ਅਫ਼ਗਾਨ ਸਿੱਖਾਂ ਦੀ ਜਾਇਦਾਦ ਸਾਂਭਣ ਲਈ ਵਕਫ਼ ਬੋਰਡ ਬਣਾਉਣ ਦੀ ਮੰਗ ਉੱਠੀ

ਸਫ਼ੀਰ ਵਹੀਦੁੱਲਾ ਨੂੰ ਕਿਤਾਬ ਭੇਟ ਕਰਦੇ ਹੋਏ ਸਿੱਖ ਆਗੂ।

ਸਿਡਨੀ : ਇਥੇ ਅਫ਼ਗਾਨਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਫ਼ਗਾਨ ਸਿੱਖਾਂ ਦੀ ਜਾਇਦਾਦ ਦੀ ਸਾਂਭ ਸੰਭਾਲ ਲਈ ਵਕਫ਼ ਬੋਰਡ ਬਣਾਉਣ ਦੀ ਮੰਗ ਉੱਠੀ ਹੈ। ਸਿੱਖਾਂ ਨੂੰ ਰਾਖਵੀਂ ਸੰਸਦੀ ਸੀਟ ਦੇਣ ਬਾਰੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਅਫ਼ਗਾਨਿਸਤਾਨ ਦੇ ਸਫ਼ੀਰ ਵਹੀਦੁੱਲਾ ਵਸੀ ਨੇ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਗੁਰਦੁਆਰਾ ਸਿੱਖ ਮਿਸ਼ਨ ਸੈਂਟਰ, ਓਸਟਰਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਬੀਤੇ ਦਿਨੀਂ ਜਲਾਲਬਾਦ ਵਿੱਚ ਅਤਿਵਾਦੀ ਹਮਲੇ ’ਚ ਮਾਰੇ ਗਏ ਨਿਰਦੋਸ਼ 19 ਸਿੱਖਾਂ ਤੇ ਹਿੰਦੂਆਂ ਬਾਰੇ ਗੱਲਬਾਤ ਕੀਤੀ ਗਈ।
ਨੈਸ਼ਨਲ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਜਨਰਲ ਸਕੱਤਰ ਬਾਵਾ ਸਿੰਘ ਜਗਦੇਵ ਨੇ ਸ੍ਰੀ ਵਹੀਦੁੱਲਾ ਨਾਲ ਦੁੱਖ ਸਾਂਝਾ ਕਰਨ ਲਈ ਪੱਤਰ ਲਿਖਿਆ ਸੀ। ਸ੍ਰੀ ਵਹੀਦੁੱਲਾ  ਨੂੰ ਗੁਰਦੁਆਰਾ ਪਾਰਕਲੀ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਓ ਨੇ ਸਿਰੋਪਾ ਭੇਟ ਕੀਤਾ ਅਤੇ ਏਜ਼ੱਕ ਪਰੇਡ ਦੇ ਆਗੂ ਕਰਨਲ ਚਰਨਜੀਤ ਸਿੰਘ ਚੀਮਾ ਨੇ ਸਿੱਖਾਂ ਦੇ ਪਹਿਰਾਵੇ ਤੇ ਪਛਾਣ ਬਾਰੇ ਕਿਤਾਬ ਭੇਟ ਕੀਤੀ। ਅਫ਼ਗਾਨ ਹਮਲੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਤੋਂ ਬਾਅਦ ਸ੍ਰੀ ਵਹੀਦੁੱਲਾ  ਨੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਮਨ ਪਸੰਦ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਅਫ਼ਗਾਨ ਸਿੱਖਾਂ ਦੇ ਕਾਤਲ ਬਖ਼ਸ਼ੇ ਨਹੀਂ ਜਾਣਗੇ। ਅਫ਼ਗਾਨ ਸਰਕਾਰ, ਸਿੱਖ ਭਾਈਚਾਰੇ ਦੇ ਦੁੱਖ ਵਿੱਚ ਸ਼ਰੀਕ ਹੈ ਅਤੇ ਸਿੱਖ ਭਾਈਚਾਰਾ ਅਫਗਾਨਿਸਤਾਨ ਵਿੱਚ ਬਾਕੀ ਭਾਈਚਾਰਿਆਂ ਨਾਲ ਮਿਲ ਕੇ ਸ਼ਾਂਤੀ ਚਾਹੁੰਦਾ ਹੈ। ਇਸ ਦੌਰਾਨ ਅਫ਼ਗਾਨਿਸਤਾਨ ਵਿੱਚੋਂ ਹਿਜਰਤ ਕਰ ਚੁੱਕੇ ਸਿੱਖਾਂ ਦੀ ਗਿਣਤੀ ਤੇ ਜਾਇਦਾਦ ਦੇ ਅੰਕੜੇ ਇਕੱਠੇ ਕਰਨ ਦੀ ਮੰਗ ਵੀ ਰੱਖੀ ਗਈ। ਉਨ੍ਹਾਂ ਕਿਹਾ ਕਿ ਪਰਵਾਸੀ ਸਿੱਖ, ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ ਅਤੇ ਆਸਟਰੇਲੀਆ ਵਿੱਚ ਤਰਸ ਦੇ ਆਧਾਰ ’ਤੇ ਸ਼ਰਨਾਰਥੀ ਵੀਜ਼ਾ ਦਿਵਾਉਣ ਲਈ ਯਤਨਸ਼ੀਲ ਹਨ।

Comments

comments

Share This Post

RedditYahooBloggerMyspace