ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਸਿੰਘ ਟਵਿਨਜ਼ ਵਜੋਂ ਪ੍ਰਸਿੱਧ ਚਿੱਤਰਕਾਰ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ।

ਜਗਤਾਰਜੀਤ ਸਿੰਘ
ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ‘ਕੱਲੀਆਂ-‘ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।

ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਵਿਦੇਸ਼ ਵਿੱਚ ਜਨਮ, ਪਾਲਣ-ਪੋਸ਼ਣ ਤੇ ਸਿੱਖਿਆ ਦੇ ਬਾਵਜੂਦ ਉਨ੍ਹਾਂ ਨੇ ਖ਼ੁਦ ਨੂੰ ਭਾਰਤ, ਭਾਰਤੀ ਪਰੰਪਰਾ ਅਤੇ ਸਿੱਖ ਧਰਮ ਦੇ ਅਕੀਦਿਆਂ ਤੋਂ ਵੱਖ ਨਹੀਂ ਕੀਤਾ। ‘ਨਾਈਨਟੀਨ ਏਟੀ ਫੋਰ’ (ਸਟੌਰਮਿੰਗ ਆਫ ਦਿ ਗੋਲਡਨ ਟੈਂਪਲ) ਚਿੱਤਰ ਰਚਨਾ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਲਘੂ ਚਿੱਤਰ ਦਾ ਆਕਾਰ ਇੱਕ ਸੌ ਇੱਕ ਸੈਂਟੀਮੀਟਰ ਗੁਣਾਂ ਛਿਅੱਤਰ ਸੈਂਟੀਮੀਟਰ ਹੈ। ਇਸ ਦੀ ਰਚਨਾ 1998 ਵਿੱਚ ਕੀਤੀ ਗਈ। ਇਹਦੇ ਵਾਸਤੇ ਟੈਮਪਰਾ ਰੰਗਾਂ ਤੋਂ ਇਲਾਵਾ ਸੋਨੇ ਦੀ ਧੂੜ ਨੂੰ ਵਰਤਿਆ ਗਿਆ ਹੈ। ਇਹਦੀ ਵਿਉਂਤਬੰਦੀ ਅਜਿਹੀ ਹੈ ਕਿ ਰੰਚ ਮਾਤਰ ਥਾਂ ਖਾਲੀ ਦਿਖਾਈ ਨਹੀਂ ਦਿੰਦੀ ਜਿੱਥੇ ਕੁੱਝ ਹੋਰ ਬਣਾਉਣ ਦੀ ਸੰਭਾਵਨਾ ਮੌਜੂਦ ਹੋਵੇ। ਇਉਂ ਇਹ ਸੰਘਣੀ ਬੁਣਤੀ ਵਾਲਾ ਚਿੱਤਰ ਹੈ। ਚਿਤੇਰੀਆਂ ਦਾ ਯਤਨ ਰਿਹਾ ਹੈ ਕਿ ਹਰਿਮੰਦਰ ਸਾਹਿਬ ਨਾਲ ਜੁੜੇ ਕੁੱਝ ਪ੍ਰਮੁੱਖ ਵੇਰਵਿਆਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ।

ਇਹ ਕਿਰਤ ਦਰਬਾਰ ਸਾਹਿਬ ਦਾ ਮਹਿਜ਼ ਰੂਪ ਉਤਾਰਾ ਨਹੀਂ। ਜੂਨ ਚੁਰਾਸੀ ਦਾ ਪਹਿਲਾ ਹਫ਼ਤਾ ਸਿੱਖ ਮਾਨਸਿਕਤਾ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਜਦੋਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ‘ਤੇ ਚੜ੍ਹਾਈ ਕਰ ਤਬਾਹੀ ਦੇ ਨਵੇਂ ਲੇਖ ਲਿਖ ਦਿੱਤੇ ਸਨ। ਦਿਨ ਸਿਖਰ ਗਰਮੀ ਦੇ ਸਨ। ਸਿੱਖ ਸੰਗਤ ਪੰਚਮ ਗੁਰੂ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਅੰਮ੍ਰਿਤਸਰ ਵਿੱਚ ਇਕੱਤਰ ਹੋ ਰਹੀ ਸੀ। ਜਿਸ ਕਹਿਰ ਨਾਲ ਬੱਚਿਆਂ ਤੋਂ ਲੈ ਬਜ਼ੁਰਗਾਂ ਤਕ ਨੂੰ ਫ਼ੌਜ ਨੇ ਆਪਣੇ ਕੁਬੋਲਾਂ ਅਤੇ ਬਾਰੂਦ ਨਾਲ ਵਿੰਨ੍ਹਿਆ, ਸਿੱਖਾਂ ਲਈ ਉਹ ਦਿਨ ਮੁਗ਼ਲ ਹਕੂਮਤ ਨਾਲੋਂ ਵੀ ਕਰੂਰ ਹੋ ਨਿੱਬੜੇ ਸਨ।

‘ਨੀਲਾ ਤਾਰਾ ਸਾਕਾ’ ਵਾਪਰਨ ਸਮੇਂ ਸਕੂਲ ਪੜ੍ਹਦੀਆਂ ਜੌੜੀਆਂ ਭੈਣਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਚਿਤੇਰੀਆਂ ਬਣਨਗੀਆਂ। ਪੰਜਾਬ ਵਿੱਚ ਚੱਲ ਰਹੀ ਹਨੇਰਗਰਦੀ ਤੋਂ ਥੋੜ੍ਹੇ ਦਿਨਾਂ ਬਾਅਦ ਦਿੱਲੀ ਅਤੇ ਸਾਰੇ ਭਾਰਤ ਵਿੱਚ ਵਸਦੇ ਸਿੱਖਾਂ ਦੇ ਕਤਲੇਆਮ ਨੇ ਇੱਥੋਂ ਦੇ ਹੀ ਨਹੀਂ ਸਗੋਂ ਵਿਦੇਸ਼ੀਂ ਵਸਦੇ ਸਿੱਖਾਂ ਨੂੰ ਅਣਹੋਣੀ ਦੀ ਅੰਨ੍ਹੀਂ ਗਲੀ ਵੱਲ ਧੱਕ ਦਿੱਤਾ। ਉਸ ਵੇਲੇ ਸਿੱਖਾਂ ਨੂੰ ਦੁਨੀਆਂ ਦੇ ਸਨਮੁੱਖ ਗ਼ੈਰ-ਮਨੁੱਖੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਸਿੰਘ ਟਵਿਨਜ਼ ਕਹਿੰਦੀਆਂ ਹਨ, ”ਵਰ੍ਹਿਆਂ ਬਾਅਦ ਜਦੋਂ ਅਸੀਂ ਕਲਾ ਨੂੰ ਆਪਣੇ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਤਾਂ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਆਪਣੀ ਗੱਲ ਕਹਿਣ ਦਾ ਸਦੀਵੀ ਸਾਧਨ ਮਿਲ ਗਿਆ ਹੈ, ਜਿਸ ਰਾਹੀਂ ਉਨੀ ਸੌ ਚੁਰਾਸੀ ਬਾਰੇ ਅਸੀਂ ਆਪਣੀਆਂ ਭਾਵਨਾਵਾਂ ਅਤੇ ਨਿਰਾਸ਼ਾ ਨੂੰ ਕਹਿਣ ਦੇ ਕਾਬਲ ਹੋ ਸਕਦੀਆਂ ਹਾਂ।”

ਦੇਖਣ ਨੂੰ ਭਾਵੇਂ ਇਹ ਵੱਡ ਆਕਾਰੀ ਕਿਰਤ ਨਹੀਂ, ਪਰ ਚਿਤੇਰੀਆਂ ਨੇ ਇਸ ਨੂੰ ਸਾਰਥਿਕ, ਅਰਥ ਭਰਪੂਰ ਬਣਾਉਣ ਦਾ ਪੂਰਾ ਯਤਨ ਕੀਤਾ ਹੈ। ਇਸ ਵਿੱਚ ਸਿੱਖ ਇਤਿਹਾਸ ਦੀਆਂ ਉੱਭਰਵੀਆਂ ਘਟਨਾਵਾਂ ਨੂੰ ਥਾਂ ਮਿਲੀ ਹੈ। ਸਭ ਤੋਂ ਪੁਰਾਣੀ ਇਕਾਈ ਦਰਬਾਰ ਸਾਹਿਬ ਹੈ ਜਿਸ ਦੀ ਨੀਂਹ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਸੀ। 1984 ਤਕ ਸਿੱਖਾਂ ਨੇ ਅੰਮ੍ਰਿਤਸਰ ਦੇ ਸੰਦਰਭ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਇਹ ਚਿੱਤਰ ਸਿੱਖ ਇਤਿਹਾਸ ਨੂੰ ਆਪਣੀ ਤਰ੍ਹਾਂ ਬਿਆਨਦਾ ਹੈ। ਚਿੱਤਰਕਾਰ ਭੈਣਾਂ ਦਾ ਯਤਨ ਰਿਹਾ ਹੈ ਕਿ ਭੰਡਣ ਵਾਲਾ ਕੋਈ ਸ਼ਖ਼ਸ ਜਾਂ ਸਮੂਹ ਜਾਂ ਸਰਕਾਰ ਚਿੱਤਰ ਨੂੰ ਸਿੱਖਾਂ ਦੀ ਆਜ਼ਾਦੀ ਦਾ ਪੱਖ ਪੂਰਨ ਵਾਲਾ ਕਹਿ ਕੇ ਇਸ ਨੂੰ ਭਾਰਤ ਵਿਰੋਧੀ ਨਾ ਗਰਦਾਨ ਦੇਵੇ।

ਚਿੱਤਰ ਨੂੰ ਵਿਸ਼ੇਸ਼ ਦੂਰੀ ਅਤੇ ਉੱਪਰੋਂ ਦੇਖਿਆ ਜਾ ਰਿਹਾ ਹੈ। ਚਿਤੇਰੀਆਂ ਦਾ ਮੱਤ ਹੈ, ”ਸਾਨੂੰ ਗੁਰੂ ਘਰ ਨਾਲ ਪਿਆਰ ਹੈ, ਪਰ ਅਸੀਂ ਉਸ ਤੋਂ ਦੂਰ ਰਹਿ ਰਹੀਆਂ ਹਾਂ। ਜੋ ਕੁੱਝ ਵਾਪਰਿਆ, ਉਸ ਨੂੰ ਅੱਖੀਂ ਨਹੀਂ ਡਿੱਠਾ, ਬੱਸ ਲੋਕ ਮੂੰਹਾਂ ਤੋਂ ਸੁਣਿਆ ਸੀ।” ਇਉਂ ਦੂਰੀ ਦੋ ਅਰਥ ਦਿੰਦੀ ਹੈ। ਇੱਕ ਭੌਤਿਕ ਜਾਂ ਸਰੀਰਕ ਦੂਰੀ। ਦੂਜੀ ਚਿੱਤਰ ਦੀ ਮੰਗ ਤਾਂ ਜੋ ਦ੍ਰਿਸ਼ ਨੂੰ ਸਹੀ ਢੰਗ ਨਾਲ ਬਣਾਇਆ-ਦਿਖਾਇਆ ਜਾ ਸਕੇ। ਚਿੱਤਰ ਦੀ ਅਗਰਭੂਮੀ ਨੂੰ ਮਹੱਤਵ ਮਿਲਿਆ ਹੈ। ਸਮੇਂ ਵਿੱਚ ਖਿਲਰੀਆਂ ਇਤਿਹਾਸਕ ਘਟਨਾਵਾਂ ਦਾ ਜਮਾਵੜਾ ਇੱਥੇ ਹੀ ਦਿਖਾਈ ਦਿੰਦਾ ਹੈ। ਇਨ੍ਹਾਂ ਪਿੱਛੇ ਪਵਿੱਤਰ ਸਰੋਵਰ ਅਤੇ ਸਰੋਵਰ ਵਿੱਚ ਸਥਿਤ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਾਹਿਬ ਅਤੇ ਪਰਿਕਰਮਾ ਦਾ ਦ੍ਰਿਸ਼ ਆਮ ਦਿਨਾਂ ਜਿਹਾ ਨਹੀਂ। ਇਹ ਪਰੰਪਰਕ ਵਰਤੋਂ-ਵਿਹਾਰ ਤੋਂ ਮੂਲੋਂ ਵੱਖਰਾ, ਕੱਟ-ਵੱਡ, ਖ਼ੂਨ-ਖ਼ਰਾਬੇ ਦਾ ਅਸ਼ਾਂਤ ਕਰਨ ਵਾਲਾ ਦ੍ਰਿਸ਼ ਹੈ। ਸੰਦਰਭ ਮੁਤਾਬਿਕ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋ ਰਹੀ ਸਿੱਖ ਸੰਗਤ ਦੀ ਗਿਣਤੀ ਆਮ ਨਾਲੋਂ ਕਿਤੇ ਵੱਧ ਸੀ। ਭਾਰਤੀ ਫ਼ੌਜ ਨੇ ਹਰਿਮੰਦਰ ਸਾਹਿਬ ਉੱਪਰ ਆਪਣੇ ਪੂਰੇ ਜ਼ੋਰ ਨਾਲ ਹਮਲਾ ਕਰ ਦਿੱਤਾ। ਇਸ ਦੀ ਤਸਦੀਕ ਪਰਿਕਰਮਾ ਵਿੱਚ ਖੜ੍ਹੇ ਦੋ ਟੈਂਕਾਂ ਤੋਂ ਹੋ ਰਹੀ ਹੈ। ਇੱਕ ਅਕਾਲ ਤਖ਼ਤ ਦੇ ਕਰੀਬ ਖੱਬੇ ਵੱਲ ਖੜ੍ਹਾ ਹੈ ਅਤੇ ਦੂਜਾ ਬਾਬਾ ਦੀਪ ਸਿੰਘ ਦੇ ਸ਼ਹੀਦੀ ਅਸਥਾਨ ਦੇ ਕੋਲ। ਇਸ ਤੋਂ ਇਲਾਵਾ ਪਰਿਕਰਮਾ ਦੇ ਅੰਦਰ ਅਤੇ ਬਾਹਰ ਹਥਿਆਰਾਂ ਨਾਲ ਲੈਸ ਫ਼ੌਜ ਨਿਹੱਥੇ ਅਤੇ ਆਪਣੇ ਬਚਾਅ ਲਈ ਭਾਂਤ-ਭਾਂਤ ਦਾ ਤਰੱਦਦ ਕਰ ਰਹੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਜੇ ਜ਼ੁਲਮ ਆਪਣਾ ਸਿਖਰਲਾ ਰੂਪ ਦਰਸਾ ਰਿਹਾ ਹੈ ਤਾਂ ਗੁਰੂ ਦੀ ਸ਼ਹਾਦਤ ਦੀ ਯਾਦ ਵਿੱਚ ਇਕੱਠੇ ਹੋਏ ਸਿੱਖ ਵੀ ਧੀਰਜ, ਸਹਿਣਸ਼ੀਲਤਾ ਦੀ ਸਿਖਰ ਛੋਹ ਰਹੇ ਹਨ। ਸਿਰ ਲਾਲ ਪੱਗ ਅਤੇ ਗਲ ਹਰੇ ਚੋਲੇ ਵਾਲੇ ਬਜ਼ੁਰਗ ਦੀ ਛਾਤੀ ਵਿੱਚ ਗੋਲੀ ਲੱਗੀ। ਇਸ ਦੇ ਨਾਲ ਹੀ ਤਿੰਨ ਜੀਆਂ ਦਾ ਇੱਕ ਪਰਿਵਾਰ ਹੈ। ਪਤੀ ਅਤੇ ਪਤਨੀ ਦੀਆਂ ਅੱਖਾਂ ਵਿੱਚ ਚਾਰੋਂ ਪਾਸੇ ਫੈਲੇ ਭੈਅ ਦਾ ਅਕਸ ਹੈ। ਤ੍ਰੀਮਤ ਨੇ ਆਪਣੇ ਕਲਾਵੇ ਵਿੱਚ ਘੁੱਟ ਕੇ ਆਪਣਾ ਬਾਲ ਫੜਿਆ ਹੋਇਆ ਹੈ। ਦੋਵਾਂ ਦੇ ਸਰੀਰਾਂ ਦੀ ਹਰਕਤ ਗ਼ੈਰ-ਕੁਦਰਤੀ ਹੈ। ਅਚਨਚੇਤੀ ਹੋਣੀ ਨੇ ਇਨ੍ਹਾਂ ਦੀ ਸਰੀਰਕ ਲੈਅ ਨੂੰ ਤਹਿਸ-ਨਹਿਸ ਕਰ ਦਿੱਤਾ। ਕੁਦਰਤੀ ਲੈਅ ਤੋਂ ਅੱਡ ਹੋਏ ਕਈ ਮੋਟਿਫ ਚਿੱਤਰ ਦਾ ਅੰਗ ਬਣੇ ਹੋਏ ਹਨ।

ਜਿਉਂ ਜਿਉਂ ਨਜ਼ਰ ਇਨ੍ਹਾਂ ਤੋਂ ਹਟ ਕੇ ਥੱਲੇ ਨੂੰ ਹੋ ਕੇ ਟੈਂਕ ਵੱਲ ਵਧਦੀ ਹੈ ਤਾਂ ਮਾਰੇ ਜਾ ਚੁੱਕੇ ਸਿੰਘਾਂ ਦਾ ਢੇਰ ਦਿਸਦਾ ਹੈ। ਟੈਂਕ ਦੇ ਪਹੀਆਂ ਕਰੀਬ ਮਰੇ ਪਏ ਵਿਅਕਤੀ ਦੀ ਛਾਤੀ ਉੱਪਰ ਮਾਰਿਆ ਬੱਚਾ ਦਿਖਾਈ ਦੇ ਰਿਹਾ ਹੈ।

ਸਥਿਤੀ ਜਿਵੇਂ ਦੀ ਵੀ ਹੈ, ‘ਸਿੰਘ ਟਵਿਨਜ਼’ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗੰਭੀਰਤਾ ਨਾਲ ਪੜ੍ਹਿਆ ਹੋਇਆ ਹੈ। ਤਾਹੀਓਂ ਕੋਈ ਵੀ ਪਾਤਰ ਰਹਿਮ ਦੀ ਮੰਗ ਨਹੀਂ ਕਰ ਰਿਹਾ।

ਪੇਂਟਿੰਗ ਵਿੱਚ ਭਾਰਤੀ ਫ਼ੌਜ ਭਰਪੂਰ ਗਿਣਤੀ ਵਿੱਚ ਮੌਜੂਦ ਹੈ। ਨਾਲ ਹੀ ਐਨ ਉੱਪਰ ਵੱਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸਮਾਰਕ ਹੈ। ਇਹ ਥਾਂ ਦਰਬਾਰ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ ਹੈ। ਇਹ ਸਮਾਰਕ ਇੱਕ ਮਕਸਦ ਵਜੋਂ ਆਇਆ ਹੈ, ਸਿਰਫ਼ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੋਣ ਕਰਕੇ ਨਹੀਂ। ਜੇ 13 ਅਪਰੈਲ 1919 ਨੂੰ ਬੇਦੋਸ਼ੇ ਮਾਰੇ ਗਏ ਸਨ ਤਾਂ ਦਰਬਾਰ ਸਾਹਿਬ ਵਿੱਚ ਵੀ ਬੇਦੋਸ਼ੇ ਮਾਰੇ ਗਏ ਸਨ। ਉਸ ਵੇਲੇ ਵਿਦੇਸ਼ੀ ਰਾਜ ਸੀ, ਹੁਣ ਆਪਣਿਆਂ ਦੀ ਹਕੂਮਤ ਹੈ। ਦੋਵੇਂ ਥਾਈਂ ਮਾਰਨ ਵਾਲੇ ਭਾਰਤੀ ਸਿਪਾਹੀ ਹੀ ਸਨ ਭਾਵੇਂ ਹੁਕਮਰਾਨ ਵੱਖ ਵੱਖ ਮੁਲਕਾਂ ਦੇ ਸਨ।

ਐਨ ਖੱਬੇ ਥੱਲੇ ਵੱਲ ਅੰਨ੍ਹੀ ਤਾਕਤ ਦੇ ਬਲਸ਼ਾਲੀ ਪ੍ਰਤੀਕ ਦਿਸਦੇ ਹਨ। ਟੈਂਕ ਤਬਾਹੀ ਦਾ ਪ੍ਰਤੀਕ ਹੈ, ਪਰ ਵਿਅਕਤੀ ਦੀ ਸੋਚ ਉਸ ਤੋਂ ਵੀ ਤਬਾਹਕੁੰਨ ਹੋ ਸਕਦੀ ਹੈ। ਜੂਨ ਉੱਨੀ ਸੌ ਚੁਰਾਸੀ ਦੀ ਤ੍ਰਾਸਦਿਕ ਖੇਡ ਦੀ ਵਿਉਂਤਬੰਦੀ ਦੇ ਪਿਛੋਕੜ ਵਿੱਚ ਇੰਦਰਾ ਗਾਂਧੀ ਦੀ ਸੋਚ ਸੀ। ਚਿਤੇਰੀਆਂ ਨੇ ਉਸ ਨੂੰ ਟੈਂਕ ਉੱਪਰ ਸਵਾਰ ਦਿਖਾਇਆ ਹੈ। ਉਸ ਦੀਆਂ ਅੱਖਾਂ ਇੱਕ ਥਾਂ ਟਿਕੀਆਂ, ਭਾਵਹੀਣ ਹਨ। ਉਸ ਦੀ ਸੋਚ ਦਾ ਵਿਹਾਰਕ ਪੱਖ ਇਸ ਤਸਵੀਰ ਵਿੱਚ ਹਾਜ਼ਰ ਹੈ।

ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਅਹਿਮ ਰੋਲ ਅਦਾ ਕੀਤਾ। ਚਿਤੇਰੀਆਂ ਨੇ ਇਸ ਸਭ ਦਾ ਪ੍ਰਤੀਕ ਭਗਤ ਸਿੰਘ ਨੂੰ ਬਣਾਇਆ ਹੈ। ਗੁਰੂ ਸਾਹਿਬ ਦੇ ਪਿੱਛੇ ਉਸ ਦੀ ਇਮੇਜ ਨੂੰ ਵੀ ਪਰ੍ਹਾਂ ਕੀਤਾ ਜਾ ਰਿਹਾ ਹੈ। ਇਹ ਸ਼ਾਸਕ ਵੱਲੋਂ ਆਪਣੇ ਦੇਸ਼ ਦੀ ਇੱਕ ਕੌਮ ਪ੍ਰਤੀ ਅਵਿਸ਼ਵਾਸ ਦੇ ਪ੍ਰਗਟਾਵੇ ਦਾ ਚਿੰਨ੍ਹ ਹੈ। ਰਚਨਾਕਾਰਾਂ ਨੇ ਖੁੱਲ੍ਹ ਲੈਂਦਿਆਂ ਬਿਰਤਾਂਤ ਨੂੰ ਬਦਲਿਆ ਹੈ। ਇੰਦਰਾ ਗਾਂਧੀ ਨੇ ਸਰੀਰਕ ਤੌਰ ‘ਤੇ ਹਮਲੇ ਵਿੱਚ ਹਿੱਸਾ ਨਹੀਂ ਲਿਆ, ਪਰ ਘਟਨਾ ਸਥਾਨ ਤੋਂ ਦੂਰ ਹੋਣ ਦੇ ਬਾਵਜੂਦ ਸਾਰਾ ਕੁੱਝ ਉਸ ਦੀ ਦੇਖ-ਰੇਖ ਵਿੱਚ ਹੋਇਆ ਸੀ। ਤਾਹੀਂ ਉਹ ਚਿੱਤਰ ਦਾ ਹਿੱਸਾ ਬਣਾਈ ਗਈ ਹੈ।
ਇੰਦਰਾ ਗਾਂਧੀ ਦੇ ਚਿਹਰੇ ਨਾਲ ਤਿੰਨ ਹੋਰ ਨੇਤਾਵਾਂ ਚਰਚਿਲ, ਮਾਰਗਰੇਟ ਥੈਚਰ ਅਤੇ ਕਲਿੰਟਨ ਦੇ ਚਿਹਰੇ ਜੋੜ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਨਿੱਜੀ ਸ਼ੋਹਰਤ ਨੂੰ ਕਾਇਮ ਰੱਖਣ ਲਈ ਆਪਣੇ ਦੇਸ਼ ਵਾਸੀਆਂ ਵਿਰੁੱਧ ਅਨੇਕਾਂ ਮਾਰੂ ਫ਼ੈਸਲੇ ਲਏ।

ਟੈਂਕ ਤੋਂ ਪਰ੍ਹਾਂ ਸਿੱਖ ਜਨਮਾਣਸ ਵਿੱਚ ਟਿਕੀ ਬਾਬਾ ਦੀਪ ਸਿੰਘ ਦੀ ਤਸ਼ਬੀਹ ਹੈ ਜਿਨ੍ਹਾਂ ਦੇ ਸੱਜੇ ਹੱਥ ਖੰਡਾ ਹੈ ਅਤੇ ਖੱਬੇ ਹੱਥ ਦੀ ਤਲੀ ਉੱਪਰ ਕੱਟਿਆ ਹੋਇਆ ਸੀਸ। ਇਸੇ ਥਾਂ ਆ ਕੇ ਉਨ੍ਹਾਂ ਆਪਣਾ ਸੀਸ, ਅੰਮ੍ਰਿਤਸਰ ਦੀ ਰੱਖਿਆ ਕਰਦਿਆਂ ਅਰਪ ਦਿੱਤਾ ਸੀ। ਸਰੋਵਰ ਦੇ ਪਰਲੇ ਪਾਰ, ਜਿੱਥੇ ਟੈਂਕ ਖੜ੍ਹਾ ਹੈ, ਬਾਬਾ ਦੀਪ ਸਿੰਘ ਗੁਰਦੁਆਰਾ ਹੈ। ਕਹਿੰਦੇ ਹਨ ਕਿ ਫ਼ੌਜ ਵੱਲੋਂ ਵਾੜਿਆ ਗਿਆ ਪਹਿਲਾ ਟੈਂਕ ਉਸ ਥਾਂ ਤੋਂ ਅਗਾਂਹ ਨਾ ਵਧ ਸਕਿਆ, ਨਕਾਰਾ ਹੋ ਗਿਆ। ਤਾਂਹੀਓਂ ਦੂਜਾ ਟੈਂਕ ਲਿਆ ਕੇ ਅਕਾਲ ਤਖ਼ਤ ਸਾਹਿਬ ਦੇ ਕਰੀਬ ਖੜ੍ਹਾਇਆ ਗਿਆ ਸੀ।

ਸਿੰਘ ਟਵਿਨਜ਼ ਮੱਧਕਾਲ ਦੇ ਸਿੰਘ ਯੋਧੇ ਦੇ ਕਰਮ ਨੂੰ ਵਰਤਮਾਨ ਸਮੇਂ ਵਿੱਚ ਵੀ ਕਾਰਜ ਕਰਦਾ ਦੇਖ ਰਹੀਆਂ ਹਨ। ਦੋ ਭਿੰਨ ਹਾਲਾਤ ਹਨ, ਪਰ ਇਨ੍ਹਾਂ ਵਿੱਚ ਸੰਜੁਗਤੀ ਵੀ ਹੈ। ਪੇਂਟਿੰਗ ਦੱਸ ਰਹੀ ਹੈ ਕਿ ਬੀਤਿਆ ਹੋਇਆ ਵਰਤਮਾਨ ਵਾਸਤੇ ਕਿਵੇਂ ਪ੍ਰਸੰਗਕ ਹੋ ਗੁਜ਼ਰਦਾ ਹੈ। ਅਜਿਹੀਆਂ ਮੇਲਵੀਆਂ ਹੋਣੀਆਂ ਨਵੇਂ ਲੋਕ ਵਿਸ਼ਵਾਸਾਂ ਨੂੰ ਦ੍ਰਿੜ੍ਹ ਕਰਦੀਆਂ ਹਨ।

ਬਾਬਾ ਦੀਪ ਸਿੰਘ ਦੀ ਇਮੇਜ ਦੇ ਬਿਲਕੁਲ ਅੱਗੇ ਹਥਿਆਰਬੰਦ ਫ਼ੌਜੀ ਸੰਗੀਨ ਚੜ੍ਹੀ ਬੰਦੂਕ ਨਾਲ ਸਿੱਖ ਸ਼ਰਧਾਲੂ ਨੂੰ ਮਾਰ ਰਿਹਾ ਹੈ। ਐਨ ਕਰੀਬ ਵਿਰਲਾਪ ਕਰ ਰਹੀ ਇਸਤਰੀ ਦੀ ਗੋਦ ਵਿੱਚ ਬੱਚਾ ਹੈ। ਸੰਭਵ ਹੈ ਅਗਲਾ ਮਰਨ ਵਾਲਾ ਬੱਚਾ ਜਾਂ ਮਾਂ ਹੋਵੇ।

ਜਿਹੜਾ ਟੈਂਕ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਉੱਤੇ ਖੜ੍ਹਾ ਹੈ ਉਹ ਲੰਗਰਖਾਨੇ ਵੱਲ ਦੀ ਆਇਆ ਸੀ। ਫਰਸ਼ ਉੱਪਰ ਲਹੂ ਦੀਆਂ ਝਰੀਟਾਂ ਦੱਸਦੀਆਂ ਹਨ ਜਿਵੇਂ ਟੈਂਕ ਥੱਲੇ ਆ ਕੇ ਕੋਈ ਮਧੋਲਿਆ ਗਿਆ ਹੈ।

ਚਿੱਤਰ ਨੂੰ ਵਿੱਥ ਤੋਂ ਦੇਖਣ ਨਾਲ ਲੱਗਦਾ ਹੈ ਕਿ ਫ਼ੌਜੀ ਕਾਰਵਾਈ ਦੀ ਵਿਉਂਤਬੰਦੀ ਚੁਪਾਸਿਓਂ ਕੀਤੀ ਗਈ ਸੀ। ਇਹ ਦਰਬਾਰ ਸਾਹਿਬ ਦੇ ਕਰੀਬ ਵੀ ਹੈ ਅਤੇ ਇਮਾਰਤ ਤੋਂ ਬਾਹਰ ਵੀ। ਸਭ ਦਾ ਨਿਸ਼ਾਨਾ ਇੱਕ ਹੈ- ਪਵਿੱਤਰ ਅਸਥਾਨ ਅਤੇ ਸ਼ਰਧਾਲੂ।

ਇਹ ਦ੍ਰਿਸ਼ ‘ਸਾਕਾ ਨੀਲਾ ਤਾਰਾ’ ਵਿੱਚ ਵਾਪਰੇ ਦੀ ਹੂ-ਬ-ਹੂ ਤਸਵੀਰ ਨਹੀਂ ਸਗੋਂ ਅਨੇਕਾਂ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਆਧਾਰਿਤ ਹੈ। ਸਿੰਘ ਟਵਿਨਜ਼ ਦੱਸਦੀਆਂ ਹਨ, ”ਅਸੀਂ ਅਜਿਹਾ ਚਿੱਤਰ ਬਣਾਉਣਾ ਚਾਹੁੰਦੀਆਂ ਸਾਂ ਜਿਸ ਵਿੱਚ ਹੋਏ ਵਾਪਰੇ ਦੀ ਸਿੱਧੀ ਨੁਕਤਾਚੀਨੀ ਕੀਤੀ ਗਈ ਹੋਵੇ। ਏਦਾਂ ਕਰਦਿਆਂ ਅਸੀਂ ਸਜਗ ਸਾਂ ਕਿ ਕਿਤੇ ਇਹ ਭਾਰਤ ਵਿਰੋਧੀ ਨਾ ਬਣ ਕੇ ਰਹਿ ਜਾਵੇ ਜਾਂ ਸਰਕਾਰ ਹੀ ਅਜਿਹਾ ਭੁਲੇਖਾ ਜਗਾਉਣ ਦੇ ਰਾਹ ਪੈ ਜਾਵੇ ਜਾਂ ਸਿੱਖਾਂ ਦੀ ਆਜ਼ਾਦ ਸਟੇਟ ਮੰਗਣ ਵਾਲਾ ਸਮੂਹ ਇਸ ਚਿੱਤਰ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲੱਗ ਪਵੇ। ਇਸ ਤ੍ਰਾਸਦੀ ਦੇ ਬਾਵਜੂਦ ਅਸੀਂ ਜਾਣਦੀਆਂ ਹਾਂ ਕਿ ਬਹੁਗਿਣਤੀ ਸਿੱਖ ਰਾਸ਼ਟਰਵਾਦੀ ਹਨ ਅਤੇ ਉਹ ਆਪਣੀ ਵੱਖਰੀ ਸਿੱਖ ਹੋਂਦ ਕਾਇਮ ਰੱਖਦਿਆਂ ਵੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ।”

ਇਹ ਚਿੱਤਰ ਸਾਹਮਣੇ ਆਉਣ ‘ਤੇ ਕੁੱਝ ਖ਼ਾਸ ਰੰਗ ਦਿਸਦੇ ਹਨ। ਹਲਕੇ ਨੀਲੇ ਰੰਗ ਵਾਲਾ ਸਰੋਵਰ, ਸੋਨੇ ਰੰਗਾ ਦਰਬਾਰ ਸਾਹਿਬ ਅਤੇ ਸਫ਼ੈਦ ਰੰਗ ਵਾਲੀਆਂ ਪਰਿਕਰਮਾ ਦੀਆਂ ਇਮਾਰਤਾਂ ਅਤੇ ਘੰਟਾ ਘਰ। ਜ਼ਿਆਦਾ ਧਿਆਨ ਸਰੋਵਰ ਵਿੱਚ ਡੁੱਲ੍ਹੇ ਲਹੂ ਉੱਪਰ ਜਾ ਟਿਕਦਾ ਹੈ। ਸ਼ਾਂਤੀ, ਸਬਰ, ਭਾਈਚਾਰੇ ਦਾ ਲਖਾਇਕ ਪਵਿੱਤਰ ਅਸਥਾਨ ਵੈਰ ਅਤੇ ਹਿੰਸਾ ਵਿੱਚ ਡੁੱਬ ਗਿਆ। ਪੇਂਟਿੰਗ ਦਾ ਵੱਡਾ ਹਿੱਸਾ ਸਰੋਵਰ ਹਿੱਸੇ ਆਇਆ ਹੈ ਜਿਸ ਦੇ ਜਲ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਇਸ ਵਿੱਚ ਲਹੂ ਹੀ ਨਹੀਂ ਸਗੋਂ ਲਾਸ਼ਾਂ ਵੀ ਹਨ। ਦਰਬਾਰ ਸਾਹਿਬ ਦੀ ਛੱਤ, ਜੰਗਲੇ, ਪਰਿਕਰਮਾ ਅਤੇ ਹੋਰ ਥਾਵਾਂ ਮ੍ਰਿਤਕਾਂ ਨਾਲ ਭਰਪੂਰ ਹੈ। ਚੁਰਾਸੀ ਦੀ ਹੋਣੀ ਨੂੰ ਦੱਸਦਾ ਇਹ ਚਿੱਤਰ ਕਾਫ਼ੀ ਨਰਮ ਸੁਭਾਅ ਵਾਲਾ ਹੈ। ਰਚਨਾਕਾਰ ਦੇ ਗਿਆਨ ਅਤੇ ਸਮਰੱਥਾ ਨੇ ਇਹਦੇ ਵਿੱਚੋਂ ਹੀ ਝਾਕਣਾ ਹੈ। ਅਪਣਾਈ ਸ਼ੈਲੀ ਵੀ ਵਿਸ਼ੇ ਨੂੰ ਮਰਯਾਦਿਤ ਕਰਦੀ ਹੈ। ਸਿੰਘ ਟਵਿਨਜ਼ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਹਰ ਤਫ਼ਸੀਲ ਹਾਸਲ ਕਰਨ ਦਾ ਉਪਰਾਲਾ ਕਰਦੀਆਂ ਹਨ। ਚਿੱਤਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੀ ਉਚਾਈ ਇੱਕੋ ਜਿਹੀ ਨਹੀਂ। ਇੱਕ ਵੱਡਾ ਹੈ, ਦੂਜਾ ਉਸ ਤੋਂ ਨੀਵਾਂ। ਸਿੰਘ ਟਵਿਨਜ਼ ਨੇ ਉਸ ਭਿੰਨਤਾ ਨੂੰ ਚਿੱਤਰਕਾਰੀ ਦੀ ਪੇਸ਼ਕਸ਼ ਵਿੱਚ ਭੁਲਾਇਆ ਨਹੀਂ। ਅਗਰਭੂਮੀ ਦੀ ਸਪੇਸ ਦੇ ਮੁਕਾਬਲੇ ਸਿਖਰ ਉੱਪਰ ਆਸਮਾਨ ਦੀ ਲੰਮੀ ਧਾਰੀ ਦਿਖਾਈ ਦਿੰਦੀ ਹੈ। ਆਸਮਾਨ ਨਿਰਮਲ ਨਹੀਂ ਸਗੋਂ ਬੱਦਲਾਂ ਦੀ ਗਤੀਵਿਧੀ ਨਾਲ ਭਰਪੂਰ ਹੈ। ਇਹ ਧਰਤ ਦੀ ਉਥਲ-ਪੁਥਲ ਦਾ ਅਕਸ ਲੱਗਦਾ ਹੈ। ਸਿਆਹ ਬੱਦਲਾਂ ਦੀ ਆਵਾਜਾਈ ਸ਼ੁਭ ਸੰਕੇਤ ਨਹੀਂ।

ਚਿਤੇਰੀਆਂ ਨੇ ਤੇਜ਼ ਅਤੇ ਗੂੜ੍ਹੇ ਰੰਗ ਵਰਤੇ ਹਨ। ਇਹ ਚੋਣ ਉਨ੍ਹਾਂ ਦੇ ਮਿਜਾਜ਼ ਦਾ ਹਿੱਸਾ ਹੈ। ਇਹ ਦ੍ਰਿਸ਼ ਰਚਨਾ ਆਮ ਪੇਂਟਿੰਗਾਂ ਜਾਂ ਫੋਟੋਗ੍ਰਾਫ਼ਰਾਂ ਤੋਂ ਐਨ ਉਲਟ ਹੈ। ਇੱਕ ਖ਼ਾਸ ਵਸਤੂ ਸਥਿਤੀ ਵਿੱਚ ਹਰਿਮੰਦਰ ਸਾਹਿਬ ਨੂੰ ਟਿਕਾਉਣਾ ਕ੍ਰਾਂਤੀਕਾਰੀ ਪਹਿਲ ਹੈ। ਇਹ ਵਸਤੂ ਸਥਿਤੀ ਇਤਿਹਾਸਕ ਤ੍ਰਾਸਦੀ ਦਾ ਬੋਧ ਕਰਵਾਉਂਦੀ ਹੈ।

Comments

comments

Share This Post

RedditYahooBloggerMyspace