52 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ ਲਈ ਉਤਾਵਲਾ ਹੈ ਇੰਗਲੈਂਡ

ਰੇਪਿਨੋ, 6 ਜੁਲਾਈ  : ਪਿਛਲੇ 52 ਸਾਲਾਂ ਤੋਂ ਵਿਸ਼ਵ ਕੱਪ ਜਿੱਤਣ ਦੀ ਉਡੀਕ ਕਰ ਰਹੇ ਇੰਗਲੈਂਡ ਨੂੰ ਕੁਆਰਟਰ ਫਾਈਨਲ ਵਿੱਚ ਸਵੀਡਨ ਦੇ ਰੂਪ ਵਿੱਚ ਭਾਵੇਂ ਆਸ ਨਾਲੋਂ ਸੌਖੀ ਚੁਣੌਤੀ ਮਿਲੀ ਹੈ, ਪਰ ਉਸ ਨੂੰ ਉਲਟਫੇਰ ਦੀ ਮਾਹਿਰ ਇਸ ਟੀਮ ਤੋਂ ਭਲਕੇ ਚੌਕਸ ਰਹਿਣਾ ਹੋਵੇਗਾ। ਸਵੀਡਨ ਦੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਪਿਛਲੇ ਅੱਠ ਮੁਕਾਬਲਿਆਂ ’ਚੋਂ ਸਿਰਫ਼ ਇਕ ਮੁਕਾਬਲੇ ’ਚ ਹਾਰ ਨਸੀਬ ਹੋਈ ਹੈ। ਮਾਸਕੋ ਵਿੱਚ ਤਣਾਅਪੂਰਨ ਮਾਹੌਲ ਵਿੱਚ ਖੇਡੇ ਗਏ ਆਖਰੀ 16 ਦੇ ਮੁਕਾਬਲੇ ਵਿੱਚ ਕੋਲੰਬੀਆ ਨੂੰ ਪੈਨਲਈ ਸ਼ੂਟਆਊਟ ਵਿੱਚ ਹਰਾਉਣ ਮਗਰੋਂ ਇੰਗਲੈਂਡ ਦੀ ਟੀਮ ਬੁਲੰਦ ਹੌਸਲੇ ’ਚ ਹੈ। ਡਿਫੈਂਡਰ ਜੌਨ ਸਟੋਨੇਸ ਨੇ ਕਿਹਾ, ‘ਅਸੀਂ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਆਏ ਹਾਂ। ਅਸੀਂ ਲੰਮੀ ਉਡੀਕ ਕੀਤੀ ਹੈ।’

ਇੰਗਲੈਂਡ ਨੇ 1966 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਚਾਰ ਸਾਲ ਪਹਿਲੇ ਬ੍ਰਾਜ਼ੀਲ ਵਿੱਚ ਹੋਏ ਆਲਮੀ ਕੱਪ ਵਿੱਚ ਟੀਮ ਜਲਦੀ ਹੀ ਰੁਖ਼ਸਤ ਹੋ ਗਈ ਸੀ ਤੇ ਯੂਰੋ 2016 ਵਿੱਚ ਆਈਸਲੈਂਡ ਹੱਥੋਂ ਹਾਰ ਗਈ ਸੀ। ਜੇਰੇਥ ਸਾਊਥਗੇਟ ਦੀ ਅਗਵਾਈ ਵਾਲੀ ਟੀਮ ਦੀ ਮਕਬੂਲੀਅਤ ਦਾ ਇਹ ਆਲਮ ਹੈ ਕਿ ਮਈ ਵਿੱਚ ਹੋਏ ਸ਼ਾਹੀ ਵਿਆਹ ਤੋਂ ਵੱਧ ਦਰਸ਼ਕ ਉਸ ਨੂੰ ਫੁਟਬਾਲ ਮੈਚਾਂ ਵਿੱਚ ਮਿਲ ਰਹੇ ਹਨ। ਕੋਲੰਬੀਆ ਖ਼ਿਲਾਫ਼ ਮੈਚ 2.36 ਕਰੋੜ ਲੋਕਾਂ ਨੇ ਵੇਖਿਆ। ਸਟੋਨੇਸ ਨੇ ਕਿਹਾ, ‘ਸਾਨੂੰ ਖ਼ੁਸ਼ੀ ਹੈ ਕਿ ਲੋਕ ਸਾਡੇ ਨਾਲ ਹਨ। ਮੈਨੂੰ ਆਪਣੇ ਦੋਸਤਾਂ ਤੋਂ ਤਸਵੀਰਾਂ ਮਿਲ ਰਹੀਆਂ ਹਨ ਕਿ ਲੋਕ ਮੁਲਕ ਭਰ ਵਿੱਚ ਥਾਂ ਥਾਂ ਮੈਚ ਵੇਖ ਰਹੇ ਹਨ।’ ਸਵੀਡਨ ਨੂੰ ਹਲਕੇ ਵਿੱਚ ਨਾ ਲੈਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਹਾ, ‘ਕੁਆਰਟਰ ਫਾਈਨਲ ਓਨਾਂ ਸੌਖਾ ਨਹੀਂ ਹੋਵੇਗਾ ਜਿੰਨਾ ਸਮਝਿਆ ਜਾ ਰਿਹੈ। ਇਹ ਵਿਸ਼ਵ ਕੱਪ ਹੈ ਤੇ ਕੋਈ ਵੀ ਟੀਮ ਖ਼ਰਾਬ ਨਹੀਂ ਹੈ।’

ਉਧਰ ਸਵੀਡਨ ਨੇ ਕੁਆਲੀਫਾਈਂਗ ਗੇੜ ਵਿੱਚ ਇਟਲੀ ਤੇ ਨੀਦਰਲੈਂਡ ਨੂੰ ਮਾਤ ਦਿੰਦਿਆਂ ਵਿਸ਼ਵ ਕੱਪ ’ਚ ਥਾਂ ਬਣਾਈ ਹੈ। ਸਾਬਕਾ ਚੈਂਪੀਅਨ ਜਰਮਨੀ ਦੇ ਵਿਸ਼ਵ ਕੱਪ ’ਚੋਂ ਲਾਂਭੇ ਹੋਣ ਮਗਰੋਂ ਗਰੁੱਪ ਐਫ ਵਿੱਚ ਸਵੀਡਨ ਦੀ ਟੀਮ ਸਿਖਰ ’ਤੇ ਰਹੀ ਸੀ। ਹਾਲਾਂਕਿ ਜਲਾਟਨ ਇਬਰਾਹਿਮੋਵਿਚ ਦੇ ਸੰਨਿਆਸ ਮਗਰੋਂ ਟੀਮ ’ਚ ਊਰਜਾ ਦੀ ਘਾਟ ਜ਼ਰੂਰ ਰੜਕੀ ਹੈ। ਸਵੀਡਨ ਦੇ ਕਪਤਾਨ ਆਂਦਰਿਆਸ ਗ੍ਰਾਂਕਵਿਸਟ ਨੇ ਕਿਹਾ, ‘ਆਮ ਤੌਰ ’ਤੇ ਦੂਜੀਆਂ ਟੀਮਾਂ ਕਾਗਜ਼ਾਂ ’ਤੇ ਬਿਹਤਰ ਹਨ, ਪਰ ਸਾਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।’

Comments

comments

Share This Post

RedditYahooBloggerMyspace