ਦਿਲਪ੍ਰੀਤ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ

ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪੀਜੀਆਈ ਤੋਂ ਛੁੱਟੀ ਮਿਲਣ ਬਾਅਦ ਚੰਡੀਗੜ੍ਹ ਪੁਲੀਸ ਆਪਣੇ ਨਾਲ ਲੈਕੇ ਜਾਂਦੀ ਹੋਈ 

ਐਸ.ਏ.ਐਸ. ਨਗਰ : ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਇੱਕ ਹੋਰ ਸਾਥੀ ਅਰੁਣ ਕੁਮਾਰ ਉਰਫ਼ ਸੰਨੀ ਵਾਸੀ ਪਿੰਡ ਭਲਿਆਣ (ਰੂਪਨਗਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਰੁਣ ਨੇ ਦਿਲਪ੍ਰੀਤ ਨੂੰ ਰਹਿਣ ਲਈ ਥਾਂ ਮੁਹੱਈਆ ਕੀਤੀ ਸੀ। ਇਹ ਖੁਲਾਸਾ ਏਆਈਜੀ ਵਰਿੰਦਰਪਾਲ ਸਿੰਘ ਨੇ ਅੱਜ ਮੀਡੀਆ ਨਾਲ ਕਰਦਿਆਂ ਦੱਸਿਆ ਕਿ ਅਰੁਣ ਕੁਮਾਰ ਗੈਂਗਸਟਰ ਦਿਲਪ੍ਰੀਤ ਦਾ ਪੁਰਾਣਾ ਦੋਸਤ ਹੈ ਜਿਸ ਨੇ ਦਿਲਪ੍ਰੀਤ ਤੇ ਉਸ ਦੇ ਸਾਥੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਕਾਸ਼ ਨੂੰ ਆਪਣੇ ਹੋਰ ਦੋਸਤਾਂ ਦੇ ਘਰ ਕਈ ਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਨੀ ਸੜਕਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਿੱਚ ਗਰੇਡਰ ਮਸ਼ੀਨ ਦੇ ਅਪਰੇਟਰ ਵਜੋਂ ਹਰਿਆਣਾ ਵਿੱਚ ਕੰਮ ਕਰਦਾ ਹੈ। ਇਹ ਨਿਰਮਾਣ ਸਥਾਨਾਂ ’ਤੇ ਕਿਰਾਏ ’ਤੇ ਕਮਰਾ ਲੈ ਕੇ ਰਹਿੰਦਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਹਰਿਆਣਾ ਦੇ ਪਿੰਡ ਖੁਰਦੀ (ਯਮੁਨਾਨਗਰ) ਵਿੱਚ ਵੀ ਕਿਰਾਏ ’ਤੇ ਘਰ ਲਿਆ ਸੀ ਜਿੱਥੇ ਅਕਸਰ ਗੈਂਗਸਟਰ ਦਿਲਪ੍ਰੀਤ ਉਸ ਕੋਲ ਆਉਂਦਾ ਜਾਂਦਾ ਰਿਹਾ ਹੈ।  ਪੁਲੀਸ ਅਨੁਸਾਰ ਮੁਲਜ਼ਮ ਅਰੁਣ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਦਿਲਪ੍ਰੀਤ ਪਹਿਲਾਂ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਵੇਚਦਾ ਸੀ ਅਤੇ ਉਹ ਵੀ ਕਈ ਵਾਰ ਦਿਲਪ੍ਰੀਤ ਨਾਲ ਰਾਜਸਥਾਨ ਤੋਂ ਅਫ਼ੀਮ ਲੈਣ ਜਾਂਦਾ ਰਿਹਾ ਹੈ। ਦਿਲਪ੍ਰੀਤ ਨੇ ਉਸ ਰਾਹੀਂ ਨੰਗਲ ਇਲਾਕੇ ਦੇ ਕਰੱਸ਼ਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਦੀ ਯੋਜਨਾ ਬਣਾਈ ਸੀ ਜਿਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਅਤੇ ਇਸ ਦੌਰਾਨ ਦਿਲਪ੍ਰੀਤ ਪੁਲੀਸ ਦੇ ਧੱਕੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰੁਣ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

ਪੀਜੀਆਈ ਵਿੱਚੋਂ ਛੁੱਟੀ ਮਿਲਦੇ ਸਾਰ ਯੂਟੀ ਪੁਲੀਸ ਨੇ ਪਾਈ ਗ੍ਰਿਫ਼ਤਾਰੀ

ਪੀਜੀਆਈ ਵਿੱਚ ਜ਼ੇਰੇ ਇਲਾਜ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲੀਸ ਨੂੰ ਹਾਲੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਹਸਪਤਾਲ ’ਚੋਂ ਛੁੱਟੀ ਮਿਲਦੇ ਹੀ ਯੂਟੀ ਪੁਲੀਸ ਨੇ ਗੈਂਗਸਟਰ ਬਾਬਾ ਨੂੰ ਸਰਪੰਚ ਕਤਲ ਕੇਸ ਵਿੱਚ ਹਿਰਾਸਤ ਵਿੱਚ ਲੈ ਲਿਆ। ਏਆਈਜੀ ਵਰਿੰਦਰਪਾਲ ਨੇ ਕਿਹਾ ਕਿ ਦਿਲਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਜਾਣਗੇ।

Comments

comments

Share This Post

RedditYahooBloggerMyspace