ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰ ਕੇ ਕੈਸ਼ ਵੈਨ ਲੁੱਟੀ

ਸੰਗਰੂਰ : ਇਥੋਂ 9 ਕਿਲੋਮੀਟਰ ਦੂਰ ਸੰਗਰੂਰ-ਪਟਿਆਲਾ ਕੌਮੀ ਸ਼ਾਹ ਰਾਹ ’ਤੇ ਭਾਈ ਗੁਰਦਾਸ ਕਾਲਜ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਕੈਸ਼ ਵੈਨ ਦੇ ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰ ਕੇ ਪੰਜ ਲੱਖ ਰੁਪਏ ਲੁੱਟ ਲਏ। ਭੱਜਣ ਵੇਲੇ ਲੁਟੇਰੇ ਸੁਰੱਖਿਆ ਗਾਰਡ ਦੀ 12 ਬੋਰ ਬੰਦੂਕ ਵੀ ਲੈ ਗਏ। ਇਹ ਘਟਨਾ ਦਿਨ ਦਿਹਾੜੇ ਕਰੀਬ ਪੌਣੇ ਬਾਰਾਂ ਵਜੇ ਉਦੋਂ ਵਾਪਰੀ ਜਦੋਂ ਕੈਸ਼ ਵੈਨ ਸੰਗਰੂਰ ਤੋਂ ਭਵਾਨੀਗੜ੍ਹ ਬੈਂਕ ਦੇ ਏਟੀਐਮ ਵਿੱਚ ਕੈਸ਼ ਪਾਉਣ ਜਾ ਰਹੀ ਸੀ। ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਸੁਰੱਖਿਆ ਗਾਰਡ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰੰਤੂ ਉਸ ਦੀ ਹਾਲਤ ਅਤਿ ਨਾਜ਼ੁਕ ਹੋਣ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗਰਗ ਪੁਲੀਸ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਲੁਟੇਰਿਆਂ ਨੂੰ ਫੜਨ ਲਈ ਜ਼ਿਲ੍ਹੇ ਭਰ ਵਿੱਚ ਨਾਕੇਬੰਦੀ ਕਰ ਦਿੱਤੀ।

ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੇ ਕੈਸ਼ ਮੈਨ ਸਤਵੰਤ ਸਿੰਘ, ਯਾਦਵਿੰਦਰ ਸਿੰਘ, ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਸੁਰੱਖਿਆ ਗਾਰਡ ਸੁਖਪਾਲ ਸਿੰਘ ਅਤੇ ਵੈਨ ਚਾਲਕ ਗੁਰਸੰਤ ਸਿੰਘ ਸ਼ਹਿਰ ਦੇ ਯੈੱਸ ਬੈਂਕ ਦੇ ਏਟੀਐਮ ਵਿੱਚ ਤਿੰਨ ਲੱਖ ਅਤੇ ਆਜੀਵਨ ਬੈਂਕ ਦੇ ਏਟੀਐਮ ਵਿੱਚ ਸਾਢੇ ਛੇ ਲੱਖ ਰੁਪਏ ਲੋਡ ਕਰਨ ਤੋਂ ਬਾਅਦ ਐਕਸਿਸ ਬੈਂਕ ਤੋਂ ਪੰਜ ਲੱਖ ਰੁਪਏ ਲੈ ਕੇ ਭਵਾਨੀਗੜ੍ਹ ਸਥਿਤ ਏਟੀਐਮ ਵਿੱਚ ਕੈਸ਼ ਪਾਉਣ ਜਾ ਰਹੇ ਸਨ। ਜਿਉਂ ਹੀ ਕੈਸ਼ ਵੈਨ ਭਾਈ ਗੁਰਦਾਸ ਕਾਲਜ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਫਾਇਰਿੰਗ ਕਰਕੇ ਕੈਸ਼ ਵੈਨ ਰੋਕ ਲਈ।  ਕੈਸ਼ ਵੈਨ ਦੇ ਰੁਕਦਿਆਂ ਹੀ ਲੁਟੇਰਿਆਂ ਨੇ ਅੱਗੇ ਬੈਠੇ ਸੁਰੱਖਿਆ ਗਾਰਡ ਸੁਖਪਾਲ ਸਿੰਘ ਉਪਰ ਗੋਲੀਆਂ ਵਰ੍ਹਾ ਦਿੱਤੀਆਂ ਜੋ ਗੰਭੀਰ ਜ਼ਖ਼ਮੀ ਹੋ ਕੇ ਸੀਟ ’ਤੇ ਹੀ ਡਿੱਗ ਪਿਆ। ਸੁਰੱਖਿਆ ਗਾਰਡ ਦੇ ਇੱਕ ਗੋਲੀ ਸਿਰ ਵਿੱਚ, ਇੱਕ ਮੋਢੇ ਅਤੇ ਬਾਕੀ ਛਾਤੀ ਵਿੱਚ ਲੱਗੀਆਂ ਦੱਸੀਆਂ ਗਈਆਂ ਹਨ ਜਿਸ ਮਗਰੋਂ ਲੁਟੇਰੇ ਕੈਸ਼ ਕਰਮਚਾਰੀਆਂ ਤੋਂ ਪੰਜ ਲੱਖ ਨਾਲ ਭਰਿਆ ਬੈਗ ਅਤੇ ਸੁਰੱਖਿਆ ਗਾਰਡ ਦੀ 12 ਬੋਰ ਬੰਦੂਕ ਲੈ ਕੇ ਫ਼ਰਾਰ ਹੋ ਗਏ। ਸੁਰੱਖਿਆ ਗਾਰਡ ਸੁਖਪਾਲ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਪਟਿਆਲਾ ਰੈਫ਼ਰ ਕਰ ਦਿੱਤਾ ਹੈ।

Comments

comments

Share This Post

RedditYahooBloggerMyspace