ਪੁਲੀਸ ਛਾਉਣੀ ਬਣਿਆ ਰਿਹਾ ਸ਼ਾਹੀ ਸ਼ਹਿਰ

ਪਟਿਆਲਾ : ‘ਸਾਂਝੇ ਅਧਿਆਪਕ ਮੋਰਚੇ’ ਦੀ ਰੈਲੀ ਨੂੰ ਸ਼ਹਿਰ ਵਿੱਚ ਦਾਖਲਾ ਹੋਣ ਤੋਂ ਰੋਕਣ ਲਈ ਸ਼ਾਹੀ ਸ਼ਹਿਰ ਪਟਿਆਲਾ ਅੱਜ ਦਿਨ ਭਰ ਪੁਲੀਸ ਛਾਉਣੀ ਬਣਿਆ ਰਿਹਾ। ਇਸ ਕੰਮ ਲਈ ਵੱਖ ਵੱਖ ਜ਼ਿਲ੍ਹਿਆਂ ਤੋਂ ਢਾਈ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਬੁਲਾਏ ਹੋਏ ਸਨ। ਇਸ ਦੌਰਾਨ ਮੋਤੀ ਮਹਿਲ ਦੇ ਦੁਆਲੇ ਹੋਰ ਵੀ ਵੱਧ ਚੌਕਸੀ ਰੱਖੀ ਗਈ। ਮਹਿਲ ਅੱਗਿਓਂ ਲੰਘਦੀ ਸੜਕ ਤਾਂ ਸੀਲ ਹੀ ਕਰ ਦਿੱਤੀ ਗਈ ਸੀ। ਮਹਿਲ ਸਾਹਮਣੇ ਸਥਿਤ ਭਰਭੂਰ ਗਾਰਡਨ ਵਿਚਲੀਆਂ ਗਲੀਆਂ ਸਮੇਤ ਇਸ ਖੇਤਰ ਵਿਚਲੇ ਕਈ ਘਰਾਂ ਦੀਆਂ ਛੱਤਾਂ ’ਤੇ ਵੀ ਪੁਲੀਸ ਮੁਲਾਜ਼ਮ ਮੌਜੂਦ ਰਹੇ। ਸ਼ਹਿਰ ਦੇ ਅੰਦਰ ਤੇ ਬਾਹਰਲੇ ਹਿੱਸੇ ਵਿੱਚ ਸੌ ਦੇ ਕਰੀਬ ਨਾਕੇ ਲਾਏ ਹੋਏ ਸਨ। ਇਸ ਦੌਰਾਨ ਮਹਿਲ ਨੇੜਲੇ ਸਭ ਤੋਂ ਅਹਿਮ ‘ਵਾਈਪੀਐੱਸ ਚੌਕ’ ’ਤੇ ਐੱਸਪੀ ਸੁਖਦੇਵ ਵਿਰਕ ਦੀ ਅਗਵਾਈ ਹੇਠਾਂ ਡੀਐੱਸਪੀ ਯੋਗੇਸ਼ ਸ਼ਰਮਾ, ਇੰਸਪੈਕਟਰ ਗੁਰਪ੍ਰਤਾਪ ਸਿੰਘ, ਰਣਬੀਰ ਸਿੰਘ, ਜਤਿੰਦਰਪਾਲ ਸਿੰਘ, ਇੰਸਪੈਕਟਰ ਰਾਹੁਲ ਕੌਸ਼ਲ ਸਮੇਤ ਹੋਰ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਰਹੀ। ਮਹਿਲ ਦੇ ਦੂਜੇ ਪਾਸੇ ਗੁਰਦੁਆਰਾ ਮੋਤੀ ਬਾਗ ਰੋਡ, ਨਗਰ ਨਿਗਮ ਰੋਡ, ਪਿਛਲੇ ਪਾਸੇ ਪੁਲੀਸ ਚੌਕੀ ਅਫਸਰ ਕਲੋਨੀ ਚੌਕ, ਸੂਲਰ ਚੌਕ, ਮਿਲਟਰੀ ਹੇਰੀਆ ਚੌਕ, ਠੰਢੀ ਖੂਹੀ, ਰਾਘੋਮਾਜਰਾ ਅਤੇ ਸਾਈਂ ਮਾਰਕਿਟ ਸਮੇਤ ਮਹਿਲ ਨੂੰ ਜਾਂਦੀ ਸੜਕ ’ਤੇ ਸਥਿਤ ਠੀਕਰੀਵਾਲਾ ਚੌਕ ਅਤੇ ਫੁਹਾਰਾ ਚੌਕ ’ਚ ਵੀ ਪੁਲੀਸ ਦੇ ਨਾਕੇ ਲੱਗੇ ਹੋਏ ਸਨ।

ਸ਼ਹਿਰ ਦੇ ਬਾਹਰਲੇ ਹਿੱਸਿਆਂ ਵਿੱਚੋਂ ਪਸਿਆਣਾ ਚੌਕ, ਮੈਣ ਚੌਕ, ਅਰਬਨ ਅਸਟੇਟ ਚੌਕ, ਝਿੱਲ ਚੌਕ, ਥਾਪਰ ਯੂਨੀਵਰਸਿਟੀ ਚੌਕ ਤੇ ਨਾਭਾ ਰੋਡ ਸਮੇਤ ਕਈ ਹੋਰ ਰਸਤਿਆਂ ’ਤੇ ਵੀ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ। ਇਸ ਸਬੰਧੀ ਚਾਰ ਐੱਸਪੀ, ਅੱਠ ਡੀਐੱਸਪੀ, ਪੰਜਾਹ ਇੰਸਪੈਕਟਰ, 100 ਥਾਣੇਦਾਰ, 86 ਮਹਿਲਾ ਥਾਣੇਦਾਰ, 400 ਮਹਿਲਾ ਕਾਂਸਟੇਬਲ, 1200 ਹੌਲਦਾਰ ਤੇ ਸਿਪਾਹੀ, ਦੋ ਸੌ ਟਰੈਫ਼ਿਕ ਮੁਲਾਜ਼ਮਾਂ ਸਮੇਤ ਪੰਜ ਸੌ ਕਮਾਂਡੋਜ਼ ਸਮੇਤ ਢਾਈ ਸੌ ਬੈਰੀਕੇਡ, ਤਿੰਨ ਜਲ ਤੋਪਾਂ, ਹੰਝੂ ਗੈਸ ਵੈਨ ਤੇ ਘੋੜ ਸਵਾਰ ਪੁਲੀਸ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਇੰਚਾਰਜ ਕਰਨੈਲ ਸਿੰਘ ਨੇ ਕਿਹਾ ਕਿ ਚਾਲੀ ਤੋਂ ਵੱਧ ਨਾਕੇ ਟਰੈਫ਼ਿਕ ਪੁਲੀਸ ਵੱਲੋਂ ਹੀ ਲਾਏ ਗਏ ਸਨ। ਇਸ ਤੋਂ ਵੀ ਵੱਧ ਨਾਕੇ ਜ਼ਿਲ੍ਹਾ ਪੁਲੀਸ ਨੇ ਵੱਖਰੇ ਤੌਰ ’ਤੇ ਲਾਏ ਹੋਏ ਸਨ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਭਾਵੇਂ ਕਿ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਕਰ ਰਹੇ ਸਨ, ਪਰ ਚਾਰ ਐਸਪੀਜ਼ ਕੰਵਲਦੀਪ ਕੌਰ, ਸੁਖਦੇਵ ਵਿਰਕ, ਹਰਵਿੰਦਰ ਵਿਰਕ ਤੇ ਅਮਰਜੀਤ ਘੁੰਮਣ ਨੂੰ ਵੀ ਜ਼ੋਨ ਬਣਾ ਕੇ ਵੱਖ ਵੱਖ ਇਲਾਕੇ ਸੰਭਾਲੇ ਹੋਏ ਸਨ। ਐੱਸਪੀ ਸੁਰੱਖਿਆ ਤੇ ਟਰੈਫ਼ਿਕ ਅਮਰਜੀਤ ਘੁੰਮਣ ਨੇ ਅਜਿਹੇ ਸੁਰੱਖਿਆ ਪ੍ਰਬੰਧਾਂ ਦੀ ਪੁਸ਼ਟੀ ਕੀਤੀ ਹੈ।

Comments

comments

Share This Post

RedditYahooBloggerMyspace