ਬੈਲਜੀਅਮ ਨੂੰ ਹਰਾ ਕੇ ਫਰਾਂਸ ਵਿਸ਼ਵ ਕੱਪ ਫੁਟਬਾਲ ਦੇ ਫਾਈਨਲ ’ਚ

ਫਰਾਂਸ ਦਾ ਡਿਫੈਂਡਰ ਸੈਮੁਅਲ ਉਮਟਿਟੀ ਬੈਲਜੀਅਮ ਖ਼ਿਲਾਫ਼ ਖੇਡੇ ਸੈਮੀ ਫਾਈਨਲ ਮੁਕਾਬਲੇ ਦੌਰਾਨ ਕੀਤੇ ਗੋਲ ਦਾ ਜਸ਼ਨ ਮਨਾਉਂਦਾ ਹੋਇਆ

ਸੇਂਟ ਪੀਟਰਜ਼ਬਰਗ : ਡਿਫੈਂਡਰ ਸੈਮੁਅਲ ਉਮਟਿਟੀ ਦੇ ਗੋਲ ਦੀ ਬਦੌਲਤ ਫਰਾਂਸ ਨੇ ਰੋਮਾਂਚਕ ਸੈਮੀ ਫਾਈਨਲ ਮੁਕਾਬਲੇ ਵਿੱਚ ਇਥੇ ਬੈਲਜੀਅਮ ਨੂੰ 1-0 ਨਾਲ ਹਰਾ ਕੇ ਤੀਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਮੈਚ ਦਾ ਇਕਹਿਰਾ ਗੋਲ ਉਮਟਿਟੀ ਨੇ 51ਵੇਂ ਮਿੰਟ ਵਿੱਚ ਹੈਡਰ ਨਾਲ ਕੀਤਾ। ਫਰਾਂਸ ਦੀ ਟੀਮ ਤੀਜੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖ਼ਲ ਪਾਉਣ ’ਚ ਸਫ਼ਲ ਰਹੀ ਹੈ। ਟੀਮ ਨੇ 1998 ਵਿੱਚ ਆਪਣੀ ਮੇਜ਼ਬਾਨੀ ’ਚ ਹੋਏ ਵਿਸ਼ਵ ਕੱਪ ਫਾਈਨਲ ਵਿੱਚ ਬ੍ਰਾਜ਼ੀਲ ਨੂੰ ਹਰਾ ਕੇ ਖ਼ਿਤਾਬੀ ਜਿੱਤ ਦਰਜ ਕੀਤੀ ਸੀ, ਪਰ 2006 ਵਿਸ਼ਵ ਕੱਪ ਦੇ ਖ਼ਿਤਾਬੀ ਮੁਕਾਬਲੇ ’ਚ ਉਸ ਨੂੰ ਇਟਲੀ ਹੱਥੋਂ ਹਾਰ ਨਸੀਬ ਹੋਈ ਸੀ। ਫਰਾਂਸ ਦੀ ਟੀਮ ਹੁਣ 15 ਜੁਲਾਈ ਨੂੰ ਹੋਣ ਵਾਲੇ ਫਾਈਨਲ ਵਿੱਚ ਇੰਗਲੈਂਡ ਤੇ ਕ੍ਰੋਏਸ਼ੀਆ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀ ਫਾਈਨਲ ਦੇ ਜੇਤੂ ਨਾਲ ਮੱਥਾ ਲਾਏਗੀ।

ਬੈਲਜੀਅਮ ਖ਼ਿਲਾਫ਼ ਵਿਸ਼ਵ ਕੱਪ ਦੇ ਤਿੰਨ ਮੈਚਾਂ ਵਿੱਚ ਇਹ ਫਰਾਂਸ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਫਰਾਂਸ ਨੇ 1938 ਵਿੱਚ ਪਹਿਲੇ ਦੌਰ ਦਾ ਮੁਕਾਬਲਾ 3-1 ਨਾਲ ਜਿੱਤਣ ਮਗਰੋਂ 1986 ਵਿੱਚ ਤੀਜੇ ਦੌਰ ਦੇ ਪਲੇਆਫ਼ ਮੈਚ ਵਿੱਚ 4-2 ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਬੈਲਜੀਅਮ ਦਾ 24 ਮੈਚਾਂ ਵਿੱਚ ਅਜੇਤੂ ਰਹਿਣ ਦੀ ਮੁਹਿੰਮ ਵੀ ਥਮ ਗਈ। ਇਸ ਦੌਰਾਨ ਟੀਮ ਨੇ 78 ਗੋਲ ਕੀਤੇ, ਪਰ ਅੱਜ ਦੇ ਮੈਚ ਤੋਂ ਪਹਿਲਾਂ ਟੀਮ ਸਿਰਫ਼ ਇਕ ਮੈਚ ਵਿੱਚ ਗੋਲ ਕਰਨ ’ਚ ਨਾਕਾਮ ਰਹੀ। ਬੈਲਜੀਅਮ ਦੀ ਟੀਮ ਹਾਲਾਂਕਿ ਵਿਸ਼ਵ ਕੱਪ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ ਵਿਦਾ ਹੋਈ ਤੇ ਆਪਣੀ ਖੇਡ ਨਾਲ ਲੋਕਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਰਹੀ। ਬੈਲਜੀਅਮ ਲਈ ਮੈਦਾਨ ਦੇ ਖੱਬੇ ਪਾਸਿਓਂ ਐਡਨ ਹੇਜ਼ਾਰਡ ਨੇ ਕਈ ਚੰਗੇ ਮੂਵ ਬਣਾਏ, ਪਰ ਟੀਮ ਨੂੰ ਸੱਜੇ ਪਾਸਿਓਂ ਰੋਮੇਲੂ ਲੁਕਾਕੂ ਦੀ ਨਾਕਾਮੀ ਦਾ ਖਮਿਆਜ਼ਾ ਭੁਗਤਣਾ ਪਿਆ। ਫਰਾਂਸ ਦਾ ਸਟਾਰ ਸਟਰਾਈਕਰ ਓਲੀਵਰ ਗਿਰੋਡ ਵੀ ਕਈ ਮੌਕਿਆਂ ’ਤੇ ਚੰਗੇ ਮੂਵਜ਼ ਨੂੰ ਗੋਲ ਵਿੱਚ ਬਦਲਣ ’ਚ ਨਾਕਾਮ ਰਿਹਾ, ਪਰ ਉਮਟਿਟੀ ਨੇ ਟੀਮ ਨੂੰ ਮੁਸ਼ਕਲ ਵਿੱਚ ਫਸਣ ਤੋਂ ਬਚਾਅ ਲਿਆ।
ਦੋਵਾਂ ਟੀਮਾਂ ਨੇ ਮੈਚ ਦੀ ਸ਼ੁਰੂਆਤ ਵਿੱਚ ਚੌਕਸ ਖੇਡ ਵਿਖਾਈ। ਬੈਲਜੀਅਮ ਦੀ ਟੀਮ ਹਾਲਾਂਕਿ ਸ਼ੁਰੂਆਤ ’ਚ ਕੁਝ ਬਿਹਤਰ ਦਿਸੀ। ਬੈਲਜੀਅਮ ਦੀ ਟੀਮ ਨੇ ਸੱਜੇ ਪਾਸਿਓਂ ਕਈ ਹੱਲੇ ਕੀਤੇ, ਪਰ ਉਸ ਦੇ ਖਿਡਾਰੀ ਫਰਾਂਸ ਦੇ ਡਿਫੈਂਸ ਨੂੰ ਪਾਰ ਪਾਉਣ ਵਿੱਚ ਨਾਕਾਮ ਰਹੇ। ਫਰਾਂਸ ਨੇ ਵੀ ਮੋੜਵਾਂ ਵਾਰ ਕਰਦਿਆਂ ਕਈ ਸ਼ਾਨਦਾਰ ਮੂਵ ਬਣਾਏ, ਪਰ ਟੀਮ ਇਨ੍ਹਾਂ ਨੂੰ ਸਿਰੇ ਲਾਉਣ ਤੋਂ ਖੁੰਝਦੀ ਰਹੀ। ਹਾਫ਼ ਟਾਈਮ ਤਕ ਦੋਵੇਂ ਟੀਮਾਂ ਗੋਲ ਰਹਿਤ ਰਹੀਆਂ। ਦੂਜੇ ਅੱਧ ਵਿੱਚ ਐਂਟਨੀ ਗ੍ਰੀਜ਼ਮੈਨ ਦੀ ਕਾਰਨਰ ਤੋਂ ਲਾਈ ਸਟੀਕ ਕਿੱਕ ’ਤੇ ਉਮਟਿਟੀ ਨੇ ਮਾਰੋਇਨ ਫਿਲਾਇਨੀ ਨੂੰ ਪਛਾੜਦਿਆਂ ਹੈਡਰ ਨਾਲ ਗੇਂਦ ਨੂੰ ਗੋਲ ਵਿੱਚ ਧੱਕ ਕੇ 51ਵੇਂ ਮਿੰਟ ਵਿੱਚ ਫਰਾਂਸ ਨੂੰ ਲੀਡ ਦਿਵਾਈ। ਮਗਰੋਂ ਫਰਾਂਸ ਨੇ ਲਗਾਤਾਰ ਕਈ ਹੱਲੇ ਕੀਤੇ। ਬੈਲਜੀਅਮ ਕੋਲ 61ਵੇਂ ਮਿੰਟ ਵਿੱਚ ਬਰਾਬਰੀ ਦਾ ਮੌਕਾ ਸੀ, ਪਰ ਡੀ ਬਰੂਇਨ ਇਸ ਮੌਕੇ ਨੂੰ ਖੁੰਝਾ ਬੈਠਾ। ਮਗਰੋਂ ਬੈਲਜੀਅਮ ਨੂੰ 81ਵੇਂ ਮਿੰਟ ਵਿੱਚ ਬਰਾਬਰੀ ਦਾ ਇਕ ਹੋਰ ਮੌਕਾ ਮਿਲਿਆ, ਪਰ ਐਕਸਲ ਵਿਟਸੇਲ ਦੇ ਦਮਦਾਰ ਸ਼ਾਟ ਨੂੰ ਲਾਰਿਸ ਨੇ ਰੋਕ ਦਿੱਤਾ। ਇਸ ਦੌਰਾਨ ਬੈਲਜੀਅਮ ਗੋਲਕੀਪਰ ਕੋਰਟੋਇਸ ਨੇ ਫਰਾਂਸ ਦੇ ਖਿਡਾਰੀਆਂ ਵੱਲੋਂ ਗੋਲ ਵਲ ਦਾਗੇ ਕਈ ਸ਼ਾਟਸ ਨੂੰ ਰੋਕਿਆ। ਬੈਲਜੀਅਮ ਗੋਲਕੀਪਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਹੀ ਟੀਮ ਨੂੰ ਵੱਡੀ ਹਾਰ ਤੋਂ ਬਚਾਇਆ।

8 copyਕਿਸਮਤ ਨੇ ਸਾਥ ਨਹੀਂ ਦਿੱਤਾ: ਬੈਲਜੀਅਮ ਕੋਚ
ਸੇਂਟ ਪੀਟਰਜ਼ਬਰਗ: ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਵਿਸ਼ਵ ਕੱਪ ਸੈਮੀ ਫਾਈਨਲ ਵਿੱਚ ਫਰਾਂਸ ਹੱਥੋਂ ਮਿਲੀ ਇਕ ਗੋਲ ਦੀ ਸ਼ਿਕਸਤ ਮਗਰੋਂ ਕਿਹਾ ਕਿ ਤਕਦੀਰ ਨੇ ਉਨ੍ਹਾਂ ਦੀ ਟੀਮ ਦਾ ਸਾਥ ਨਹੀਂ ਦਿੱਤਾ। ਮਾਰਟੀਨੇਜ਼ ਨੇ ਕਿਹਾ, ‘ਇਹ ਬੜਾ ਸਖ਼ਤ ਮੁਕਾਬਲਾ ਸੀ। ਇਸ ਦੌਰਾਨ ਕਈ ਵੱਡੇ ਫੈਸਲਾਕੁਨ ਪਲ ਨਹੀਂ ਆਏ। ਇਕ ਇਕ ਖ਼ਰਾਬ ਪਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।’ ਬੈਲਜੀਅਨ ਕੋਚ ਨੇ ਕਿਹਾ, ‘ਸਿਹਰਾ ਫਰਾਂਸ ਦੀ ਰੱਖਿਆ ਲਾਈਨ ਸਿਰ ਸਜਦਾ ਹੈ ਜਿਸ ਨੇ ਸਾਡੇ ਇੰਨੇ ਹੱਲਿਆਂ ਦੇ ਬਾਵਜੂਦ ਗੋਲ ਨਹੀਂ ਕਰਨ ਦਿੱਤਾ। ਸਾਡੀ ਕਿਸਮਤ ਨੇ ਸਾਥ ਨਹੀਂ ਦਿੱਤਾ। ਬੱਸ ਇਹੀ ਫ਼ਰਕ ਸੀ।’ ਉਂਜ ਕੋਚ ਨੇ ਕਿਹਾ ਕਿ ਹਾਰ ਦੇ ਬਾਵਜੂਦ ਉਸ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ। ਉਨ੍ਹਾਂ ਫਰਾਂਸ ਨੂੰ ਫਾਈਨਲ ਲਈ ਵਧਾਈਆਂ ਵੀ ਦਿੱਤੀਆਂ। ਬੈਲਜੀਅਮ ਨੇ ਕੁਆਟਰ ਫਾਈਨਲ ਵਿੱਚ ਖ਼ਿਤਾਬ ਦੀ ਪ੍ਰਮੁੱਖ ਦਾਅਵੇਦਾਰ ਬ੍ਰਾਜ਼ੀਲ ਨੂੰ ਹਰਾਇਆ ਸੀ।

TOPSHOT-FBL-WC-2018-MATCH61-FRA-BEL2016 ’ਚ ਮਿਲੀ ਹਾਰ ਦਾ ਗ਼ਮ ਭੁੱਲਣ ਲਈ ਬੇਕਰਾਰ ਹੈ ਕੋਚ ਡੀਡੀ

ਸੇਂਟ ਪੀਟਰਜ਼ਬਰਗ: ਫਰਾਂਸ ਦੇ ਕੋਚ ਦਿਦਿਏਰ ਦੀਸ਼ਾਂਪਸ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜਣ ਦੀ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਇਸ ਜਿੱਤ ਨਾਲ ਉਸ ਨੂੰ ਯੂਰੋ 2016 ਦੀ ਹਾਰ ਦਾ ਗ਼ਮ ਭੁਲਾਉਣ ਦਾ ਮੌਕਾ ਮਿਲ ਗਿਆ ਹੈ, ਜਦੋਂ ਫਰਾਂਸ ਨੂੰ ਆਪਣੀ ਹੀ ਧਰਤੀ ’ਤੇ ਖ਼ਿਤਾਬੀ ਹਾਰ ਝੱਲਣੀ ਪਈ ਸੀ। ਕੋਚ ਨੇ ਕਿਹਾ, ‘ਮੈਂ ਆਪਣੇ ਖਿਡਾਰੀਆਂ ਲਈ ਬਹੁਤ ਖ਼ੁਸ਼ ਹਾਂ। ਬੈਲਜੀਅਮ ਜਿਹੀ ਬਿਹਤਰੀਨ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਮੈਂ ਆਪਣੇ ਖਿਡਾਰੀਆਂ ਤੇ ਸਟਾਫ ਨੂੰ ਸਲਾਮ ਕਰਦਾ ਹਾਂ।’ ਫਰਾਂਸ ਨੂੰ ਯੂਰੋ 2016 ਦੇ ਫਾਈਨਲ ਵਿੱਚ ਪੁਰਤਗਾਲ ਨੇ ਇਕ ਗੋਲ ਨਾਲ ਹਰਾਇਆ ਸੀ। ਕੋਚ ਨੇ ਕਿਹਾ, ‘ਫਾਈਨਲ ਜਿੱਤਣਾ ਹੀ ਹੋਵੇਗਾ, ਕਿਉਂਕਿ ਦੋ ਸਾਲ ਪਹਿਲਾਂ ਫਾਈਨਲ ਹਾਰਨ ਦੀ ਕਸਕ ਅੱਜ ਵੀ ਟੁੰਬਦੀ ਹੈ।’

 

TOPSHOT-FRANCE-FBL-WC-2018-BEL-FRA-FEATUREਜਿੱਤ ਦੇ ਜਸ਼ਨ ’ਚ ਰਾਤ ਭਰ ਝੂਮਦੇ ਰਹੇ ਪੈਰਿਸ ਦੇ ਲੋਕ

ਪੈਰਿਸ: ਬੈਲਜੀਅਮ ਨੂੰ ਹਰਾ ਕੇ ਫਰਾਂਸ ਦੀ ਟੀਮ ਜਿਵੇਂ ਹੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ, ਪੂਰਾ ਪੈਰਿਸ ਸ਼ਹਿਰ ਜਸ਼ਨ ਮਨਾਉਣ ਲਈ ਸੜਕਾਂ ’ਤੇ ਉਤਰ ਆਇਆ ਤੇ ‘ਵੀਵੇ ਲਾ ਫਰਾਂਸ’ ਦੇ ਸ਼ੋਰ ਨਾਲ ਅਸਮਾਨ ਗੂੰਜ ਉੱਠਿਆ। ਰੌਸ਼ਨੀ ਦਾ ਸ਼ਹਿਰ ਅਖਵਾਉਂਦੇ ਇਸ ਸ਼ਹਿਰ ’ਤੇ ਬੀਤੀ ਰਾਤ ਫੁਟਬਾਲ ਦਾ ਖੁਮਾਰ ਸਿਰ ਚੜ੍ਹ ਕੇ ਬੋਲਿਆ। ਪੈਰਿਸ ਦੇ ਮਕਬੂਲ ਸਮਾਰਕ ਆਰਕ ਡੇ ਟ੍ਰਿਊਂਫ ਕੋਲ ਰਾਤ ਸਮੇਂ ਲੋਕਾਂ ਦਾ ਸੈਲਾਬ ਉਮੜ ਆਇਆ, ਜੋ 2006 ਮਗਰੋਂ ਪਹਿਲੀ ਵਾਰ ਟੀਮ ਦੇ ਫਾਈਨਲ ਵਿੱਚ ਪੁੱਜਣ ਦਾ ਜਸ਼ਨ ਮਨਾਉਣ ਲਈ ਆਏ ਸਨ। ਘਰਾਂ ’ਚ ਟੈਲੀਵਿਜ਼ਨਾਂ ਮੂਹਰੇ ਬੈਠੇ ਦਰਸ਼ਕ ਵੀ ਬਾਲਕਨੀਆਂ ’ਚ ਆ ਗਏ ਤੇ ਸਮੂਹਕ ਜਸ਼ਨ ਦੀ ਸ਼ੁਰੂਆਤ ਹੋ ਗਈ।  ਕੈਫ਼ੇ ਤੇ ਸਪੋਰਟਸ ਬਾਰ ਵਿੱਚ ਬੀਅਰ ਤੇ ਵਾਈਨ ਦੇ ਦੌਰ ਚਲਦੇ ਰਹੇ। ਇਸ ਦੌਰਾਨ ਕੁਝ ਦਰਸ਼ਕਾਂ ਨੇ ਹੁੱਲੜਬਾਜ਼ੀ ਵੀ ਕੀਤੀ, ਜਿਨ੍ਹਾਂ ਨੂੰ ਪੁਲੀਸ ਨੇ ਉਥੋਂ ਭਜਾਇਆ। ਪੈਰਿਸ ਦੇ ਇਤਿਹਾਸਕ ਟਾਊਨ ਹਾਲ ਕੋਲ ਵੱਡੀ ਸਕਰੀਨ ’ਤੇ ਮੈਚ ਵੇਖਣ ਲਈ ਇਕੱਠੇ ਹੋਏ ਵੀਹ ਹਜ਼ਾਰ ਦੇ ਕਰੀਬ ਫੁਟਬਾਲ ਪ੍ਰੇਮੀਆਂ ਨੇ ਰੱਜ ਕੇ ਜਸ਼ਨ ਮਨਾਇਆ। ਸੜਕਾਂ ’ਤੇ ਲੋਕਾਂ ਦੇ ਸੈਲਾਬ ਨੂੰ ਵੇਖਦਿਆਂ ਕੁਝ ਲੋਕ ਦਰਖ਼ਤਾਂ, ਕਾਰਾਂ, ਕੂੜੇਦਾਨਾਂ ਤੇ ਬੱਸਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਫਰਾਂਸ ਵਿੱਚ ਨਵੰਬਰ 2015 ਦੇ ਦਹਿਸ਼ਤੀ ਹਮਲੇ ਤੋਂ ਬਾਅਦ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਤ ਕੀਤੇ ਗਏ ਸਨ ਤੇ ਟਾਊਨ ਹਾਲ ਨਜ਼ਦੀਕ ਹੀ 12 ਸੌ ਪੁਲੀਸ ਮੁਲਾਜ਼ਮ ਤਾਇਨਾਤ ਸਨ।

Comments

comments

Share This Post

RedditYahooBloggerMyspace