ਕੰਵਰ ਸੰਧੂ ਤੇ ਤਿੰਨ ਕਾਂਗਰਸੀ ਵਿਧਾਇਕਾਂ ਨੇ ਕਰਵਾਏ ਡੋਪ ਟੈਸਟ

ਐੱਸ.ਏ.ਐੱਸ. ਨਗਰ (ਮੁਹਾਲੀ), 9 ਜੁਲਾਈ

ਆਮ ਆਦਮੀ ਪਾਰਟੀ (‘ਆਪ’) ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਅੱਜ ਇੱਥੇ ਸਰਕਾਰੀ ਹਸਪਤਾਲ ਵਿੱਚ ਆਪਣਾ ਡੋਪ ਟੈਸਟ ਕਰਵਾਇਆ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨੌਜਵਾਨ ਵਰਗ ਸਮੇਤ ਸਮੂਹ ਰਾਜਸੀ ਧਿਰਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅੱਗੇ ਆਉਣ ਦੀ ਅਪੀਲ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸੰਧੂ ਅੱਜ ਦੁਪਹਿਰ ਵੇਲੇ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਪਹੁੰਚੇ। ਉਨ੍ਹਾਂ ਨੇ ਐੱਸਐੱਮਓ ਡਾ. ਮਨਜੀਤ ਸਿੰਘ ਤੋਂ ਡੋਪ ਟੈਸਟ ਦੀ ਮੁੱਢਲੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਫਾਰਮ ਭਰ ਕੇ ਖਿੜਕੀ ’ਤੇ 1500 ਰੁਪਏ ਸਰਕਾਰੀ ਫੀਸ ਜਮ੍ਹਾਂ ਕਰਵਾਈ। ਇਸ ਮਗਰੋਂ ਮੈਡੀਕਲ ਟੀਮ ਵੱਲੋਂ ਡੋਪ ਟੈਸਟ ਲਈ ਉਨ੍ਹਾਂ ਦਾ ਸੈਂਪਲ ਲਿਆ ਗਿਆ।
ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕੰਵਰ ਸੰਧੂ ਨੇ ਕਿਹਾ ਸੂਬਾ ਸਰਕਾਰ ਨੇ ਬੜੀ ਚਲਾਕੀ ਨਾਲ ਨਸ਼ਿਆਂ ਦੇ ਗੰਭੀਰ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਡੋਪ ਟੈਸਟ ਦਾ ਪੱਤਾ ਖੇਡਿਆ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਸਹੁੰ ਚੁੱਕਣ ਦੇ ਮਾਮਲੇ ਵਿੱਚ ਸਰਕਾਰ ਪੂਰੀ ਤਰ੍ਹਾਂ ਘਿਰ ਗਈ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਡੋਪ ਟੈਸਟ ਕੋਈ ਪੱਕਾ ਹੱਲ ਨਹੀਂ ਹੈ ਕਿਉਂਕਿ ਰਿਪੋਰਟ ਵਿੱਚ ਗੜਬੜੀ ਜਾਂ ਛੇੜਛਾੜ ਦੀ ਸੰਭਾਵਨਾ ਵੱਧ ਹੈ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਡੋਪ ਟੈਸਟ ਬਾਰੇ ਪੁੱਛੇ ਜਾਣ ’ਤੇ ਸ੍ਰੀ ਸੰਧੂ ਨੇ ਕਿਹਾ ਕਿ ਸ੍ਰੀ ਮਾਨ ਇਨ੍ਹੀਂ ਦਿਨੀਂ ਇੰਗਲੈਂਡ ਵਿੱਚ ਹਨ। ਜਦੋਂ ਪੱਤਰਕਾਰਾਂ ਨੇ ਪੁੱਛਿਆਂ ਕਿ ਵਿਦੇਸ਼ ਤੋਂ ਵਾਪਸ ਆਉਣ ਮਗਰੋਂ ਕੀ ਉਹ (ਭਗਵੰਤ ਮਾਨ) ਡੋਪ ਟੈਸਟ ਕਰਵਾਉਣਗੇ ਤਾਂ ਵਿਧਾਇਕ ਸੰਧੂ ਨੇ ਕਿਹਾ ਕਿ ਇਹ ਸਵੈ-ਇੱਛਾ ਦਾ ਮਾਮਲਾ ਹੈ ਅਤੇ ਕਿਸੇ ਨੂੰ ਜ਼ਬਰਦਸਤੀ ਇਹ ਟੈਸਟ ਕਰਵਾਉਣ ਲਈ ਨਹੀਂ ਆਖਿਆ ਜਾ ਸਕਦਾ ਹੈ। ਉਂਜ ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ਜਦੋਂ ਕਿਸੇ ਵਿਸ਼ੇਸ਼ ਵਿਅਕਤੀ ’ਤੇ ਸਵਾਲ ਉੱਠ ਰਹੇ ਹੋਣ ਤਾਂ ਉਸ ਨੂੰ ਆਪਣਾ ਡੋਪ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਵੀ ਹਾਜ਼ਰ ਸਨ।

ਫ਼ਰੀਦਕੋਟ : ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਰਾਜ ਵਿੱਚੋਂ ਨਸ਼ਾ ਖ਼ਤਮ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਡੋਪ ਟੈਸਟ ਮੁਹਿੰਮ ਤਹਿਤ ਅੱਜ ਇੱਥੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ 14 ਸਾਥੀਆਂ ਸਮੇਤ ਡੋਪ ਟੈਸਟ ਕਰਵਾਇਆ ਅਤੇ ਨੈਗੇਟਿਵ ਰਿਪੋਰਟ ਦਿੱਤੀ।
ਵਿਧਾੲਕ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਕੇਂਦਰ ਦਾ ਜਾਇਜ਼ਾ ਲਿਆ। ਵਿਧਾਇਕ ਢਿੱਲੋਂ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਜ਼ਿਲ੍ਹਾ ਇੰਚਾਰਜ ਓਟ ਡਾ. ਰਣਜੀਤ ਕੌਰ ਨੇ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਨੌਜਵਾਨਾਂ ਦੀ ਗਿਣਤੀ ਵਧ ਗਈ ਹੈ ਇਸ ਲਈ ਉਨ੍ਹਾਂ ਨੂੰ ਹੋਰ ਸਟਾਫ ਦੀ ਜ਼ਰੂਰਤ ਹੈ। ਵਿਧਾੲਕ ਨੇ ਛੇਤੀ ਹੀ ਹੋਰ ਸਟਾਫ ਦੇਣ ਦਾ ਭਰੋਸਾ ਦਿੱਤਾ।
ਲੁਧਿਆਣਾ : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਡੋਪ ਟੈਸਟ ਕਰਵਾਉਣ ਤੋਂ ਬਾਅਦ ਹੁਣ ਲੁਧਿਆਣਾ ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਵੀ ਡੋਪ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਨੇ ਡੋਪ ਟੈਸਟ ਕਰਵਾਇਆ ਅਤੇ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਹੱਥੋ-ਹੱਥੀ ਉਨ੍ਹਾਂ ਦੀ ਨੈਗਟਿਵ ਆਈ ਰਿਪੋਰਟ ਵੀ ਦੇ ਦਿੱਤੀ।
ਵਿਧਾਇਕ ਡਾਵਰ ਨੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨਾਲ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਨਸ਼ਿਆਂ ਦੀ ਸਪਲਾਈ ਰੋਕਣ ਲਈ ਦਵਾਈ ਵਿਕਰੇਤਾਵਾਂ ਦੀ ਲਗਾਤਾਰ ਚੈਕਿੰਗ ਜਾਰੀ ਰੱਖਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਵਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਹਸਪਤਾਲ ਦੇ ਕੁਝ ਕਰਮਚਾਰੀ ਨਸ਼ੇ ਦੀਆਂ ਦਵਾਈਆਂ ਦਾ ਕਥਿਤ ਕਾਰੋਬਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਸਿਹਤ ਵਿਭਾਗ ਅਤੇ ਪੁਲੀਸ ਵਿਭਾਗ ਦੀ ਸਾਂਝੀ ਮੀਟਿੰਗ ਬੁਲਾਉਣਗੇ।
ਪਾਇਲ : ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਇੱਥੇ ਸਿਵਲ ਹਸਪਤਾਲ ਵਿੱਚ ਆਪਣੇ ਸਾਥੀਆਂ ਸਮੇਤ ਸੀ.ਐੱਚ.ਪੀ. ਵਿੱਚ ਡੋਪ ਟੈਸਟ ਕਰਵਾਇਆ।  ਉਨ੍ਹਾਂ ਕਿਹਾ ਕਿ ਹਲਕਾ ਪਾਇਲ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਉਹ ਪਹਿਲੇ ਦਿਨ ਤੋਂ ਹੀ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੇ ਹਨ।

Comments

comments

Share This Post

RedditYahooBloggerMyspace