ਖੇੜੀ ਫੱਤਣ ਵਿਖੇ ਬੇਅਦਬੀ ਕਰਨ ਵਾਲੀ ਜਨਾਨੀ ਨੂੰ ਪਾਗਲ ਸਾਬਿਤ ਕਰਨ ਲੱਗੀ ਪੁਲਿਸ, ਸੰਗਤਾਂ ਨੇ ਸੜਕ ਰੋਕੀ

ਸਮਾਣਾ: ਪਿੰਡ ਖੇੜੀ ਫੱਤਣ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੀ ਸਾਜਿਸ਼ ‘ਤੇ ਪੁਲਿਸ ਵਲੋਂ ਪਰਦਾ ਪਾਉਣ ਦੀ ਕੋਸ਼ਿਸ ਕਰਨ ਦਾ ਦੋਸ਼ ਲਾਉਂਦਿਆਂ ਸਿੱਖ ਸੰਗਤਾਂ ਵਲੋਂ ਅੱਜ ਸਮਾਣਾ ਸ਼ਹਿਰ ਦੇ ਅੰਬੇਦਕਰ ਚੌਂਕ ਵਿਖੇ ਸੜਕ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀ ਜਨਾਨੀ ਨੂੰ ਜਾਣਬੁੱਝ ਕੇ ਮਾਨਸਿਕ ਰੋਗੀ ਸਾਬਿਤ ਕਰ ਰਹੀ ਹੈ ਜਦਕਿ ਸਾਹਮਣੇ ਆਈ ਸੀਸੀਟੀਵੀ ਫੁਟੇਜ ਤੋਂ ਅਤੇ ਜਿਸ ਤਰ੍ਹਾਂ ਉਸ ਜਨਾਨੀ ਨੇ ਪਾੜੇ ਅੰਗਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਸਾਫ ਪਤਾ ਲਗਦਾ ਹੈ ਕਿ ਉਸਨੇ ਪੂਰੇ ਹੋਸ਼ ਵਿਚ ਇਕ ਸਾਜਿਸ਼ ਅਧੀਨ ਇਹ ਬੇਅਦਬੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨੇ ‘ਤੇ ਮੋਜੂਦ ਪੰਥ ਅਕਾਲੀ ਲਹਿਰ ਦੇ ਨੁਮਾਂਇੰਦੇ ਰਜਿੰਦਰ ਸਿੰਘ ਫਤਹਿਗੜ੍ਹ ਛੰਨਾ ਨੇ ਦੱਸਿਆ ਕਿ ਪੁਲਿਸ ਵਲੋਂ ਉਪਰੋਂ ਮਿਲਦੀਆਂ ਹਦਾਇਤਾਂ ਨਾਲ ਬੇਅਦਬੀ ਦੇ ਕਈ ਕੇਸਾਂ ਨੂੰ ਇਹ ਰੂਪ ਦਿੱਤਾ ਗਿਆ ਹੈ ਕਿ ਬੇਅਦਬੀ ਕਰਨ ਵਾਲਾ ਦੋਸ਼ੀ ਮਾਨਸਿਕ ਰੋਗੀ ਹੈ। ਉਨ੍ਹਾਂ ਪੁੱਛਿਆ ਕਿ ਕੀ ਮਾਨਸਿਕ ਰੋਗੀਆਂ ਨੂੰ ਕੁਝ ਸਮੇਂ ਤੋਂ ਹੀ ਇਹ ਬੇਅਦਬੀਆਂ ਕਰਨ ਦਾ ਖਿਆਲ ਆਇਆ ਹੈ ਜਾ ਫੇਰ ਉਸ ਤੋਂ ਪਹਿਲਾਂ ਪੰਜਾਬ ਵਿਚ ਮਾਨਸਿਕ ਰੋਗੀ ਨਹੀਂ ਸਨ ਤੇ ਜਾ ਫੇਰ ਦੁਨੀਆ ਦੇ ਹੋਰ ਹਿੱਸਿਆਂ ਵਿਚ ਮਾਨਸਿਕ ਰੋਗੀ ਨਹੀਂ ਹਨ।

ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਇਕ ਪੂਰੀ ਸਾਜਿਸ਼ ਅਧੀਨ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਆਮ ਬਣਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਕਾਰਵਾਈ ਕਿਤੇ ਨਾ ਕਿਤੇ ਇਨ੍ਹਾਂ ਸਾਜਿਸ਼ਾਂ ਨੂੰ ਸਰਕਾਰੀ ਸ਼ਹਿ ਹੋਣ ਵੱਲ ਹੀ ਇਸ਼ਾਰਾ ਕਰਦੀ ਹੈ।

ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੀ ਜਨਾਨੀ ਖੇੜੀ ਫੱਤਣ ਪਿੰਡ ਤੋਂ ਲਗਭਗ 3 ਕਿਲੋਮੀਟਰ ਦੂਰ ਪੈਂਦੇ ਪਿੰਡ ਬਿਜਲਪੁਰ ਦੀ ਵਸਨੀਕ ਹੈ ਤੇ ਪਿਛਲੇ ਦੋ ਮਹੀਨਿਆਂ ਤੋਂ ਇਹ ਆਪਣੇ ਮੁੰਡੇ ਸਮੇਤ ਪਿੰਡ ਖੇੜੀ ਫੱਤਣ ਵਿਖੇ ਕਿਰਾਏ ‘ਤੇ ਰਹਿਣ ਲੱਗੀ ਸੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਸਾਰੀ ਘਟਨਾ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਤੇ ਉਸ ਤੋਂ ਸਾਫ ਪਤਾ ਲਗਦਾ ਹੈ ਕਿ ਜਨਾਨੀ ਨੇ ਬੜੀ ਚਲਾਕੀ ਨਾਲ ਬੇਅਦਬੀ ਕੀਤੀ ਹੈ ਤੇ ਪਾੜੇ ਅੰਗਾਂ ਨੂੰ ਆਪਣੇ ਕਪੜਿਆਂ ਵਿਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਪਰ ਮੌਕੇ ‘ਤੇ ਸੰਗਤਾਂ ਵਲੋਂ ਇਸ ਨੂੰ ਫੜ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਜਦੋਂ ਇਸ ਜਨਾਨੀ ਨੂੰ ਫੜਿਆ ਗਿਆ ਤਾਂ ਇਸ ਕੋਲ ਦੋ ਮੋਬਾਈਲ ਫੋਨ ਸਨ, ਜਿਸ ਤੋਂ ਸਾਫ ਹੈ ਕਿ ਇਹ ਮਾਨਸਿਕ ਰੋਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਪੁਲਿਸ ਅਫਸਰਾਂ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਅਫਸਰ ਹੁਣ ਉਨ੍ਹਾਂ ਫੋਨਾਂ ਨੂੰ ਨਕਲੀ ਫੋਨ ਦਸ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਜਨਾਨੀ ਦੇ ਪੁਰਾਣੇ ਪਿੰਡ ਤੋਂ ਪਤਾ ਲੱਗਿਆ ਹੈ ਕਿ ਇਹ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪ੍ਰੇਮਣ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਦਾ ਕੋਈ ਉੱਚ ਅਧਿਕਾਰੀ ਉਨ੍ਹਾਂ ਕੋਲ ਧਰਨੇ ‘ਤੇ ਨਹੀਂ ਆਇਆ ਹੈ ਤੇ ਜਦੋਂ ਤਕ ਮਾਮਲੇ ਸਬੰਧੀ ਸੰਗਤਾਂ ਦੀ ਤਸੱਲੀ ਨਹੀਂ ਹੁੰਦੀ ਤੇ ਪੁਲਿਸ ਸਾਜਿਸ਼ ਤੋਂ ਪਰਦਾ ਚੁੱਕਣ ਦਾ ਭਰੋਸਾ ਨਹੀਂ ਦਿੰਦੀ, ਧਰਨਾ ਜਾਰੀ ਰਹੇਗਾ।

Comments

comments

Share This Post

RedditYahooBloggerMyspace