ਗੁਰਦੁਆਰੇ ਵਿੱਚ ਭੇਤਭਰੇ ਢੰਗ ਨਾਲ ਲੱਗੀ ਅੱਗ

ਸੰਗਤ ਮੰਡੀ : ਥਾਣਾ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬੀਤੀ ਰਾਤ ਸੱਚਖੰਡ ਵਿੱਚ ਭੇਤਭਰੇ ਢੰਗ ਨਾਲ ਅੱਗ ਲੱਗ ਗਈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਾਂ ਬਚ ਗਈਆਂ ਪਰ ਰੁਮਾਲੇ ਅਗਨ ਭੇਟ ਹੋ ਗਏ। ਇਸ ਤੋਂ ਇਲਾਵਾ ਪਾਵਨ ਬੀੜਾਂ ਦੀਆਂ ਜਿਲਦਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਕੋਟਗੁਰੂ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪਿੰਡ ਦਾ ਹੀ ਇਕ ਵਿਅਕਤੀ ਪਿਛਲੇ ਕੁਝ ਸਾਲਾਂ ਤੋਂ ਗ੍ਰੰਥੀ ਵਜੋਂ 35 ਸੌ ਰੁਪਏ ਪ੍ਰਤੀ ਮਹੀਨਾ ਦੀ ਭੇਟਾ ‘ਤੇ ਸੇਵਾਵਾਂ ਨਿਭਾਅ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਗ੍ਰੰਥੀ ਦਾ ਪ੍ਰਬੰਧਕ ਕਮੇਟੀ ਨਾਲ ਤਨਖਾਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਤਹਿਤ ਬੀਤੇ ਕੱਲ੍ਹ ਉਹ ਗੁਰਦੁਆਰੇ ਦੀਆਂ ਸੇਵਾਵਾਂ ਛੱਡ ਗਿਆ ਸੀ। ਉਸੇ ਦਿਨ ਰਾਤ ਵੇਲੇ ਭੇਤਭਰੇ ਹਾਲਾਤ ਵਿੱਚ ਸੱਚਖੰਡ ਵਿਖੇ ਲੱਗੀ ਅੱਗ ਕਈ ਸਵਾਲ ਖੜ੍ਹੇ ਕਰਦੀ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰੇ ‘ਚ ਲੱਗੇ ਸੀਸੀਟੀਵੀ ਕੈਮਰੇ ਪਿਛਲੇ ਮਹੀਨੇ ਦੀ 18 ਤਰੀਕ ਤੋਂ ਬੰਦ ਪਏ ਹਨ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਗ੍ਰੰਥੀ ਨਾਲ ਕਮੇਟੀ ਦਾ ਚਾਬੀਆਂ ਨੂੰ ਲੈ ਕੇ ਵਿਵਾਦ ਚੱਲਦਾ ਸੀ ਜਿਸ ਦਾ ਕਾਰਨ ਉਸ ਵੱਲੋਂ ਗ੍ਰੰਥੀ ਹੁੰਦਿਆਂ ਕਥਿਤ ਤੌਰ ’ਤੇ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨਾ ਸੀ। ਕੱਲ੍ਹ ਗ੍ਰੰਥੀ ਗੁਰਦੁਆਰੇ ਦੀਆਂ ਚਾਬੀਆਂ ਸਰਪੰਚ ਗੁਰਬਿੰਦਰ ਕੌਰ ਦੇ ਪਤੀ ਬਲਕਰਨ ਸਿੰਘ ਉਰਫ ਬੱਗਾ ਨੂੰ ਫੜਾ ਗਿਆ ਜਿਸ ਨੇ ਸ਼ਾਮ ਨੂੰ ਚਾਬੀਆਂ ਕਮੇਟੀ ਮੈਂਬਰਾਂ ਨੂੰ ਫੜਾ ਦਿੱਤੀਆਂ। ਅਜੇ ਨਵੇਂ ਗ੍ਰੰਥੀ ਨੇ ਡਿਊਟੀ ਨਹੀਂ ਸੰਭਾਲੀ ਸੀ ਜਿਸ ਕਰਕੇ ਉਹ ਅਤੇ ਇਕ ਹੋਰ ਕਮੇਟੀ ਮੈਂਬਰ ਰਾਜ ਸਿੰਘ ਗੁਰਦੁਆਰੇ ਵਿੱਚ ਬੈਠੇ ਸਨ। ਸ਼ਾਮ ਸਾਢੇ ਕੁ ਸੱਤ ਵਜੇ ਘਰ ਰੋਟੀ ਖਾਣ ਚਲੇ ਗਏ। 8 ਵਜੇ ਦੇ ਕਰੀਬ ਕਮੇਟੀ ਦੇ ਖਜ਼ਾਨਚੀ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਫੋਨ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਹ ਤੁਰੰਤ ਗੁਰਦੁਆਰੇ ਪਹੁੰਚੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾ ਦਿੱਤੀ। ਉਨ੍ਹਾਂ ਦੱਸਿਆ ਕਿ ਸੱਚਖੰਡ ਵਿੱਚ ਚਾਰ ਸਰੂਪ ਸ਼ੁਸੋਭਿਤ ਸਨ। ਅੱਗ ਕਾਰਨ ਰੁਮਾਲੇ ਅਗਨੀ ਭੇਟ ਹੋ ਗਏ ਅਤੇ ਪਾਵਨ ਸਰੂਪਾਂ ਦੀਆਂ ਜਿਲਦਾਂ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਵਾਰ-ਵਾਰ ਬੁਲਾਉਣ ‘ਤੇ ਵੀ ਗ੍ਰੰਥੀ ਗੁਰਦੁਆਰੇ ਨਹੀਂ ਪਹੁੰਚਿਆ। ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰਿਆਂ ਕੋਲ ਵੀ ਉਹ ਮਸਾਂ ਹੀ ਆਇਆ ਜਿਸ ਕਰਕੇ ਇਹ ਮਾਮਲਾ ਹੋਰ ਵੀ ਸ਼ੱਕੀ ਜਾਪਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੜਤਾਲ ਤੋਂ ਬਾਅਦ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐੱਸਪੀਡੀ ਸਵਰਨ ਸਿੰਘ ਖੰਨਾ, ਡੀਐੱਸਪੀ ਗੋਪਾਲ ਚੰਦ ਭੰਡਾਰੀ,ਭਾਈ ਗੁਰਦੀਪ ਸਿੰਘ ਬਠਿੰਡਾ ਵੀ ਘਟਨਾ ਸਥਾਨ ‘ਤੇ ਪਹੁੰਚੇ।
ਇਸ ਮੌਕੇ ਪਹੁੰਚੇ ਮੁਤਵਾਜ਼ੀ ਜਥੇਦਾਰਾਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਮਾਮਲੇ ‘ਚ ਵੀ ਢਿੱਲ ਦਿਖਾਉਂਦਾ ਹੈ ਤਾਂ ਉਨ੍ਹਾਂ ਵੱਲੋਂ ਖਾਲਸਾਈ ਤਰੀਕੇ ਨਾਲ ਦੋਸ਼ੀਆਂ ਨੂੰ ਲੱਭ ਕੇ ਸਜਾ ਦਿੱਤੀ ਜਾਵੇਗੀ।

ਦੋਸ਼ੀ ਬਖਸ਼ੇ ਨਹੀਂ ਜਾਣਗੇ: ਐੱਸਐੱਚਓ
ਥਾਣਾ ਸੰਗਤ ਦੇ ਐੱਸਐੱਚਓ ਗੁਰਬਖਸ਼ੀਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਪੱਖਾਂ ਤੋਂ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਗ੍ਰੰਥੀ ਦੀ ਭੂਮਿਕਾ ‘ਤੇ ਉਨ੍ਹਾਂ ਕਿਹਾ ਕਿ ਉਹ ਪੜਤਾਲ ਕਰ ਕੇ ਹੀ ਕੁਝ ਕਹਿ ਸਕਦੇ ਹਨ ਕਿਉਂ ਕਿ ਹੋ ਸਕਦਾ ਹੈ ਕੋਈ ਤੀਸਰਾ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇ ਗਿਆ ਹੋਵੇ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਦੋਸ਼ੀ ਬਖਸ਼ੇ ਨਹੀ ਜਾਣਗੇ।

Comments

comments

Share This Post

RedditYahooBloggerMyspace