਹੈ,
ਇਹ ਇਕ ਫ਼ਲਸਫ਼ਾ, ਸੋਚ, ਇਤਿਹਾਸ ਵੀ ਹੈ।
ਕਿੰਨੇ ਝੱਖੜਾਂ ਤੂਫ਼ਾਨਾਂ ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁਝ ਕੁਝ ਉਦਾਸ ਵੀ ਹੈ।
ਇਕ ਦਿਨ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਵੀ ਹੈ, ਅਰਦਾਸ ਵੀ ਹੈ।

ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਪੰਜਾਬ ਨੇ ਆਪਣੇ ਆਤਮਕ ਜਹਾਨ ਦਾ ਸੂਰਜ ਉਦੈ ਹੁੰਦਾ ਦੇਖਿਆ। ਏਸੇ ਲਈ ਸ਼ਾਇਰੇ ਮਸ਼ਰਕ ਅਲਾਮਾ ਇਕਬਾਲ ਨੇ ਕਿਹਾ :

ਫਿਰ ਉਠੀ ਆਖ਼ਰ ਸਦਾ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦ ਏ ਕਾਮਲ ਨੇ ਜਗਾਇਆ ਖ਼ਾਬ ਸੇ।

ਪ੍ਰੋ. ਮੋਹਨ ਸਿੰਘ ਨੇ ਵੀ ਪੰਜਾਬ ਦੇ ਮਹਾ ਦੁਖਾਂਤ ਦੀਆਂ ਘੜੀਆਂ ਵਿਚ ਬਾਬੇ ਨਾਨਕ ਨੂੰ ਹੀ ਯਾਦ ਕੀਤਾ :

ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ

ਤੇ ਪੰਜਾਬ ਦੀ ਪੁਨਰ-ਸਿਰਜਣਾ ਦਾ ਖ਼ਾਬ ਲੈਣ ਵੇਲੇ ਵੀ ਨਾਨਕ ਜੀ ਦਾ ਹੀ ਸਹਾਰਾ ਲਿਆ :
ਉੱਠੋ ਤੇ ਉੱਠ ਕੇ ਦੇਸ਼ ਦਾ ਮੂੰਹ ਮੱਥਾ ਡੌਲ਼ੀਏ ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ ਮਹਾਕਵੀ ਪੂਰਨ ਸਿੰਘ ਵੀ ਏਹੀ ਗਾਨ ਗਾਉਂਦੇ ਹਨ :

ਏਥੇ ਬਾਬੇ ਦੇ ਸ਼ਬਦ ਨੇ ਪੱਥਰਾਂ ਨੂੰ ਪਿਘਾਲਿਆ
ਮਰਦਾਨੇ ਦੀ ਰਬਾਬ ਵੱਜੀ
ਪਰਬਤਾਂ ਸਲਾਮ ਕੀਤਾ
ਬੂਟਾ ਬੂਟਾ ਵਜਦ ਵਿਚ ਨੱਚਿਆ

ਪੰਜਾਬ ਦੀ ਮਿੱਟੀ ਦਾ ਜ਼ੱਰਾ ਜ਼ੱਰਾ ਕੰਬਿਆ ਪਿਆਰ ਵਿਚ ਓਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ ਪ੍ਰੋ. ਪੂਰਨ ਸਿੰਘ ਨੇ ਪੰਜਾਬ ਨੂੰ ਵੱਡੇ ਵੱਡੇ ਮਿਲਾਪਾਂ ਅਤੇ ਵੱਡੇ ਵੱਡੇ ਵਿਛੋੜਿਆਂ ਦਾ ਦੇਸ ਕਿਹਾ ਸੀ। ਮੈਂ ਉਨਾਂ ਦੇ ਕਥਨ ਨੂੰ ਇਨਾਂ ਅਰਥਾਂ ਵਿਚ ਦੇਖਦਾ ਹਾਂ ਕਿ ਏਥੇ ਸਭਿਅਤਾਵਾਂ ਦੇ ਵੱਡੇ ਮਿਲਾਪ ਹੋਏ। ਸਰਬੱਤ (ਸਰਵਤ੍ਰ) ਸ਼ਬਦ ਸੰਸਕ੍ਰਿਤ ਦਾ ਹੈ ਤੇ ਖ਼ਾਲਸਾ ਫ਼ਾਰਸੀ ਦਾ, ਤੇ ਸਰਬੱਤ ਖ਼ਾਲਸਾ ਸਾਡਾ। ਏਥੇ ਦੀਵਿਆਂ ਤੇ ਤਾਰਿਆਂ ਦਾ ਮਿਲਾਪ ਹੋਇਆ ਜਦੋਂ ਗੁਰੂ ਨਾਨਕ ਸ਼ਾਇਰ ਨੇ ਆਪਣੇ ਇਕ ਵਾਕ ਨਾਲ ਬ੍ਰਹਿਮੰਡ ਨੂੰ ਇਕ ਮਹਾ ਆਰਤੀ ਵਿਚ ਲੀਨ ਹੋਇਆ ਦਿਖਾਇਆ। ਗੁਰੂ ਨਾਨਕ ਦੀ ਇਸ ਦੈਵੀ ਆਰਤੀ ਨੂੰ ਮਹਾਕਵੀ ਟੈਗੋਰ ਨੇ ਬ੍ਰਹਿਮੰਡੀ ਗਾਨ ਕਿਹਾ,ਇੰਟਰਨੈਸ਼ਨਲ ਐਂਥਮ ਜਾਂ ਕੌਸਮਿਕ ਐਂਥਮ। ਕਿਸੇ ਰੀਤ ਨੂੰ ਇਸ ਸਿਰਜਣਾਤਮਕ ਅਤੇ ਰੂਹਾਨੀ ਪੱਧਰ ‘ਤੇ ਰੂਪਾਂਤਰਿਤ ਕਰਨ ਦੀ ਮਿਸਾਲ ਸ਼ਾਇਦ ਹੀ ਕਿਤੇ ਹੋਰ ਮਿਲਦੀ ਹੋਵੇ। ਅਤੇ ਫਿਰ ਏਸੇ ਹੀ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮਹਾ ਇਲਾਹੀ ਮਿਲਾਪ ਹੋਇਆ :

ਸਭ ਧਰਮ ਢੁਕ ਕੇ ਬੈਠੇ, ਹਰ ਜਾਤ ਮਿਲ ਰਹੀ ਹੈ ਕਾਇਆ ਦੇ ਨਾਲ ਏਥੇ ਕਾਇਨਾਤ ਮਿਲ ਰਹੀ ਹੈ ਕਿਤੇ ਨਿਰੰਕਾਰ ਗੂੰਜੇ, ਕਰਤਾਰ ਕਰੁਣਾਧਾਰੀ ਕਿਧਰੇ ਅਲਖ ਨਿਰੰਜਨ, ਕਿਧਰੇ ਕ੍ਰਿਸ਼ਨ ਮੁਰਾਰੀ ਬਾਬਾ ਫ਼ਰੀਦ ਬੈਠਾ ਕਿਧਰੇ ਵਿਛਾ ਮੁਸੱਲਾ ਕਿਤੇ ਰਾਮ ਰਾਮ ਹੋਵੇ, ਕਿਤੇ ਹੋਵੇ ਅੱਲਾ ਅੱਲਾ ਕਿਤੇ ਨਾਮਦੇਵ ਬੈਠਾ ਦੁਖੀਆਂ ਦੇ ਫੱਟ ਹੈ ਸਿਊਂਦਾ ਉਹਦੀ ਬਿਰਹੜੇ ਦੀ ਸੂਈ, ਧਾਗਾ ਹੈ ਸੱਚੇ ਨਿਹੁੰ ਦਾ ਅੱਲਾ ਹੈ ਉਸਦਾ ਤਾਣਾ ਤੇ ਰਾਮ ਉਸ ਦਾ ਬਾਣਾ ਬੁਣਿਆਂ ਕਬੀਰ ਜੀ ਦਾ ਹੋਣਾ ਨਹੀਂ ਪੁਰਾਣਾ ਗੰਗਾ ਦਾ ਨੀਰ ਉਸ ਤੋਂ ਪਾਵਨਤਾ ਮੰਗਦਾ ਹੈ ਰੱਬ ਨਾਲ ਸੱਚੀਆਂ ਪ੍ਰੀਤਾਂ ਰਵਿਦਾਸ ਗੰਢਦਾ ਹੈ ਨਾਨਕ ਦੇ ਬੋਲ ਜਾਗੇ ਰਾਗਾਂ ਦੇ ਰਸ ‘ਚ ਭਿੰਨੇ ਰੱਬ ਤੇ ਰਬਾਬ ਹੋਏ ਅੱਜ ਕੋਲ਼ ਕੋਲ਼ ਕਿੰਨੇ।
ਇਹ ਸੱਚਮੁਚ ਪੰਜਾਬ ਦੀ ਧਰਤੀ ਦੇ ਹੋਏ ਮਾਨਵਤਾ ਦੇ ਮਹਾ ਮਿਲਾਪ ਹਨ। ਪਰ ਪੂਰਨ ਸਿੰਘ ਨੇ ਪੰਜਾਬ ਨੂੰ ਵੱਡੇ ਵਿਛੋੜਿਆਂ ਦਾ ਦੇਸ ਵੀ ਕਿਹਾ ਹੈ। ਵਾਰਿਸ ਸ਼ਾਹ ਦੀ 611 ਬੰਦਾਂ ਵਾਲੀ ਹੀਰ ਵਿਚੋਂ ਇੱਕੋ ਹੀ ਬੰਦ ਹੈ ਜੋ ਵਾਰ ਵਾਰ ਗਾਇਆ ਜਾਂਦਾ ਹੈ, ਮੁੱਦਤਾਂ ਹੋ ਜਾਂਦੀਆਂ ਹਨ ਕਿਸੇ ਹੋਰ ਬੰਦ ਨੂੰ ਸੁਣਿਆਂ :

ਹੀਰ ਆਖਦੀ ਜੋਗੀਆ ਝੂਠ ਆਖੇਂ ਕੌਣ
ਰੁੱਠੜੇ ਯਾਰ ਮਿਲਾਂਵਦਾ ਈ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ
ਗਿਆਂ ਨੂੰ ਮੋੜ ਲਿਆਂਵਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ
ਜੀਉ ਰੋਗ ਗਵਾਂਵਦਾ ਈ
ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ਐਵੇਂ
ਜੀਉੜਾ ਲੋਕ ਵਲਾਂਵਦਾ ਈ

ਭਲਾ ਮੋਏ ਤੇ ਵਿੱਛੜੇ ਕੌਣ ਮੇਲੇ ਵਾਲਾ ਬੰਦ ਸ਼ਾਇਦ ਉਸ ਲੀਕ ਦੇ ਖਿੱਚੇ ਜਾਣ ਤੋਂ ਪਹਿਲਾਂ ਏਨਾ ਨਹੀਂ ਗਾਇਆ ਜਾਂਦਾ ਹੋਵੇਗਾ ਜਿਹੜੀ ਲੀਕ ਕਸ਼ਮੀਰ ਦੀ ਹੱਦ ਤੋਂ ਸ਼ੁਰੂ ਹੋ ਕੇ ਰਾਵੀ ਨੂੰ ਅੱਧ ਚੋਂ ਚੀਰਦੀ, ਅੰਮ੍ਰਿਤਸਰ ਨੂੰ ਲਾਹੌਰ ਤੋਂ ਅਲੱਗ ਕਰਦੀ, ਪਿੰਡਾਂ ਨੂੰ ਉਨਾਂ ਦੇ ਖੇਤਾਂ, ਗੁਰੂ ਨਾਨਕ ਦੇ ਸਿੱਖਾਂ ਨੂੰ ਗੁਰੂ ਨਾਨਕ ਦੇ ਜਨਮ-ਸਥਾਨ ਤੋਂ, ਨਹਿਰਾਂ ਨੂੰ ਦਰਿਆਵਾਂ ਤੋਂ, ਧੀਆਂ ਪੁੱਤਰਾਂ ਨੂੰ ਮਾਪਿਆਂ ਤੋਂ, ਧਰਮਾਂ ਨੂੰ ਰੱਬ ਤੋਂ, ਤੇ ਇਨਸਾਨਾਂ ਨੂੰ ਇਨਸਾਨੀਅਤ ਤੋਂ ਨਿਖੇੜਦੀ ਬਹਾਵਲ ਪੁਰ ਦੀ ਸਰਹੱਦ ਨਾਲ ਜਾ ਲੱਗੀ ਸੀ ਤੇ ਇਲਾਹੀ ਸੁਰ ਵਿਚ ਗਾਉਂਦੇ ਪੂਰਨ ਸਿੰਘ ਦੇ ਦਰਿਆ ਸੁਰ ਤੋਂ ਉੱਖੜ ਗਏ :

ਸਤਲੁਜ ਨੂੰ ਕੁਝ ਸਮਝ ਨ ਆਵੇ ਜਸ਼ਨਾਂ ਵਿਚ ਕਿੰਜ ਰੋਵੇ ਨਾ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇ ਸੁਣਿਆ ਸੀ ਰਾਵੀ ਨੂੰ ਕੋਈ ਖ਼ੰਜਰ ਚੀਰ ਨ ਸਕਿਆ ਪਰ ਰਾਵੀ ਦੋ ਟੁਕੜੇ ਹੋਈ, ਅਸੀਂ ਤਾਂ ਅੱਖੀਂ ਤੱਕਿਆ ਕਹੇ ਬਿਆਸਾ ਮੈਂ ਬੇਆਸਾ, ਮੈਂ ਕੀ ਧੀਰ ਧਰਾਵਾਂ ਇਹ ਰੱਤ ਰੰਗੇ ਅਪਣੇ ਪਾਣੀ ਕਿੱਥੇ ਧੋਵਣ ਜਾਵਾਂ ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਂ ਦਾ ਪਾਣੀ ਨਫ਼ਰਤ ਦੇ ਵਿਚ ਡੁਬ ਕੇ ਮਰ ਗਈ ਹਰ ਇਕ ਪ੍ਰੀਤ-ਕਹਾਣੀ ਜਿਹਲਮ ਕਹਿੰਦਾ : ਚੁੱਪ ਭਰਾਵੋ, ਪਾਣੀ ਦਾ ਕੀ ਰੋਣਾ ਕਿਸ ਤੱਕਣਾ ਪਾਣੀ ਦਾ ਹੰਝੂ ਪਾਣੀ ਵਿਚ ਸਮੋਣਾ ਹੁਣ ਵੀ ਪੰਜਾਬ ਨੂੰ ਕਿਸੇ ਮਹਾ ਮਿਲਾਪ ਦੀ ਲੋੜ ਹੈ ਪੰਜਾਬ ਜੋ ਪਿਛਲੇ ਕਈ ਦਹਾਕਿਆਂ ਤੋਂ ਵਿਛੋੜਿਆਂ ਦਾ ਦੇਸ ਹੈ, ਸਿਰਫ਼ ਇਸ ਲਈ ਹੀ ਨਹੀਂ ਕਿ ਕਿੰਨੇ ਲੋਕ ਪਰਦੇਸੀਂ ਤੁਰ ਗਏ ਤੇ ਕਿੰਨੇ ਹੋਰ ਜਾਣ ਲਈ ਤਰਲੋਮੱਛੀ ਨੇ, ਇਸ ਲਈ ਹੀ ਨਹੀਂ ਕਿੰਨੇ ਮਾਪੇ ਧੀਆਂ ਪੁੱਤਰਾਂ ਤੋਂ ਵਿਛੜੇ ਹੋਏ ਨੇ। ਸ਼ਾਇਦ ਇਹ ਵਿਛੋੜੇ ਓੜਕ ਪੰਜਾਬ ਦੇ ਸੱਭਿਆਚਾਰ ਤੇ ਸੋਚ ਨੂੰ ਹੋਰ ਸਮਰਿੱਧ ਕਰਨ ਵਿਚ ਸਹਾਈ ਹੋਣ। ਕਿਉਂ ਕਿ ਪਰਦੇਸੀ ਨੂੰ ਦੁਹਰੀ ਨਜ਼ਰ ਮਿਲਦੀ ਹੈ, ਉਸ ਦਾ ਨਵਾਂ ਜਨਮ ਹੁੰਦਾ ਹੈ।

ਪਰ ਪੰਜਾਬ ਅੱਜ ਇਸ ਲਈ ਵੀ ਵਿਛੋੜਿਆਂ ਦਾ ਦੇਸ਼ ਹੈ ਕਿ ਰਹਿਬਰਾਂ ਤੋਂ ਰਹਿਬਰੀ, ਅਦਲੀਆਂ ਤੋਂ ਅਦਲ, ਕਥਨੀ ਤੋਂ ਕਰਨੀ, ਦਾਨਿਸ਼ਵਰਾਂ ਤੋਂ ਦਾਨਿਸ਼ਵਰੀ, ਕਵੀਆਂ ਤੋਂ ਕਵਿਤਾ, ਲੋਕਾਂ ਤੋਂ ਲੋਕਤਾ, ਕਹਿਣ ਵਾਲਿਆਂ ਤੋਂ ਕਹਿਣ ਦਾ ਹੌਸਲਾ, ਸ਼ਬਦ ਤੋਂ ਸੁਰਤਿ ਅਤੇ ਦਿਲਾਂ ਤੋਂ ਸਹਾਰੇ ਵਿਛੜੇ ਹੋਏ ਨੇ। ਅਸੀਂ ਜਾਤਾਂ ਗੋਤਾਂ ਦੀ ਹਉਮੈ ਸਦਕਾ, ਤਾਕਤ ਤੇ ਦੌਲਤ ਦੀ ਹਵਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਮਹਾ ਮਿਲਾਪ ਦੇ ਰਾਗ ਤੋਂ ਵਿਛੜੇ ਹੋਏ ਹਾਂ,ਜਿਨਾਂ ਨੂੰ ਗੁਰੂ ਸਾਹਿਬਾਨ ਨੇ ਅਪਣੇ ਸੰਗੀ ਆਪਣੇ ਬੇਟੇ ਕਹਿ ਕੇ ਸੀਨੇ ਲਾਇਆ ਸੀ ਅਸੀਂ ਉਨਾਂ ਦੇ ਵਿਸ਼ਵਾਸ ਤੇ ਮੋਹ ਤੋਂ ਵਿਛੜੇ ਹੋਏ ਹਾਂ।
ਪੰਜਾਬ ਦਾ ਮਨ ਪਰਦੇਸੀ ਹੋਇਆ ਹੋਇਆ ਹੈ ।

ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜਕਲ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ

ਮੈਂ ਪੰਜਾਬ ਦੇ ਪਿੰਡਾਂ ਗਰਾਵਾਂ ਦੀਆਂ ਹਵਾਵਾਂ ਦੀ ਆਤਮਾ ਚੋਂ ਏਹੀ ਆਵਾਜ਼ ਸੁਣੀ ਹੈ :

ਚਲੋ ਏਥੋਂ ਚੱਲੀਏ ।
ਪੰਛੀ ਤਾਂ ਉਡ ਗਏ ਨੇ
ਰੁੱਖ ਵੀ ਸਲਾਹਾਂ ਕਰਨ :
ਚਲੋ ਏਥੋਂ ਚੱਲੀਏ। …….
ਮੇਰੀ ਏਸ ਧਰਤ ਤੇ ਹਲੇਮੀ ਰਾਜ ਹੋ ਜਾਏ
ਕੋਈ ਨਾ ਰਵਾਏ ਕਿਸੇ
ਬੇਗਮ ਪੁਰੇ ਦਾ ਰੂਪ ਧਰਤ ਮੇਰੀ ਹੋ ਜਾਏ
ਕੋਈ ਫੇਰ ਕਹੇ ਨਾ
ਕਿ ਚਲੋ ਏਥੋਂ ਚੱਲੀਏ

ਇਕ ਹੋਰ ਵੱਡਾ ਵਿਛੋੜਾ ਇਹ ਪੈ ਰਿਹਾ ਹੈ ਕਿ ਪੰਜਾਬ ਦੀ ਧਰਤੀ ਤੇ ਹੀ ਬਣੇ ਸਕੂਲਾਂ ਵਿਚ ਪੰਜਾਬ ਦੀ ਧਰਤੀ ਦੇ ਜਾਏ ਬੱਚਿਆਂ ਦੇ ਮਨਾਂ ਵਿਚ ਪੰਜਾਬੀ ਬੋਲੀ ਪ੍ਰਤੀ ਨਿਰਾਦਰ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ:

ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ
ਸਭ ਸਾਂ ਸਾਂ ਕਰਦੇ ਬਿਰਖਾਂ ਦਾ
ਸਭ ਕਲ ਕਲ ਕਰਦੀਆਂ ਨਦੀਆਂ ਦਾ
ਅਪਣਾ ਹੀ ਤਰਾਨਾ ਹੁੰਦਾ ਹੈ
ਪਰ ਸੁਣਿਆਂ ਹੈ

ਇਸ ਧਰਤੀ ਤੇ ਇਕ ਉਹ ਵੀ ਦੇਸ ਹੈ ਜਿਸ ਅੰਦਰ ਬੱਚੇ ਜੇ ਅਪਣੀ ਮਾਂ-ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਐਕਟ ਪਾਸ ਕਰ ਕੇ ਪੰਜਾਬੀ ਦੀ ਪ੍ਰਫੁੱਲਤਾ ਲਈ ਇਕ ਇਤਿਹਾਾਸਕ ਕਦਮ ਉਠਾਇਆ ਹੈ ਤੇ ਇਸ ਗੱਲ ਦੀ ਵੀ ਤਸੱਲੀ ਹੈ ਕਿ ਸਿੱਖਿਆ ਵਿਭਾਗ ਇਸ ਤਾਂਘ ਲਈ ਵੀ ਸਰਗਰਮ ਹੋਇਆ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਨੂੰ ਆਦਰ ਭਰਿਆ ਸਥਾਨ ਮਿਲੇ। ਪਰ ਇਕ ਗੱਲ ਬਹੁਤ ਦੁੱਖ ਦਿੰਦੀ ਹੈ ਕਿ ਸਰਕਾਰੀ ਸਕੂਲਾਂ ਵਿਚ ਵਧੇਰੇ ਕਰ ਕੇ ਪਰਵਾਸੀਆਂ ਤੇ ਗਰੀਬ ਪੰਜਾਬੀਆਂ ਦੇ ਬੱਚੇ ਪੜਦੇ ਹਨ ਤੇ ਅੰਗਰੇਜ਼ੀ ਮਾਧਿਅਮ ਵਿਚ ਅਮੀਰਾਂ ਅਤੇ ਮੱਧਵਰਗੀਆਂ ਦੇ ਬੱਚੇ। ਮੱਧਵਰਗੀ ਮਾਪੇ ਬੜੀ ਮੁਸ਼ਕਲ ਨਾਲ ਇਹ ਦੌੜ ਦੌੜ ਰਹੇ ਹਨ।

ਇਹ ਦੌੜ ਸਾਨੂੰ ਇਕ ਦੂਜੇ ਤੋਂ, ਬਰਾਬਰੀ ਦੇ ਅਹਿਸਾਸ ਤੋਂ, ਪੰਜਾਬੀ ਭਾਸ਼ਾ ਤੋਂ, ਪੰਜਾਬੀਅਤ ਤੋਂ ਵਿਛੋੜ ਰਹੀ ਹੈ :

ਕਿਸ ਤਰਾਂ ਦੀ ਦੌੜ ਹੈ ਪੈਰਾਂ ‘ਚ ਅੱਖਰ ਰੁਲ ਰਹੇ ਨੇ ਓਹੀ ਅੱਖਰ ਜਿਨਾਂ ਅੰਦਰ ਮੰਜ਼ਲਾਂ ਦਾ ਥਹੁ ਪਤਾ ਸੀ ਇਸ ਸਭ ਕੁਝ ਦਾ ਹੱਲ ਏਹੀ ਹੈ ਕਿ ਸਰਕਾਰੀ ਸਕੂਲਾਂ ਨੂੰ ਸੁਹਣੇ ਅਤੇ ਸਮਰਿੱਧ ਬਣਾਉਣ ਲਈ ਇਕ ਬਹੁਤ ਵੱਡੀ ਲਹਿਰ ਚਲਾਈ ਜਾਵੇ, ਸਚਮੁਚ ਬਹੁਤ ਵੱਡੀ ਲਹਿਰ।

ਪਿਛਲੇ ਦਿਨੀਂ ਸਾਡੇ ਪੰਜਾਬੀ ਵਿਦਵਾਨ ਡਾ ਜੋਗਾ ਸਿੰਘ ਨੇ ਮਾਂ-ਬੋਲੀਆਂ ਵਿਚ ਵਿਗਿਆਨ ਦੀ ਪੜਾਈ ਦੇ ਹੱਕ ਵਿਚ ਭਾਰਤ ਪੱਧਰ ‘ਤੇ ਬਹੁਤ ਬੌਧਿਕ ਅਤੇ ਬਾਦਲੀਲ ਢੰਗ ਨਾਲ ਇਸ ਵਿਚਾਰ ਨੂੰ ਦ੍ਰਿੜਾਇਆ ਹੈ ਕਿ ਮਾਂ-ਬੋਲੀ ਰਾਹੀਂ ਅਸੀਂ ਵਿਗਿਆਨ ਨੂੰ ਵਧੇਰੇ ਆਸਾਨੀ ਅਤੇ ਵਧੇਰੇ ਗਹਿਰਾਈ ਵਿਚ ਸਿੱਖ ਸਕਦੇ ਹਾਂ। ਏਹੀ ਨਹੀਂ ਅੰਗਰੇਜ਼ੀ ਜਾਂ ਕਿਸੇ ਹੋਰ ਦੂਜੀ ਭਾਸ਼ਾ ਨੂੰ ਸਿੱਖਣ ਦਾ ਸਹੀ ਤੇ ਸੌਖਾ ਮਾਰਗ ਵੀ ਮਾਂ-ਬੋਲੀ ਦੀ ਮੁਹਾਰਤ ‘ਚੋਂ ਹੀ ਫੁੱਟਦਾ ਹੈ। ਟੀ ਆਰ ਸ਼ਰਮਾ ਹੋਰਾਂ ਨੇ ਵੀ ਬਹੁਤ ਵਰੇ ਇਸ ਦਿਸ਼ਾ ਦਾ ਜ਼ਿਕਰ ਕੀਤਾ।

ਅੰਨੀ ਮਾਂ ਇੱਛਰਾਂ ਨੂੰ ਜਦੋਂ ਕਿਸੇ ਸਾਧੂ ਦੇ ਆਉਣ ਨਾਲ ਪੂਰਨ ਪੁੱਤ ਦੇ ਸੁੱਕੇ ਬਾਗ ਦੇ ਹਰੇ ਹੋਣ ਦੀ ਖ਼ਬਰ ਮਿਲੀ ਤਾਂ ਉਸ ਦੇ ਦਿਲ ਦੀ ਹਾਲਤ ਕਵੀ ਕਾਦਰਯਾਰ ਇਸ ਤਰਾਂ ਬਿਆਨ ਕਰਦਾ ਹੈ:

ਮੀਮ ਮਿਲਣ ਆਈ ਰਾਣੀ ਇੱਛਰਾਂ ਵੀ,
ਲੋਕਾਂ ਆਖਿਆ ਆਇਆ ਏ ਸਾਧ ਕੋਈ
ਮੈਂ ਵੀ ਲੈ ਆਵਾਂ ਦਾਰੂ ਅੱਖੀਆਂ ਦਾ,
ਪੂਰਨ ਛੱਡ ਨਾ ਗਿਆ ਸਵਾਦ ਕੋਈ

ਮਾਂ ਇੱਛਰਾਂ ਨੂੰ ਪੁੱਤ ਪੂਰਨ ਦੇ ਬਾਗ ਦੇ ਹਰੇ ਹੋਣ ਵਾਂਗ ਹੀ ਦਿਲਾਂ ਨੂੰ ਠੰਢ ਪਾਉਣ ਵਾਲੀ ਸੀ ਇਹ ਖ਼ਬਰ ਕਿ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸੁਧੀਰ ਅਗਰਵਾਲ ਨੇ 18 ਅਗਸਤ 2015 ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਚੀਫ਼ ਸਕੱਤਰ ਨੂੰ ਨਿਰਦੇਸ਼ ਭੇਜਿਆ ਕਿ ਸਾਰੇ ਸਰਕਾਰੀ ਅਹਿਲਕਾਰ, ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਤੇ ਜੁਡੀਸ਼ਰੀ ਦੇ ਸਾਰੇ ਮੈਂਬਰ ਆਪਣੇ ਬੱਚਿਆਂ ਨੂੰ ਉੱਤਰ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਪ੍ਰਾਇਮਰੀ ਸਕੂਲਾਂ ਵਿਚ ਪੜਨ ਲਈ ਭੇਜਣ। ਬਹੁਤ ਗਹਿਰੇ ਅਰਥ ਨੇ ਇਸ ਨਿਰਦੇਸ਼ ਦੇ।

ਪੰਜਾਬ ਜੋ ਕਿ ਸ਼ਬਦ-ਗੁਰੂ ਦੀ ਧਰਤੀ ਹੈ, ਬਰਾਬਰੀ ਅਤੇ ਸਾਂਝੀਵਾਲਤਾ ਦਾ ਦਮ ਭਰਨ ਵਾਲੇ ਲੋਕਾਂ ਦੀ ਧਰਤੀ ਹੈ, ਰਾਜਾ ਤੇ ਰੰਕ ਦੇ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਕਥਾ ਨੂੰ ਸੀਨਿਆਂ ਵਿਚ ਸਾਂਭਣ ਵਾਲੇ ਨਾਨਕ ਨਾਮ ਲੇਵਾ ਲੋਕਾਂ ਦੀ ਧਰਤੀ ਹੈ, ਨਾਨਕ ਜਿਸ ਦਾ ਮੁੱਖਵਾਕ ਹੈ :

ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚ
ਨਾਨਕੁ ਤਿਨ ਕੇ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ

ਉਸ ਧਰਤੀ ਤੋਂ ਇਸ ਤਰਾਂ ਦੀ ਦਿਲਾਂ ਨੂੰ ਠੰਢ ਪਾਉਣ ਵਾਲੀ ਆਵਾਜ਼ ਕਿਉਂ ਨਾ ਉੱਠੇ? ਪੰਜਾਬ ਇਸ ਮਾਰਗ ‘ਤੇ ਤੁਰਨ ਦੀ ਪਹਿਲ ਕਿਉਂ ਨਾ ਕਰੇ? ਪੰਜਾਬ ਇਸ ਮਾਰਗ ‘ਤੇ ਦੇਸ਼ ਦਾ ਨੇਤਾ ਕਿਉਂ ਨਾ ਬਣੇ? ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ ਰੱਬ ਦੀ ਮਿਹਰ ਵੀ ਉਨਾਂ ਧਰਤੀਆਂ ‘ਤੇ ਹੀ ਹੁੰਦੀ ਹੈ ਜਿੱਥੇ ਨੀਚਾਂ ਨੂੰ ਸੰਭਾਲਿਆ ਜਾਂਦਾ ਹੈ :

ਜਿਥੈ ਨੀਚ ਸਮਾਲੀਅਨ
ਤਿਥੈ ਨਦਰਿ ਤੇਰੀ ਬਖਸੀਸ

ਅੰਤ ਵਿਚ ਇਕ ਵਾਰ ਫੇਰ ਪੰਜਾਬ ਦੀ ਧਰਤੀ ਬਾਰੇ ਪ੍ਰੋ ਪੂਰਨ ਸਿੰਘ ਹੋਰਾਂ ਦੇ ਬੋਲ ਦੁਹਰਾਉਣੇ ਚਾਹੁੰਦਾ ਹਾਂ :

ਏਥੇ ਬਾਬੇ ਦੇ ਸ਼ਬਦ ਨੇ
ਪੱਥਰਾਂ ਨੂੰ ਪਿਘਾਲਿਆ
ਮਰਦਾਨੇ ਦੀ ਰਬਾਬ ਵੱਜੀ
ਪਰਬਤਾਂ ਸਲਾਮ ਕੀਤਾ
ਬੂਟਾ ਬੂਟਾ ਵਜਦ ਵਿਚ ਨੱਚਿਆ
ਪੰਜਾਬ ਦੀ ਮਿੱਟੀ ਦਾ
ਜ਼ੱਰਾ ਜ਼ੱਰਾ ਕੰਬਿਆ ਪਿਆਰ ਵਿਚ
ਓਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ

ਕੀ ਇਕ ਵਾਰ ਫੇਰ ਪੰਜਾਬ ਦੀ ਮਿੱਟੀ ਦਾ ਜ਼ੱਰਾ ਜ਼ੱਰਾ ਪਿਆਰ ਵਿਚ ਕੰਬ ਸਕਦਾ ਹੈ? ਕੀ ਪੱਥਰ ਪਿਘਲ ਸਕਦੇ ਹਨ? ਬੂਟਾ ਬੂਟਾ ਵਜਦ ਵਿਚ ਨੱਚ ਸਕਦਾ ਹੈ? ਤੇ ਉਹ ਦਰਿਆ ਉਹ ਨਦੀਆਂ ਉੱਚ ਪਰਬਤ ਦੀਆਂ ਪੁੱਤਰੀਆਂ ਜੋ ਸਰਮਾਏਦਾਰਾਂ ਦਾ ਮੈਲਾ ਢੋਂਦੀਆਂ ਹਨ।

ਉੱਚ-ਪਰਬਤ ਦੀਆਂ ਪੁੱਤਰੀਆਂ
ਰੁੱਖ ਰਿਸ਼ੀਆਂ ਦਾ ਪਿਆਰ
ਨਦੀਆਂ ਕੰਜ ਕੁਆਰੀਆਂ
ਕੁੱਖ ਵਿਚ ਕਿਸ ਦਾ ਭਾਰ
ਕਿਸ ਦਾ ਮੈਲਾ ਢੋਂਦੀਆਂ
ਕਿਸ ਦੀਆਂ ਨੇ ਮੁਹਤਾਜ
ਕਿਸ ਦੇ ਪੈਰੀਂ ਰੁਲ ਰਿਹਾ
ਪਰਬਤ ਪਿਤਾ ਦਾ ਤਾਜ
ਕਿਸ ਦੀਆਂ ਨੇ ਇਹ ਬਾਂਦੀਆਂ
ਕਿਸ ਰਾਜੇ ਦਾ ਰਾਜ

ਕੀ ਉਹ ਨਦੀਆਂ ਉਹ ਦਰਿਆ ਫੇਰ ਓਸੇ ਇਲਾਹੀ ਸੁਰ ਵਿਚ ਵਗ ਸਕਦੇ ਹਨ ਜਿਸ ਸੁਰ ਵਿਚ ਵਗਦੇ ਪੰਜਾਬ ਦੇ ਮਹਾਕਵੀ ਪੂਰਨ ਸਿਘ ਨੇ ਆਪਣੇ ਕਾਵਿ-ਨੈਣਾਂ ਨਾਲ ਦੇਖੇ ਸਨ? ਕੀ ਇਕ ਵਾਰ ਫੇਰ ਪੰਜਾਬ ਮਾਨਵਤਾ ਦੇ ਮਹਾ ਮਿਲਾਪ ਦੀ ਧਰਤੀ ਬਣ ਸਕਦਾ ਹੈ?

Comments

comments

Share This Post

RedditYahooBloggerMyspace