ਫਾਈਨਲ ’ਚ ਦਾਖ਼ਲੇ ਲਈ ਬੈਲਜੀਅਮ ਅਤੇ ਫਰਾਂਸ ਵਿਚਾਲੇ ਟੱਕਰ ਅੱਜ

ਸੇਂਟ ਪੀਟਰਸਬਰਗ

ਫਰਾਂਸ ਅਤੇ ਬੈਲਜੀਅਮ: ਕੀ ਕਹਿੰਦੇ ਹਨ ਅੰਕੜੇ
* ਬੈਲਜੀਅਮ ਦੂਜੀ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਉਹ 1986 ਦੇ ਚੈਂਪੀਅਨ ਅਰਜਨਟੀਨਾ ਤੋਂ ਹਾਰ ਗਿਆ ਸੀ।
* ਰਾਬਰਟੋ ਮਾਰਟਿਨੇਜ਼ ਦੀ ਟੀਮ ਨੇ 23 ਮੈਚ ਜਿੱਤੇ ਹਨ। ਉਹ ਆਖ਼ਰੀ ਵਾਰ ਯੂਰੋ 2016 ਦੇ ਕੁਆਰਟ ਫਾਈਨਲ ਵਿੱਚ ਵੇਲਜ਼ ਹੱਥੋਂ ਹਾਰੀ ਸੀ।
* ਬੈਲਜੀਅਮ ਨੇ ਇਸ ਵਿਸ਼ਵ ਕੱਪ ਦੌਰਾਨ  ਸਭ ਤੋਂ ਵੱਧ 14 ਗੋਲ ਕੀਤੇ ਹਨ। ਰੋਮੇਲੂ ਲੁਕਾਕੂ ਨੇ ਆਪਣੇ ਪਿਛਲੇ 13 ਮੈਚਾਂ ਵਿੱਚ 17 ਗੋਲ ਕੀਤੇ ਹਨ ਅਤੇ ਤਿੰਨ ਗੋਲਾਂ ਵਿੱਚ ਮਦਦ ਕੀਤੀ ਹੈ।
* ਫਰਾਂਸ ਛੇਵੀਂ ਵਾਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਿਆ ਹੈ। ਉਹ 1998 ਵਿੱਚ ਚੈਂਪੀਅਨ ਬਣਿਆ ਸੀ ਅਤੇ 2006 ਦੌਰਾਨ ਉਪ ਜੇਤੂ ਰਿਹਾ ਸੀ।
* ਐਂਟਨੀ ਗਰੀਜ਼ਮੈਨ ਨੇ ਵੱਡੇ ਟੂਰਨਾਮੈਂਟ ਦੇ ਨਾਕਆਊਟ ਗੇੜ ਦੌਰਾਨ ਸੱਤ ਗੋਲ ਕੀਤੇ ਹਨ। 

ਰਾਬਰਟੋ ਮਾਰਟਿਨੇਜ਼ ਦੀ ਬੈਲਜੀਅਮ 21ਵੇਂ ਫੀਫਾ ਵਿਸ਼ਵ ਕੱਪ ਵਿੱਚ ਚੋਟੀ ਦੇ ਸਕੋਰਰ ਵਜੋਂ ਸੈਮੀ ਫਾਈਨਲ ਵਿੱਚ ਪਹੁੰਚੀ ਹੈ, ਜਿੱਥੇ ਉਹ ਮੰਗਲਵਾਰ ਨੂੰ ਆਪਣੇ ਪੁਰਾਣੇ ਵਿਰੋਧੀ ਫਰਾਂਸ ਦੀ ਚੁਣੌਤੀ ਨੂੰ ਤੋੜਦਿਆਂ ਫਾਈਨਲ ਦਾ ਟਿਕਟ ਕਟਾਉਣ ਉਤਰੇਗੀ। ਉਹ ਇਸ ਵਾਰ ਪੂਰੇ ਆਤਮਵਿਸ਼ਵਾਸ ਨਾਲ ਵੱਡੇ ਉਲਟਫੇਰ ਦੀ ਤਿਆਰੀ ਵਿੱਚ ਜਾਪ ਰਹੀ ਹੈ।

ਬੈਲਜੀਅਮ ਨੇ ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ 14 ਗੋਲ ਕੀਤੇ ਹਨ। ਬ੍ਰਾਜ਼ੀਲ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਮਿਲੀ 2-1 ਗੋਲਾਂ ਦੀ ਜਿੱਤ ਵਿੱਚ ਉਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਰੋਮੇਲੂ ਲੁਕਾਕੂ, ਈਡਨ ਹਜ਼ਾਰਡ ਅਤੇ ਕੇਵਿਨ ਡਿ ਬਰੂਨ ਨੇ ਹਮਲਾਵਰ ਪ੍ਰਦਰਸ਼ਨ ਦੇ ਦਮ ’ਤੇ ਪੰਜ ਵਾਰ ਦੀ ਚੈਂਪੀਅਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਇਸ ਤੋਂ ਉਲਟ ਫਰਾਂਸ ਦੀ ਟੀਮ ਨੇ ਗਰੁੱਪ ਗੇੜ ਵਿੱਚ ਆਸਟਰੇਲੀਆ ਅਤੇ ਪੇਰੂ ਖ਼ਿਲਾਫ਼ ਜਿੱਤ ਦਰਜ ਕੀਤੀ ਅਤੇ ਡੈਨਮਾਰਕ ਨਾਲ ਡਰਾਅ ਖੇਡ ਕੇ ਨਾਕਆਊਟ ਵਿੱਚ ਥਾਂ ਬਣਾਈ ਹੈ। ਹਾਲਾਂਕਿ ਖ਼ਿਤਾਬ ਦੇ ਦਾਅਵੇਦਾਰਾਂ ਵਿੱਚ ਇੱਕ ਹੋਰ ਮੌਜੂਦਾ ਉਪ ਜੇਤੂ ਅਰਜਨਟੀਨਾ ਖ਼ਿਲਾਫ਼ ਉਸ ਦੀ ਆਖ਼ਰੀ 16 ਵਿੱਚ 4-3 ਦੀ ਦਿਲਚਸਪ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨੀ ਚੜ੍ਹਾ ਦਿੱਤਾ ਹੈ।

ਡਿਡਿਅਰ ਡੀਸ਼ਾਂ ਦੀ ਅਗਵਾਈ ਵਿੱਚ ਫਰਾਂਸ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਅਰਜਨਟੀਨਾ ਖ਼ਿਲਾਫ਼ ਕਿਲੀਅਨ ਮਬਾਪੇ ਦਾ ਹੀਰੋ ਵਾਂਗ ਪ੍ਰਦਰਸ਼ਨ ਸੈਮੀ ਫਾਈਨਲ ਵਿੱਚ ਬੈਲਜੀਅਮ ਨੂੰ ਜ਼ਰੂਰ ਯਾਦ ਰੱਖਣਾ ਹੋਵੇਗਾ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਫਰਾਂਸੀਸੀ ਟੀਮ ਨੇ ਇਸੇ ਲੈਅ ਨੂੰ ਕਾਇਮ ਰੱਖਦਿਆਂ ਯੁਰੂਗੁਏ ਨੂੰ 2-0 ਗੋਲਾਂ ਨਾਲ ਆਸਾਨੀ ਨਾਲ ਹਰਾਇਆ ਅਤੇ ਮੈਚ ’ਤੇ ਸ਼ੁਰੂ ਤੋਂ ਹੀ ਕਬਜ਼ਾ ਜਮਾਈ ਰੱਖਿਆ। ਹਾਲਾਂਕਿ ਬੈਲਜੀਅਮ ਲਈ ਨਾਕਆਊਟ ਗੇੜ ਦੌਰਾਨ ਜਾਪਾਨ ਖ਼ਿਲਾਫ਼ ਮੁਕਾਬਲਾ ਉਸ ਲਈ ਇੱਕ ਸਬਕ ਵਾਂਗ ਰਿਹਾ, ਜਿੱਥੇ ਉਸ ਨੂੰ ਏਸ਼ਿਆਈ ਟੀਮ ਨੇ ਲਗਪਗ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। ਇਸ ਮੈਚ ਵਿੱਚ ਅਨੁਭਵੀ ਟੀਮ ਨੇ ਆਖ਼ਰੀ ਮਿੰਟ ਵਿੱਚ 3-2 ਗੋਲਾਂ ਨਾਲ ਜਿੱਤ ਆਪਣੇ ਨਾਮ ਕਰਦਿਆਂ ਸਭ ਤੋਂ ਵੱਡਾ ਉਲਟਫੇਰ ਟਾਲ ਦਿੱਤਾ, ਪਰ ਕੋਚ ਮਾਰਟਿਨੇਜ਼ ਦਾ ਆਪਣੇ ਸੀਨੀਅਰ ਖਿਡਾਰੀਆਂ ਨੂੰ ਇਸ ਮੈਚ ਦੌਰਾਨ ਆਰਾਮ ਦੇਣ ਦਾ ਫ਼ੈਸਲਾ ਮਹਿੰਗਾ ਪੈ ਗਿਆ। ਬੈਲਜੀਅਮ ਨੇ ਜਾਪਾਨ ਖ਼ਿਲਾਫ਼ ਮੈਚ ਵਿੱਚ ਖ਼ਰਾਬ ਸ਼ੁਰੂਆਤ ਕੀਤੀ। ਅਨੁਭਵੀ ਖਿਡਾਰੀਆਂ ਦੇ ਬਾਹਰ ਹੋਣ ਕਾਰਨ ਟੀਮ ਸ਼ੁਰੂ ਵਿੱਚ 0-2 ਗੋਲਾਂ ਨਾਲ ਪੱਛੜ ਗਈ। ਮਾਰਟਿਨੇਜ਼ ਨੇ ਹਾਲਾਂਕਿ ਸਥਿਤੀ ਨੂੰ ਸੰਭਾਲਦਿਆਂ ਮਾਰੂਨੇ ਫੇਲਾਨੀ ਅਤੇ ਨਾਸੇਰ ਚਾਡਲੀ ਨੂੰ 65ਵੇਂ ਮਿੰਟ ਵਿੱਚ ਮੈਦਾਨ ’ਤੇ ਭੇਜਿਆ, ਜਿਸ ਨੇ ਆਖ਼ਰੀ ਮੌਕੇ ਬੈਲਜੀਅਮ ਦੀ ਮੈਚ ਵਿੱਚ ਵਾਪਸੀ ਕਰਵਾ ਦਿੱਤੀ। ਚਾਡਲੀ ਨੇ ਮੈਚ ਦੇ ਅਖ਼ੀਰ ’ਤੇ ਕਿੱਕ ਮਾਰਦਿਆਂ ਜੇਤੂ ਗੋਲ ਦਾਗ਼ਿਆ ਅਤੇ ਜਾਪਾਨ ਨੂੰ ਇੱਕ ਗੋਲ ਦੇ ਫ਼ਰਕ ਨਾਲ ਬਾਹਰ ਕਰ ਦਿੱਤਾ।

ਬ੍ਰਾਜ਼ੀਲ ਖ਼ਿਲਾਫ਼ ਵੀ ਕੁਆਰਟਰ ਫਾਈਨਲ ਵਿੱਚ ਮਾਰਟਿਨੇਜ਼ ਨੇ ਆਪਣੀ ਰਣਨੀਤੀ ਨਾਲ ਹੈਰਾਨ ਕਰ ਦਿੱਤਾ ਅਤੇ ਲੁਕਾਕੂ ਦੀ ਥਾਂ ਡਿ ਬਰੂਨ ਨੂੰ ‘ਫਾਲਜ਼ ਨਾਈਨ’ ਦੀ ਸ਼ੁਰੂਆਤ ਦਾ ਮੌਕਾ ਦੇ ਦਿੱਤਾ। ਇਹ ਰਣਨੀਤੀ ਫ਼ਾਇਦੇਮੰਦ ਸਾਬਤ ਹੋਈ ਅਤੇ ਡਿ ਬਰੂਨ ਨੇ ਰੂਸ ਵਿੱਚ ਆਪਣਾ ਪਹਿਲਾ ਗੋਲ ਦਾਗ਼ਿਆ। ਹਾਲਾਂਕਿ ਸੇਂਟ ਪੀਟਰਸਬਰਗ ਸਟੇਡੀਅਮ ਵਿੱਚ ਮੰਗਲਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀ ਸਥਿਤੀ ਉਲਟ ਹੈ। ਪ੍ਰਸ਼ੰਸਕ ਅਤੇ ਵਿਸ਼ਲੇਸ਼ਕ ਕਿਸੇ ਇੱਕ ਟੀਮ ਦਾ ਦਬਦਬਾ ਨਹੀਂ ਮੰਨ ਰਹੇ। ਇਸ ਲਈ ਬੈਲਜੀਅਮ ਅਤੇ ਫਰਾਂਸ ਵਿਚਾਲੇ ਕਾਂਟੇ ਦੀ ਟੱਕਰ ਰਹਿਣ ਦੀ ਸੰਭਾਵਨਾ ਹੈ। ਫਰਾਂਸ ਦੇ ਡਿਫੈਂਡਰ ਬੈਂਜਾਮਿਨ ਪਵਾਰਡ ਨੇ ਕਿਹਾ, ‘‘ਦੋਵਾਂ ਹੀ ਟੀਮਾਂ ਵਿਚਾਲੇ ਵੱਡੇ ਖਿਡਾਰੀਆਂ ਦੀ ਮੌਜੂਦਗੀ ਨਾਲ ਇਸ ਮੈਚ ਨੂੰ ਦਿਲਚਸਪ ਮੰਨਿਆ ਜਾ ਰਿਹਾ ਹੈ। ਇਹ ਵੱਡੇ ਖਿਡਾਰੀਆਂ ਦਾ ਮੈਚ ਹੋਵੇਗਾ।’’

1998 ਦਾ ਚੈਂਪੀਅਨ ਫਰਾਂਸ ਹਾਲਾਂਕਿ ਸੱਟੇਬਾਜ਼ੀ ਦੀ ਨਜ਼ਰ ਵਿੱਚ ਥੋੜ੍ਹਾ ਪਸੰਦੀਦਾ ਮੰਨਿਆ ਜਾ ਰਿਹਾ ਹੈ, ਪਰ ਜੇਕਰ ਪੁਰਾਣੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਯੂਰੋਪੀਅਨ ਵਿਰੋਧੀਆਂ ਖ਼ਿਲਾਫ਼ ਬੈਲਜੀਅਮ ਦਾ ਪੱਲੜਾ ਹਮੇਸ਼ਾ ਹੀ ਭਾਰੀ ਰਿਹਾ ਹੈ। ਫਰਾਂਸ ਨੂੰ ਟੂਰਨਾਮੈਂਟ ਵਿੱਚ ਆਪਣੇ ਪੰਜ ਮੈਚਾਂ ਦੌਰਾਨ ਸਿਰਫ਼ ਚਾਰ ਗੋਲ ਪਏ ਹਨ।ਇਨ੍ਹਾਂ ਦੋਵਾਂ ਯੂਰਪੀ ਵਿਰੋਧੀਆਂ ਦਾ ਆਪਸੀ ਮੁਕਾਬਲਿਆਂ ਦਾ ਲੰਮਾ ਇਤਿਹਾਸ ਰਿਹਾ ਹੈ।   ਦੋਵਾਂ ਟੀਮਾਂ ਵਿਚਾਲੇ 73 ਮੈਚਾਂ ਵਿੱਚ ਬੈਲਜੀਅਮ ਨੇ ਹੁਣ ਤੱਕ 30 ਜਿੱਤੇ ਹਨ, ਜਦਕਿ ਫਰਾਂਸ ਨੇ 24 ਵਿੱਚ ਜਿੱਤ ਦਰਜ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ 19 ਮੈਚ ਡਰਾਅ ਰਹੇ ਹਨ। ਜੇਕਰ ਬੈਲਜੀਅਮ ਆਪਣੇ ਪਹਿਲੇ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣਾ ਚਾਹੁੰਦਾ ਹੈ ਤਾਂ ਇਹ ਵੀ ਨਿਵੇਕਲਾ ਹੋਵੇਗਾ ਜਦੋਂ ਉਹ ਫੀਫਾ ਵਿਸ਼ਵ ਕੱਪ ਵਿੱਚ ਫਰਾਂਸ ਨੂੰ ਪਹਿਲੀ ਵਾਰ ਹਰਾਏਗਾ।

Comments

comments

Share This Post

RedditYahooBloggerMyspace