ਮੋਦੀ ਨੇ ਦੇਸ਼ ਵਿਦੇਸ਼ ਦੇ ਦੌਰਿਆਂ ਦੇ ਲੇਖੇ ਲਾਇਆ ਇਕ ਸਾਲ

ਬਠਿੰਡਾ, 7 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਸਤਨ ਹਰ ਦਸਵਾਂ ਦਿਨ ਵਿਦੇਸ਼ ’ਚ ਗੁਜ਼ਾਰਿਆ ਜਦਕਿ ਉਨ੍ਹਾਂ ਦੇਸ਼ ’ਚ ਔਸਤਨ ਹਰ ਚੌਥਾ ਦਿਨ ਦੌਰੇ ’ਚ ਕੱਢਿਆ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਪੰਜਾਬ ਦੇ ਹੁਣ ਅੱਠਵੇਂ ਦੌਰੇ ’ਤੇ 11 ਜੁਲਾਈ ਨੂੰ ਮਲੋਟ ਆ ਰਹੇ ਹਨ। ਚਾਰ ਵਰ੍ਹਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁੱਲ 298 ਦੌਰੇ ਕੀਤੇ ਹਨ ਜਿਨ੍ਹਾਂ ’ਚੋਂ 104 ਦੌਰੇ ਗੈਰ ਸਰਕਾਰੀ ਹਨ। ਪ੍ਰਧਾਨ ਮੰਤਰੀ ਨੇ ਕੁੱਲ 358 ਦਿਨ ਦੇਸ਼ ਦੇ ਦੌਰਿਆਂ ਦੇ ਲੇਖੇ ਲਾਏ ਹਨ ਜਿਨ੍ਹਾਂ ’ਚੋਂ 116 ਦਿਨ ਗੈਰ ਸਰਕਾਰੀ ਦੌਰਿਆਂ ਦੇ ਹਨ। ਸਰਕਾਰੀ ਦੌਰਿਆਂ ’ਤੇ ਨਜ਼ਰ ਮਾਰੀਏ ਤਾਂ ਮੋਦੀ ਨੇ ਦੇਸ਼ ਵਿੱਚ ਔਸਤਨ ਹਰ 16ਵੇਂ ਦਿਨ ਦੌਰਾ ਕੀਤਾ।

ਪ੍ਰਧਾਨ ਮੰਤਰੀ ਦਫ਼ਤਰ ਦੇ ਸਰਕਾਰੀ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਚਾਰ ਸਾਲਾਂ ’ਚ ਕੁੱਲ 40 ਵਿਦੇਸ਼ੀ ਦੌਰੇ ਕੀਤੇ ਹਨ ਜਿਨ੍ਹਾਂ ਦੌਰਾਨ ਉਹ ਕਰੀਬ  60 ਮੁਲਕਾਂ ’ਚ ਗਏ। ਉਨ੍ਹਾਂ ਵਿਦੇਸ਼ੀ ਧਰਤੀ ’ਤੇ ਇਸ ਦੌਰਾਨ  151 ਦਿਨ ਗੁਜ਼ਾਰੇ ਹਨ। ਪ੍ਰਧਾਨ ਮੰਤਰੀ ਦੇ 30 ਵਿਦੇਸ਼ ਦੌਰਿਆਂ ਦੌਰਾਨ ਇਕੱਲੀਆਂ ਹਵਾਈ ਉਡਾਣਾਂ ’ਤੇ 377.47 ਕਰੋੜ ਰੁਪਏ ਖ਼ਰਚ ਆਏ ਹਨ ਜਦਕਿ ਇਸ ਤੋਂ ਬਿਨਾਂ ਪੰਜ ਦੌਰਿਆਂ ਦੌਰਾਨ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੀ ਵਰਤੋਂ ਹੋਈ ਹੈ। ਬਾਕੀ ਦੌਰਿਆਂ ਦੇ ਬਿੱਲ ਪ੍ਰਾਪਤ ਨਹੀਂ ਹੋਏ ਹਨ। ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਦੇ ਪੰਜ ਵਰ੍ਹਿਆਂ ਦੌਰਾਨ 19 ਵਿਦੇਸ਼ੀ ਦੌਰੇ ਕੀਤੇ ਸਨ।

ਨਰਿੰਦਰ ਮੋਦੀ ਦੇ ਦੇਸ਼ ਦੇ ਦੌਰਿਆਂ ’ਤੇ ਨਜ਼ਰ ਮਾਰੀਏ ਤਾਂ ਮੋਦੀ ਨੇ ਔਸਤਨ ਹਰ ਅੱਠਵਾਂ ਦਿਨ ਗ਼ੈਰ ਸਰਕਾਰੀ ਦੌਰੇ ’ਚ ਕੱਢਿਆ ਜਦਕਿ ਹਰ 16ਵੇਂ ਦਿਨ ਸਰਕਾਰੀ ਦੌਰਾ ਕੀਤਾ। ਸਾਲ 2017 ਵਿੱਚ ਮੋਦੀ ਨੇ ਦੇਸ਼ ਦੌਰਿਆਂ ਦੇ ਰਿਕਾਰਡ ਤੋੜੇ ਤੇ ਇਸ ਇੱਕੋ ਵਰ੍ਹੇ ਦੌਰਾਨ ਉਨ੍ਹਾਂ 99 ਦਿਨਾਂ ’ਚ 85 ਦੌਰੇ ਕੀਤੇ। ਇਨ੍ਹਾਂ ’ਚੋਂ 38 ਦੌਰੇ ਗ਼ੈਰ ਸਰਕਾਰੀ ਰਹੇ। ਸ੍ਰੀ ਮੋਦੀ ਨੇ ਸਾਲ 2014 ਵਿੱਚ ਦੇਸ਼ ਦੇ 68 ਦੌਰੇ ਕੀਤੇ ਜਦਕਿ ਸਾਲ 2015 ਵਿੱਚ 55, ਸਾਲ 2016 ਵਿੱਚ 60 ਦੌਰੇ ਕੀਤੇ। ਚਾਲੂ ਸਾਲ ਦੌਰਾਨ ਮੋਦੀ ਵੱਲੋਂ ਹੁਣ ਤੱਕ 30 ਦੌਰੇ ਕੀਤੇ ਗਏ ਹਨ ਅਤੇ 35 ਦਿਨ ਦੇਸ਼ ਦੇ ਦੌਰਿਆਂ ਵਿੱਚ ਕੱਢੇ ਹਨ। ਨਰਿੰਦਰ ਮੋਦੀ ਦੇ ਦੇਸ਼ ਵਿਦੇਸ਼ ਦੇ ਗੇੜੇ ਖ਼ਜ਼ਾਨੇ ’ਤੇ ਭਾਰੂ ਪੈਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਪੰਜਾਬ ਦੇ ਸੱਤ ਦੌਰੇ ਕਰ ਚੁੱਕੇ ਹਨ, ਜਿਨ੍ਹਾਂ ’ਚੋਂ ਤਿੰਨ ਦੌਰੇ ਗੈਰ ਸਰਕਾਰੀ ਸਨ। ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫ਼ਿਰੋਜ਼ਪੁਰ, ਬਠਿੰਡਾ ਤੇ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰ ਚੁੱਕੇ ਹਨ ਤੇ ਸ੍ਰੀ ਆਨੰਦਪੁਰ ਸਾਹਿਬ ਦਾ 19 ਜੂਨ 2015 ਦਾ ਦੌਰਾ ਰੱਦ ਹੋ ਗਿਆ ਸੀ।
ਪ੍ਰਧਾਨ ਮੰਤਰੀ ਵਜੋਂ ਮੋਦੀ ਨੇ 25 ਨਵੰਬਰ 2016 ਨੂੰ ਬਠਿੰਡਾ ’ਚ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ। ਉਂਜ ਉਹ ਲੋਕ ਸਭਾ ਚੋਣਾਂ ਦੌਰਾਨ ਚੋਣ ਰੈਲੀ ਨੂੰ ਬਠਿੰਡਾ ਵਿੱਚ ਵੀ ਸੰਬੋਧਨ ਕਰ ਕੇ ਗਏ ਸਨ। ਹੁਣ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਨ ਵਾਸਤੇ ਨਰਿੰਦਰ ਮੋਦੀ 11 ਜੁਲਾਈ ਨੂੰ ਮਲੋਟ ਪੁੱਜ ਰਹੇ ਹਨ।

ਮੋਦੀ ਦੀ ਹਰ ਫੇਰੀ ਤੋਂ ਪੰਜਾਬ ਨੂੰ ਲਾਹਾ: ਜਗਦੀਪ ਨਕਈ

ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹੇ ਦੇ ਨਵੇਂ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਠਿੰਡਾ ਖਿੱਤੇ ਦੀ ਫੇਰੀ ਹਮੇਸ਼ਾ ਲਾਹੇ ਵਾਲੀ ਰਹੀ ਹੈ। ਪਹਿਲਾਂ ਉਹ ਬਠਿੰਡਾ ਇਲਾਕੇ ਨੂੰ ਏਮਜ਼ ਦੀ ਸੌਗਾਤ ਦੇ ਕੇ ਗਏ ਅਤੇ ਹੁਣ ਉਨ੍ਹਾਂ ਜਿਨਸਾਂ ਦੇ ਭਾਅ ਵਧਾ ਕੇ ਦੇਸ਼ ਦੇ ਨਾਲ ਪੰਜਾਬ ਦੀ ਕਿਸਾਨੀ ਦੀ ਬਾਂਹ ਫੜੀ ਹੈ।

Comments

comments

Share This Post

RedditYahooBloggerMyspace