ਹੁਣ ਜੇਲ੍ਹ ਵਿਚ ਨਜ਼ਰਬੰਦ ਭਾਰਤੀਆਂ ਨੂੰ ਉਨ੍ਹਾਂ ਦੇ ਵਕੀਲ ਮਿਲ ਸਕਣਗੇ

ਨਾਪਾ ਦੇ ਚੇਅਰਮੈਨ ਸ: ਬਹਾਦਰ ਸਿੰਘ ਦੇ ਯਤਨਾਂ ਨੂੰ ਬੂਰ ਪਿਆ

ਪੋਰਟਲੈਂਡ (ਔਰੀਗਨ ਸਟੇਟ) : ਪਿਛਲੇ ਕਾਫ਼ੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ੍ਹ ਵਿਚ ਨਜ਼ਰਬੰਦ ਭਾਰਤੀਆਂ ਨੂੰ ਹਰ ਕਾਨੂੰਨੀ ਸਹਾਇਤਾ ਦਿਵਾਉਣ ਦੇ ਲਈ ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚ ਨਜ਼ਰਬੰਦ ਪੰਜਾਬੀਆਂ ਤੇ ਗੈਰ ਪੰਜਾਬੀ ਭਾਰਤੀਆਂ ਦੇ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਜਿੱਥੇ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿੱਤੀ ਉੱਥੇ ਇਹਨਾਂ ਸਾਰੇ ਹੀ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿੱਤਾ। ਜੇਲ੍ਹ ਬਾਹਰ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੇ ਪ੍ਰਤੀਨਿਧਾਂ ਦਾ ਇੱਕ ਇੱਕਠ ਕੀਤਾ ਗਿਆ ਜਿਸ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਤੇ ਅਰਦਾਸ ਕੀਤੀ।

ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਜਾਣ ਦੇ ਕਾਰਨ ਹੁਣ ਵਕੀਲ ਸਬੰਧਤ ਕੈਦੀਆਂ ਵੱਲੋਂ ਅਦਾਲਤ ‘ਚ ਅਰਜ਼ੀਆਂ ਦਾਖਲ ਕਰ ਰਹੇ ਹਨ ਜਿਨ੍ਹਾਂ ਦਰਖਾਸਤਾਂ ਉੱਪਰ ਜਲਦੀ ਹੀ ਜੱਜ ਇਨ੍ਹਾਂ ਕੈਦੀਆਂ ਦੀ ਸੁਣਵਾਈ ਸ਼ੁਰੂ ਕਰਨਗੇ। ਸ: ਬਹਾਦਰ ਸਿੰਘ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ ਦੇ ਤਿੰਨ ਸਿੰਘਾਂ ਵੱਲੋਂ ਜੇਲ੍ਹ ਅੰਦਰ ਜਾਣ ਵਾਸਤੇ ਵੀ ਅਰਜ਼ੀ ਪਾਈ ਹੈ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ੍ਹ ਵਿੱਚ ਗੁਟਕਾ ਸਾਹਿਬ ਅਤੇ ਸਿਰ ਢਕਣ ਵਾਸਤੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ।

ਇਸ ਜੇਲ੍ਹ ਵਿਚ ਕਾਫ਼ੀ ਦਿਨਾਂ ਤੋਂ ਜਿੱਥੇ ਚਾਲੀ ਦੇ ਕਰੀਬ ਪੰਜਾਬੀ ਨਜ਼ਰਬੰਦ ਹਨ ਉੱਥੇ ਪੰਦਰਾਂ ਗੈਰ ਪੰਜਾਬੀ ਭਾਰਤੀ ਵੀ ਨਜ਼ਰਬੰਦ ਹਨ।
ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਤੀਨਧਾਂ ਤੋਂ ਇਲਾਵਾ ਪ੍ਰਵਿੰਦਰ ਕੌਰ, ਸੋਨੀ ਸਿੰਘ, ਅੰਮ੍ਰਿਤ ਸਿੰਘ,ਦਲਬੀਰ ਸਿੰਘ, ਰਿੰਪੀ ਸਿੰਘ, ਤਲਿਵੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪ੍ਰੀਤ ਕੋਰ ਆਦਿ ਵੀ ਸ਼ਾਮਲ ਹੋਏ।

Comments

comments

Share This Post

RedditYahooBloggerMyspace