ਸਤਿਕਾਰ ਕਮੇਟੀ ਤੇ ਨਿਹੰਗ ਜਥੇਬੰਦੀ ਦੇ ਕਾਰਕੁਨਾਂ ਵਿਚਾਲੇ ਖ਼ੂਨੀ ਝੜਪ, ਦੋ ਜ਼ਖ਼ਮੀ

ਅੰਮ੍ਰਿਤਸਰ: ਨਿਹੰਗ ਸਿੰਘਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਏ ਜਾਣ ਦੇ ਵਿਰੋਧ ਕਾਰਨ ਇੱਥੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਅਤੇ ਨਿਹੰਗ ਜਥੇਬੰਦੀ ਦੇ ਮੈਂਬਰਾਂ ਵਿਚਾਲੇ ਸ਼ੁਰੂ ਹੋਈ ਤਕਰਾਰ ਅੱਜ ਖੂਨੀ ਝੜਪ ਵਿੱਚ ਬਦਲ ਗਈ ਜਿਸ ਵਿੱਚ ਦੋ ਨਿਹੰਗ ਜ਼ਖ਼ਮੀ ਹੋ ਗਏ। ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਇੱਕ ਨਿਹੰਗ ਉੱਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਵੱਲੋਂ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ।

ਜ਼ਖ਼ਮੀ ਹੋਏ ਨਿਹੰਗਾਂ ਦੀ ਸ਼ਨਾਖ਼ਤ ਰਣਜੀਤ ਸਿੰਘ ਅਤੇ ਮਨਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ ਪਹਿਲਾਂ ਹੀ ਜ਼ਖ਼ਮੀ ਸੀ ਅਤੇ ਇੱਥੇ ਜ਼ੇਰੇ ਇਲਾਜ ਸੀ। ਮਨਜੀਤ ਸਿੰਘ ਉਸ ਦਾ ਹਾਲ-ਚਾਲ ਪੁੱਛਣ ਲਈ ਆਇਆ ਸੀ ਕਿ ਇਸ ਦੌਰਾਨ ਕੁਝ ਵਿਅਕਤੀਆਂ ਨੇ ਇਨ੍ਹਾਂ ’ਤੇ ਹਮਲਾ ਕਰ ਦਿੱਤਾ। ਮੌਕੇ ’ਤੇ ਹਾਜ਼ਰ ਕੁਝ ਨਿਹੰਗ ਜਾਨ ਬਚਾਉਣ ਲਈ ਭੱਜ ਗਏ ਪਰ ਇਹ ਦੋਵੇਂ ਹਮਲਾਵਰਾਂ ਦੇ ਹੱਥੇ ਚੜ੍ਹ ਗਏ। ਹਮਲਾਵਰਾਂ ਨੇ ਹਸਪਤਾਲ ਦੇ ਵਾਰਡ ਵਿੱਚ ਭੰਨ ਤੋੜ ਵੀ ਕੀਤੀ। ਇਸ ਮਗਰੋਂ ਹਮਲਾਵਰ ਭੱਜ ਗਏ।

ਦੱਸਣਯੋਗ ਹੈ ਕਿ ਦੋਵਾਂ ਧੜਿਆਂ ਵਿਚਾਲੇ ਇਹ ਝਗੜਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਇਸ ਝਗੜੇ ਨੂੰ ਖ਼ਤਮ ਕਰਨ ਲਈ ਕੱਲ੍ਹ ਦੋਵਾਂ ਧੜਿਆਂ ਦੇ ਆਗੂਆਂ ਵੱਲੋਂ ਚੋਗਾਵਾਂ ਨੇੜੇ ਇੱਕ ਡੇਰੇ ਵਿੱਚ ਗੱਲਬਾਤ ਕਰਨ ਲਈ ਮੀਟਿੰਗ ਵੀ ਰੱਖੀ ਗਈ ਸੀ ਪਰ ਇਹ ਮੀਟਿੰਗ ਵੀ ਝਗੜੇ ਵਿੱਚ ਬਦਲ ਗਈ। ਸਤਿਕਾਰ ਕਮੇਟੀ ਦੇ ਇੱਕ ਆਗੂ ਰਣਜੀਤ ਸਿੰਘ (ਸਤਿਕਾਰ ਕਮੇਟੀ) ਦੀ ਨਿਹੰਗਾਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੈ। ਵੀਡੀਓ ਵਿੱਚ ਨਿਹੰਗਾਂ ਵੱਲੋਂ ਕੀਤੀ ਕੁੱਟਮਾਰ ਤੋਂ ਰਣਜੀਤ ਸਿੰਘ (ਸਤਿਕਾਰ ਕਮੇਟੀ) ਨੂੰ ਪੁਲੀਸ ਵੱਲੋਂ ਬਚਾਅ ਕੇ ਲਿਆਂਦਾ ਗਿਆ ਹੈ।

ਇਸ ਦੌਰਾਨ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਨਿਹੰਗਾਂ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਬਾਰੇ ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਬਾਬਾ ਨਰੈਣ ਸਿੰਘ ਨੇ ਦੋਸ਼ ਲਾਇਆ ਕਿ ਇਹ ਹਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਕਾਰਕੁਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਅਤੇ ਇਨ੍ਹਾਂ ਨੇ ਨਿਹੰਗਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪਹਿਲਾਂ ਉਨ੍ਹਾਂ ਦੇ ਇੱਕ ਸਾਥੀ ਰਣਜੀਤ ਸਿੰਘ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਸੀ। ਇਹ ਸਾਥੀ ਕੱਲ੍ਹ ਚੋਗਾਵਾਂ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਉਹ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ, ਸੁਖਜੀਤ ਸਿੰਘ ਖੋਸਾ, ਪਰਮਜੀਤ ਸਿੰਘ ਅਕਾਲੀ ਤੇ ਹੋਰਨਾਂ ਨੇ ਅੱਜ ਜ਼ਖ਼ਮੀ ਨਿਹੰਗ ’ਤੇ ਹਮਲਾ ਕੀਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਪੁਲੀਸ ਕੋਲੋਂ ਇਨ੍ਹਾਂ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਅੱਜ ਦੇ ਹਮਲੇ ਬਾਰੇ ਅਗਿਆਨਤਾ ਪ੍ਰਗਟ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਇੱਕ ਸਾਥੀ ਨੇ ਨਿਹੰਗਾਂ ਨੂੰ ਘਰ-ਘਰ ਜਾ ਕੇ ਮੰਗਣ ਤੋਂ ਰੋਕਿਆ ਸੀ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸੇ ਕਾਰਨ ਨਿਹੰਗ ਜਥੇਬੰਦੀਆਂ ਇਤਰਾਜ਼ ਪ੍ਰਗਟਾ ਰਹੀਆਂ ਸਨ। ਇਸ ਮਾਮਲੇ ਨੂੰ ਗੱਲਬਾਤ ਰਾਹੀ ਖ਼ਤਮ ਕਰਨ ਲਈ ਬੀਤੇ ਕੱਲ੍ਹ ਲੋਪੋਕੇ ਚੋਗਾਵਾਂ ਵਿੱਚ ਮੀਟਿੰਗ ਰੱਖੀ ਗਈ ਸੀ ਪਰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ (ਸਤਿਕਾਰ ਕਮੇਟੀ) ਆਦਿ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਬੰਦੀ ਵੀ ਬਣਾਇਆ ਗਿਆ। ਅੱਜ ਇਸ ਸਬੰਧੀ ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਹੈ।

ਅੱਜ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ ਅਤੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇੱਥੇ ਜ਼ੇਰੇ ਇਲਾਜ ਜ਼ਖ਼ਮੀਆਂ ਦੀ ਸੁਰੱਖਿਆ ਵਾਸਤੇ ਪੁਲੀਸ ਬਲ ਵੀ ਤਾਇਨਾਤ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੁਲੀਸ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮਜੀਠਾ ਰੋਡ ਪੁਲੀਸ ਥਾਣੇ ਦੇ ਐੱਸਐੱਚਓ ਪ੍ਰੇਮਪਾਲ ਨੇ ਆਖਿਆ ਕਿ ਮੇਜਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਸੁਖਜੀਤ ਸਿੰਘ ਖੋਸਾ ਤੇ ਉਸ ਦੇ 15-20 ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

Comments

comments

Share This Post

RedditYahooBloggerMyspace