ਮੋਦੀ ਕਾਰਨ ਪੁਲੀਸ ਮੁਲਾਜ਼ਮਾਂ ਦੇ ਸੰਘ ਸੁੱਕੇ

ਮੋਦੀ ਦੀ ਰੈਲੀ ਕਰਕੇ ਬੰਦ ਪਏ ਬਾਜ਼ਾਰ ਦੀ ਝਲਕ।

ਮਲੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਆਮਦ ਸਬੰਧੀ ਵੱਖ-ਵੱਖ ਥਾਵਾਂ ‘ਤੇ ਡਿਊਟੀ ’ਤੇ ਤਾਇਨਾਤ ਬਹੁ-ਗਿਣਤੀ ਪੁਲੀਸ ਮੁਲਾਜ਼ਮ ਅਤੇ ਬਾਰਡਰ ਸਿਕਉਰਿਟੀ ਫੋਰਸ ਦੇ ਜਵਾਨ ਪਾਣੀ ਨੂੰ ਤਰਸਦੇ ਰਹੇ। ਦਾਣਾ ਮੰਡੀ ਦੇ ਗੇਟ ਨੇੜੇ ਡਿਊਟੀ ਕਰ ਰਹੇ ਅੱਧੀ ਦਰਜਨ ਬੀਐੱਸਐੱਫ ਅਤੇ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ‘ਥਿਹਾਏ ਮਰ’ ਗਏ। ਦਾਣਾ ਮੰਡੀ ਵਿੱਚ ਦੁਕਾਨਾਂ ਵੀ ਬੰਦ ਸਨ, ਜਿੱਥੋਂ ਉਹ ਪਾਣੀ ਮੁੱਲ ਲੈ ਕੇ ਪੀ ਸਕਦੇ। ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਅਤੇ ਭੜਾਸ ਦੇ ਮੱਦੇਨਜ਼ਰ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਲਈ ਪਾਣੀ ਦੇ ਪੁਖਤਾ ਪ੍ਰਬੰਧ ਚਾਹੀਦੇ ਸਨ, ਜੋ ਨਹੀਂ ਕੀਤੇ ਗਏ।
ਦੂਜੇ ਪਾਸੇ ਦਾਣਾ ਮੰਡੀ ਦੇ ਨਜ਼ਦੀਕ ਦੁਕਾਨਾਂ ਬੰਦ ਰੱਖਣ ਸਬੰਧੀ ਕੀਤੇ ਗਏ ਹੁਕਮਾਂ ‘ਤੇ ਰੋਸ ਜ਼ਾਹਿਰ ਕਰਦਿਆਂ ਮੋਨੂੰ, ਸ਼ੁਭਾਸ਼, ਧਰਮਵੀਰ, ਕਰਮਵੀਰ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਨਾਦਰਸ਼ਾਹੀ ਫਰਮਾਨ ਦੇ ਕਾਰਨ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।

ਇਸ ਤੋਂ ਇਲਾਵਾ ਪਿੰਡਾਂ ‘ਚੋਂ ਆਪਣੇ ਕੰਮ ਧੰਦਿਆਂ ਲਈ ਸ਼ਹਿਰ ਆਉਣ ਵਾਲੇ ਲੋਕ ਵੀ ਬੱਸਾਂ ਜਾਂ ਹੋਰ ਵਾਹਨਾਂ ਦੇ ਨਾ ਮਿਲਣ ਕਰਕੇ ਕਾਫੀ ਪ੍ਰੇਸ਼ਾਨ ਹੋਏ। ਪਿੰਡ ਸ਼ਾਮਖੇੜਾ ਦੇ ਵਸਨੀਕ ਹਰਪ੍ਰੀਤ ਸਿੰਘ, ਅਮਨ ਸਿੰਘ, ਜਗਮੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਸ਼ਹਿਰ ਪਹੁੰਚਣ ਲਈ ਤਿੰਨ-ਤਿੰਨ ਨਿੱਜੀ ਵਾਹਨਾਂ ਤੋਂ ਮਦਦ ਲੈਣੀ ਪਈ ਕਿਉਕਿ ਬਹੁ-ਗਿਣਤੀ ਵਾਹਨਾਂ ਨੂੰ ਰੈਲੀ ਭਰਨ ਲਈ ਲਗਾਇਆ ਗਿਆ ਸੀ।
ਰੈਲੀ ਸਬੰਧੀ ਬਹੁ-ਗਿਣਤੀ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਸ਼ਹਿਰ ਆਏ ਹਨ ਪਰ ਉਨ੍ਹਾਂ ਦੇ ਆਉਣ ਕਰਕੇ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰੱਖਣ ਦੇ ਹੁਕਮਾਂ ਕਰਕੇ ਉਹ ਨਿਰਾਸ਼ ਵੀ ਹਨ।

Comments

comments

Share This Post

RedditYahooBloggerMyspace