ਪੀਐਮਐਲ-ਐਨ ਨੇ ਮਰੀਅਮ ਦੀ ਥਾਂ ਨਵੇਂ ਉਮੀਦਵਾਰ ਐਲਾਨੇ

ਲਾਹੌਰ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ ਮੁਲਕ ਦੀਆਂ ਆਮ ਚੋਣਾਂ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦੀ ਥਾਂ ਨਵੇਂ ਉਮੀਦਵਾਰ ਐਲਾਨ ਦਿੱਤੇ ਹਨ। ਗ਼ੌਰਤਲਬ ਹੈ ਕਿ ਬੀਤੇ ਦਿਨ ਇਕ ਭ੍ਰਿਸ਼ਟਾਚਾਰ-ਰੋਕੂ ਅਦਾਲਤ ਨੇ ਅਵੈਨਫੀਲਡ ਹਾਊਸ ਕੇਸ ਵਿੱਚ ਮਰੀਅਮ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਪਾਰਟੀ ਨੇ ਮਰੀਅਮ ਦੇ ਕੌਮੀ ਅਸੰਬਲੀ ਦੇ ਹਲਕੇ ਐਨਏ-127 (ਲਾਹੌਰ) ਤੋਂ ਲਾਹੌਰ ਵਿੰਗ ਦੇ ਪ੍ਰਧਾਨ ਅਲੀ ਪਰਵੇਜ਼ ਮਲਿਕ ਨੂੰ ਟਿਕਟ ਦਿੱਤੀ ਹੈ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਲਹਿੰਦੇ ਪੰਜਾਬ ਦੀ ਅਸੰਬਲੀ ਦੀ ਸੀਟ ਪੀਪੀ-173 (ਨਨਕਾਣਾ ਸਾਹਿਬ) ਲਈ ਉਸ ਦੀ ਥਾਂ ਇਰਫ਼ਾਨ ਸ਼ਫ਼ੀ ਖੋਖਰ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ।

ਗ਼ੌਰਤਲਬ ਹੈ ਕਿ ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਬੀਤੇ ਦਿਨ ਸ਼ਰੀਫ਼ ਪਰਿਵਾਰ ਨੂੰ ਲੰਡਨ ਵਿੱਚ ਫਲੈਟਾਂ ਦੀ ਖ਼ਰੀਦ ਲਈ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਤਹਿਤ ਅਦਾਲਤ ਨੇ ਸ੍ਰੀ ਸ਼ਰੀਫ਼ ਨੂੰ 10 ਸਾਲ ਕੈਦ ਅਤੇ ਇਕ ਕਰੋੜ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ ਵਿੱਚ ਮਰੀਅਮ ਨੂੰ ਸੱਤ ਸਾਲ ਕੈਦ ਅਤੇ 26 ਲੱਖ ਡਾਲਰ ਜੁਰਮਾਨਾ ਕੀਤਾ ਗਿਆ ਹੈ। ਉਸ ਦੇ ਪਤੀ ਕੈਪਟਨ ਮੁਹੰਮਦ ਸਫ਼ਦਰ ਅਵਾਨ ਨੂੰ ਵੀ ਸਜ਼ਾ ਸੁਣਾਈ ਗਈ ਹੈ।

Comments

comments

Share This Post

RedditYahooBloggerMyspace