ਸ. ਬਹਾਦੁਰ ਸਿੰਘ ਦੀ ਅਗਵਾਈ ਵਿੱਚ ਨਾਪਾ ਦੇ ਵਫ਼ਦ ਨੇ ਰੌਨ ਵਾਈਡਨ ਕੋਲ ਅਮਰੀਕੀ ਜੇਲ੍ਹਾਂ ‘ਚ ਬੰਦ ਪੰਜਾਬੀਆਂ ਦਾ ਮੁੱਦਾ ਚੁੱਕਿਆ

ਔਰੀਗਨ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਸਟੇਟ ਚੇਅਰਮੈਨ ਸ. ਬਹਾਦੁਰ ਸਿੰਘ ਦੀ ਅਗਵਾਈ ਵਿੱਚ ਸੈਨੇਟਰ ਰੌਨ ਵਾਈਡਨ ਨਾਲ ਇੱਕ ਘੰਟਾ ਦੇ ਲਗਭਗ ਕੀਤੀ ਮੀਟਿੰਗ ਵਿੱਚ ਔਰੀਗਨ ਜੇਲ੍ਹ ‘ਚ ਬੰਦ 52 ਪੰਜਾਬੀ ਨੌਜਵਾਨਾਂ ਅਤੇ ਓਟੇਰੋ ਪ੍ਰਾਸੈਸਿੰਗ ਸੈਂਟਰ ‘ਚ ਬੰਦ 7- ਪੰਜਾਬੀ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਵਿਚਾਰਿਆ। ਅੱਜ ਇੰਮੀਗ੍ਰੇਸ਼ਨ ਅਤੇ ਰਫ਼ਿਊਜੀ ਕਮਿਊਨਟੀ ਈਵੈਂਟ ਮੌਕੇ ਵੱਖ-ਵੱਖ ਕਮਿਊਨਟੀਆਂ ਦੇ ਪ੍ਰਤੀਨਿਧਾਂ ਨੇ ਵੀ ਆਪਣੇ ਲੋਕਾਂ ਨੂੰ ਦਰਪੇਸ਼ ਸਮਾਜਿਕ ਤੇ ਰਾਜਨੀਤਿਕ ਬੇਇਨਸਾਫ਼ੀਆਂ ਦੇ ਮਾਮਲਿਆਂ ਦੀ ਚਰਚਾ ਕੀਤੀ। ਸੈਨੇਟਰ ਵਾਈਡਨ ਨੇ ਵੀ ਇਨ੍ਹਾਂ ਪ੍ਰਤੀਨਿਧਾਂ ਨਾਲ ਅਜਿਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਇਸ ਸਬੰਧ ‘ਚ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬਹੁਤੇ ਕਾਨੂੰਨਘਾੜੇ ਇਸ ਮਾਮਲੇ ਤੋਂ ਜਾਣੂੰ ਹਨ ਪਰ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸਿੱਖ ਸੇਵਾ ਫਾਊਂਡੇਸ਼ਨ ਅਤੇ ਗ਼ਦਰ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਤੀਨਿਧੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

ਨਾਪਾ ਔਰਗੇਨ ਸਟੇਟ ਦੇ ਚੇਅਰਮੈਨ ਬਹਾਦੁਰ ਸਿੰਘ ਨੇ ਕਿਹਾ ਕਿ ਕਈ ਕੈਦੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਆਪਣੇ ਵਕੀਲਾਂ ਨੂੰ ਨਿੱਜੀ ਤੌਰ ‘ਤੇ ਜਾਂ ਉਨ੍ਹਾਂ ਦੁਆਰਾ ਸਥਾਪਤ ਕੀਤੀਆਂ ਹੌਟਲਾਈਨਾਂ ਰਾਹੀਂ ਪਹੁੰਚ ਕਰਨ ਤੋਂ ਅਸਮਰਥ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਅਧਿਕਾਰੀ ਅਜਿਹੀਆਂ ਸਥਿਤੀਆਂ ਪੈਦਾ ਕਰ ਕਿ ਕੈਦੀਆਂ ਨੂੰ ਕਾਨੂੰਨੀ ਪ੍ਰਤੀਨਿਧਾਂ ਨਾਲ ਜਾਂ ਇਸ ਤੋਂ ਬਿਨਾਂ ਸ਼ਰਨ ਦੇ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੌਜੂਦਾ ਰਾਸ਼ਟਰਪਤੀ ਦੇ ਅਹੁਦੇ ਸੰਭਾਲਣ ਤੋਂ ਬਾਅਦ ਅਮਰੀਕਾ ਵਿਚ ਨਸਲੀ ਅਪਰਾਧ ਵਧ ਰਹੇ ਹਨ। ਸਿੱਖ ਭਾਈਚਾਰਾ 9/11 ਦੇ ਬਾਅਦ ਸਭ ਤੋਂ ਵੱਡਾ ਪੀੜਤ ਹੈ। ਹੁਣ ਸਿੱਖ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਡਰਦੇ ਹਨ, ਜੇ ਉਨ੍ਹਾਂ ਦੇ ਲੰਮੇ ਵਾਲ ਹਨ। ਉਨ੍ਹਾਂ ਨੇ ਪਰਵਾਸੀਆਂ ਦੀਆਂ ਹੋਰ ਚਿੰਤਾਵਾਂ ਨੂੰ ਵੀ ਸਾਂਝਾਂ ਕੀਤਾ, ਜੋ ਆਪਣੇ ਵਰਕ ਪਰਮਿਟ ਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਅੱਗੇ ਵਿਸਥਾਰ ਨਾਲ ਦੱਸਿਆ ਕੇ ਇਹ ਲੋਕ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੇ ਅਧਿਕਾਰ ਨੂੰ ਵਧਾਉਣ ਦੀ ਆਗਿਆ ਨਹੀਂ ਮਿਲੇਗੀ।
ਸਤ ਹਨੂਮਾਨ ਸਿੰਘ ਖ਼ਾਲਸਾ ਨੇ ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਅਤੇ ਇਸਨੂੰ ਮੌਜ਼ੂਦਾ ਸਿਆਸੀ ਤੇ ਸਮਾਜਿਕ ਦ੍ਰਿਸ਼ ਨਾਲ ਜੋੜਿਆ। ਨਾਪਾ ਆਗੂ ਗੁਰਜੀਤ ਸਿੰਘ, ਨਵਨੀਤ ਕੌਰ ਅਤੇ ਓਰੇਗਨ ਦੇ ਇਤਿਹਾਸਕਾਰ ਜੋਹਾਣਾ ਓਗਡਨ ਵੀ ਇਸ ਮੌਕੇ ‘ਤੇ ਮੌਜੂਦ ਸਨ।

 

Comments

comments

Share This Post

RedditYahooBloggerMyspace