ਬੁੱਢੇ ਨਾਲੇ ‘ਚ 550 ਮੀਟ੍ਰਿਕ ਟਨ ਗੋਹਾ ਰੋਜ਼ਾਨਾ ਸੁੱਟਿਆ ਜਾ ਰਿਹੈ

ਲੁਧਿਆਣਾ : ਗਾਂ ਦਾ ਗੋਹਾ ਬੇਸ਼ੱਕ ਖਾਦ ਵਜੋਂ ਵਰਤੋਂ ਲਈ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਪਰ ਬੁੱਢੇ ਨਾਲੇ ਵਿਚ ਜਾਂਦੇ ਹੀ ਇਹ ਲੋਕਾਂ ਲਈ ਜ਼ਹਿਰ ਬਣ ਰਿਹਾ ਹੈ। ਲੁਧਿਆਣਾ ਦੇ ਹੈਬੋਵਾਲ ਅਤੇ ਤਾਜਪੁਰ ਰੋਡ ‘ਤੇ ਕਰੀਬ 550 ਡੇਅਰੀਆਂ ਹਨ, ਜਿਨ੍ਹਾਂ ਵਿਚ ਲਗਭਗ 25,000 ਗਾਵਾਂ-ਮੱਝਾਂ ਹਨ। ਇਨ੍ਹਾਂ ਵਿਚ ਰੋਜ਼ਾਨਾ 550 ਮੀਟ੍ਰਿਕ ਟਨ ਗੋਹਾ ਨਿਕਲਦਾ ਹੈ, ਜੋ ਬਿਨਾਂ ਟੀ੍ਰਟ ਕੀਤੇ ਇਲੀਗਲ ਸੀਵਰੇਜ ਰਾਹੀਂ ਬੁੱਢੇ ਨਾਲੇ ਵਿਚ ਜਾ ਕੇ ਉਸ ਨੂੰ ਜਾਮ ਕਰ ਰਿਹਾ ਹੈ। ਇਸ ਨਾਲ ਪਾਣੀ ਦਾ ਬੀ.ਓ.ਡੀ. ਪੱਧਰ (ਬਾਇਓ ਕੈਮੀਕਲ ਆਕਸੀਜਨ ਡਿਮਾਂਡ) ਜੋ ਕਿ 200 ਦੇ ਕਰੀਬ ਹੋਣਾ ਚਾਹੀਦਾ ਹੈ, ਉਹ 800 ਤੋਂ 900 ਤੱਕ ਪੁੱਜ ਰਿਹਾ ਹੈ, ਜਿਸ ਕਾਰਨ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਇੰਨਾ ਹੀ ਨਹੀਂ ਗੋਹੇ ਵਾਲਾ ਪਾਣੀ ਵੀ ਪੀਣ ਵਾਲੇ ਪਾਣੀ ਵਿਚ ਜਾ ਕੇ ਮਿਕਸ ਹੋ ਰਿਹਾ ਹੈ, ਜਿਸ ਨਾਲ ਲੋਕ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਹੈਬੋਵਾਲ ਡੇਅਰੀ ਕੰਪਲੈਕਸ ਵਿਚ ਹੀ 700 ਦੇ ਕਰੀਬ ਪਰਿਵਾਰ ਹਨ, ਜੋ ਗੋਹੇ ਤੋਂ ਫੈਲਣ ਵਾਲੀਆਂ ਬੀਮਾਰੀਆਂ ਦੇ ਢੇਰ ‘ਤੇ ਬੈਠੇ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕੇ ਦੇ ਵੀ ਹਜ਼ਾਰਾਂ ਲੋਕਾਂ ਲਈ ਰਹਿਣਾ ਦੁੱਭਰ ਹੋਇਆ ਪਿਆ ਹੈ। ਡੇਅਰੀ ਮਾਲਕਾਂ ਨੇ ਛੋਟੇ-ਛੋਟੇ ਨਾਲੇ ਪੁੱਟ ਕੇ ਉਨ੍ਹਾਂ ਵਿਚ ਸੀਵਰੇਜ ਪਾਏ ਹੋਏ ਹਨ, ਜਿਨ੍ਹਾਂ ਦਾ ਸਿੱਧਾ ਮੂੰਹ ਬੁੱਢੇ ਨਾਲੇ ਵਿਚ ਜਾ ਕੇ ਖੁੱਲ੍ਹਦਾ ਹੈ। ਕਿਤੇ-ਕਿਤੇ ਸੀਵਰੇਜ ਵਿੱਚੋਂ ਟੁੱਟੇ ਵੀ ਹੋਏ ਹਨ, ਜੋ ਬਰਸਾਤ ਦੇ ਦਿਨਾਂ ਵਿਚ ਓਵਰਫਲੋ ਹੋ ਕੇ ਡੇਅਰੀ ਕੰਪਲੈਕਸ ਵਿਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ। ਉਥੇ ਰਹਿਣ ਵਾਲੇ ਲੋਕ ਜਗ ਬਾਣੀ ਦੀ ਟੀਮ ਦੇ ਸਾਹਮਣੇ ਤਾਂ ਆਏ ਪਰ ਖੁੱਲ੍ਹ ਕੇ ਬੋਲਣ ਨੂੰ ਤਿਆਰ ਇਸ ਲਈ ਨਹੀਂ ਹੋਏ, ਕਿਉਂਕਿ ਉਥੇ ਡੇਅਰੀ ਮਾਲਕਾਂ ਦੀ ਕਾਫੀ ਦਹਿਸ਼ਤ ਹੈ ਤੇ ਰਾਜਨੀਤਿਕ ਲੋਕਾਂ ਦਾ ਪ੍ਰਭਾਵ ਹੈ।

ਡੇਅਰੀ ਮਾਲਕਾਂ ਦੇ ਦਿਲ ਵਿਚ ਰਹਿਮ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਉਨ੍ਹਾਂ ਛੋਟੇ-ਛੋਟੇ ਬੱਚਿਆਂ ਦੀ ਜਾਨ ਖਤਰੇ ਵਿਚ ਪਾਈ ਹੋਈ ਹੈ। ਉਨ੍ਹਾਂ ਨੂੰ ਕਮਾਈ ਨਾਲ ਮਤਲਬ ਹੈ। ਅਜਿਹੇ ਹੀ ਹਾਲਤ ਤਾਜਪੁਰ ਡੇਅਰੀ ਕੰਪਲੈਕਸ ਦੇ ਵੀ ਹੈ, ਜਿਥੇ ਕਿ ਸਿੱਧਾ ਗੋਹੇ ਵਾਲਾ ਪਾਣੀ ਬੁੱਢੇ ਨਾਲੇ ਵਿਚ ਪਾਇਆ ਜਾ ਰਿਹਾ ਹੈ।

ਮੇਅਰ ਬਲਕਾਰ ਦੀ ਖੁਦ ਦੀ ਹੈ ਡੇਅਰੀ
ਮੌਜੂਦਾ ਕਾਂਗਰਸ ਸਰਕਾਰ ਦੇ ਮੇਅਰ ਬਲਕਾਰ ਸਿੰਘ ਸੰਧੂ ਦੀ ਖੁਦ ਦੀ ਡੇਅਰੀ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਹੈ। ਇੰਨੇ ਜ਼ਿੰਮੇਦਾਰ ਇਨਸਾਨ ਖੁਦ ਲੋਕਾਂ ਨੂੰ ਬੀਮਾਰੀ ਦੇਣ ਵਿਚ ਸ਼ਾਮਲ ਹੋਣ ਤਾਂ ਲੋਕ ਕਿਸ ‘ਤੇ ਭਰੋਸਾ ਕਰਨ। ਅੱਜ ਤੱਕ ਡੇਅਰੀ ਕੰਪਲੈਕਸ ਲਈ ਕੋਈ ਪੁਖਤਾ ਯੋਜਨਾ ਬਣਾਉਣ ਲਈ ਵੀ ਕਦਮ ਨਹੀਂ ਚੁੱਕਿਆ ਗਿਆ। ਹਾਲਾਂਕਿ ਇੱਥੋਂ ਦੇ ਕਈ ਧਾਕੜ ਅਕਸ ਵਾਲੇ ਕੌਂਸਲਰ ਵੀ ਰਹੇ ਹਨ। ਉਨ੍ਹਾਂ ਵਿਚ ਵੀ ਦਮ ਨਹੀਂ ਸੀ ਕਿ ਡੇਅਰੀ ਕੰਪਲੈਕਸ ਨੂੰ ਕਿਤੇ ਹੋਰ ਜਗ੍ਹਾ ਸ਼ਿਫਟ ਕਰਵਾ ਦੇਣ।

ਗੋਹਾ ਕਿਵੇਂ ਬੁੱਢੇ ਨਾਲੇ ਨੂੰ ਕਰ ਰਿਹੈ ਜਾਮ
ਹੈਬੋਵਾਲ ਅਤੇ ਤਾਜਪੁਰ ਰੋਡ ਦੀਆਂ ਡੇਅਰੀਆਂ ਰੋਜ਼ਾਨਾ ਮਲ-ਮੂਤਰ ਨੂੰ ਸਾਫ ਕਰਨ ਲਈ ਹਜ਼ਾਰਾਂ ਲਿਟਰ ਪਾਣੀ ਵੀ ਵਰਤੋਂ ਕਰਦੀਆਂ ਹਨ। ਪਾਣੀ ਦੇ ਵਹਾਅ ਰਾਹੀਂ ਗੋਹਾ ਇਲੀਗਲ ਸੀਵਰੇਜ ਰਾਹੀਂ ਬੁੱਢੇ ਨਾਲੇ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿੱਥੇ ਜਾ ਕੇ ਗੋਹਾ ਸਲਜ ਦੇ ਰੂਪ ਵਿਚ ਥੱਲੇ ਬੈਠ ਜਾਂਦਾ ਹੈ ਅਤੇ ਪਾਣੀ ਦੇ ਵਹਾਅ ਨੂੰ ਰੋਕ ਦਿੰਦਾ ਹੈ, ਜਿਸ ਨਾਲ ਰੋਜ਼ਾਨਾ ਬੁੱਢੇ ਨਾਲੇ ਦੇ ਜਾਮ ਹੋਣ ਦੀ ਕਵਾਇਦ ਵਧਦੀ ਜਾ ਰਹੀ ਹੈ। ਨਿਗਮ ਵੀ ਇਸ ਦੀ ਸਫਾਈ ਕਰਵਾਉਣ ਵਿਚ ਫੇਲ ਹੋ ਚੁੱਕਾ ਹੈ।

ਫੈਲ ਰਹੀਆਂ ਨੇ ਇਹ ਬੀਮਾਰੀਆਂ
ਪਸ਼ੂਆਂ ਦੇ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜਿੱਥੇ ਪਸ਼ੂਆਂ ਨੂੰ ਘੱਟ ਜਗ੍ਹਾ ਮਿਲਦੀ ਹੈ, ਉਥੇ ਮੇਸਟਾਈਡਿਸ ਵਰਗੀ ਬੀਮਾਰੀ ਫੈਲਦੀ ਹੈ, ਜਿਸ ਨਾਲ ਦੁੱਧ ਘੱਟ ਹੋ ਜਾਂਦਾ ਹੈ ਅਤੇ ਇੰਜੈਕਸ਼ਨ ਲਾ ਕੇ ਦੁੱਧ ਕੱਢਿਆ ਜਾਂਦਾ ਹੈ, ਜੋ ਪਸ਼ੂਆਂ ਲਈ ਤਾਂ ਨੁਕਸਾਨਦੇਹ ਹੈ ਹੀ, ਨਾਲ ਹੀ ਮਨੁੱਖਾਂ ਲਈ ਵੀ ਇਹ ਖਤਰਨਾਕ ਹੈ। ਵਜ੍ਹਾ ਇੰਜੈਕਸ਼ਨ ਐਂਟੀਬਾਇਓਟਿਕ ਹੁੰਦੇ ਹਨ। ਇਸ ਤੋਂ ਇਲਾਵਾ ਪਸ਼ੂਆਂ  ਨੂੰ ਜ਼ਿਆਦਾ ਸਮਾਂ ਖੜ੍ਹੇ ਰਹਿਣ ਕਾਰਨ ਲੰਗੜਾਪਨ ਵੀ ਹੋ ਜਾਂਦਾ ਹੈ ਅਤੇ ਗਲਘੋਟੂ ਵਰਗੀਆਂ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ। ਗੈਸਟਰੋ ਦੇ ਮਾਹਿਰ ਡਾਕਟਰਾਂ ਮੁਤਾਬਕ ਪਸ਼ੂਆਂ ਜਾਂ ਉਨ੍ਹਾਂ ਦੇ ਮਲ-ਮੂਤਰ ਤੋਂ ਜੋਨੋਸਿਸ ਵਰਗੀਆਂ ਬੀਮਾਰੀਆਂ ਫੈਲਦੀਆਂ ਹਨ। ਇਹ ਇਕ ਬੀਮਾਰੀਆਂ ਦਾ ਗਰੁੱਪ ਹੈ, ਜਿਨ੍ਹਾਂ ਵਿਚ ਐੱਮਪ੍ਰੈਕਸ ਇਕ ਪ੍ਰਮੁੱਖ ਬੀਮਾਰੀ ਹੈ, ਜਿਸ ਨਾਲ ਚਮੜੀ ਰੋਗ ਅਤੇ ਮੂੰਹ ਦੇ ਰਸਤੇ ਬਦਬੂ ਅੰਦਰ ਜਾਂਦੀ ਰਹੇ ਤਾਂ ਦਸਤ ਅਤੇ ਉਲਟੀਆਂ ਹੁੰਦੀਆਂ ਹਨ। ਹਾਲਾਂਕਿ ਇਸ ਬੀਮਾਰੀ ਦੇ ਹਿੰਦੁਸਤਾਨ ਵਿਚ ਬਹੁਤ ਘੱਟ ਮਰੀਜ਼ ਹਨ ਪਰ 24 ਘੰਟੇ ਪਸ਼ੂਆਂ ਦੇ ਮਲ-ਮੂਤਰ ਜਾਂ ਉਨ੍ਹਾਂ ਦੇ ਵਿਚ ਰਹਿਣ ਵਾਲੇ ਹਮੇਸ਼ਾ ਗੈਸਟਰੋ ਨਾਲ ਸਬੰਧਤ ਬੀਮਾਰੀ ਦੀ ਲਪੇਟ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਪੇਟ ਦੀ ਇਨਫੈਕਸ਼ਨ ਆਮ ਹੀ ਹੁੰਦੀ ਹੈ, ਜਿਨ੍ਹਾਂ ਵਿਚ ਦਸਤ, ਉਲਟੀ ਆਉਣਾ ਆਮ ਗੱਲ ਹੈ ਅਤੇ ਇਹ ਸਿਲਸਿਲਾ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਗੋਹੇ ਨਾਲ ਬੁੱਢਾ ਨਾਲਾ ਜਾਮ ਹੋ ਰਿਹਾ ਹੈ, ਜਿਸ ਕਾਰਨ ਮੱਖੀਆਂ-ਮੱਛਰਾਂ ਕਾਰਨ ਡੇਂਗੂ ਤੇਜ਼ੀ ਨਾਲ ਫੈਲਦਾ ਹੈ ਅਤੇ ਇਹ ਸੀਜ਼ਨ ਡੇਂਗੂ ਤੇ ਮਲੇਰੀਏ ਦਾ ਹੈ।

ਸਰਕਾਰ ਨੇ ਹੁਣ ਤੱਕ ਕੀ ਕੀਤਾ?
ਪੰਜਾਬ ਸਰਕਾਰ ਦੀ ਪੰਜਾਬ ਐਨਰਜੀ ਡਿਵੈੱਲਪਮੈਂਟ ਏਜੰਸੀ (ਪੇਡਾ) ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਪਾਵਰ ਪਲਾਂਟ ਲਾਇਆ ਹੈ। ਪੇਡਾ ਦੇ ਮੈਨੇਜਰ ਕੁਲਬੀਰ ਸੰਧੂ ਨੇ ਦੱਸਿਆ ਕਿ ਪਲਾਂਟ ਵਿਚ ਰੋਜ਼ਾਨਾ ਕਰੀਬ 170 ਮੀਟ੍ਰਿਕ ਟਨ ਗੋਹਾ ਆਉਂਦਾ ਹੈ, ਜਿਸ ਨਾਲ ਕਰੀਬ 16 ਹਜ਼ਾਰ ਯੂਨਿਟ ਬਿਜਲੀ ਪੈਦਾ ਹੁੰਦੀ ਹੈ, ਜੋ ਕਿ ਕਿਚਲੂ ਨਗਰ ਵਿਚ ਪਾਵਰਕਾਮ ਦੇ ਸਬ-ਸਟੇਸ਼ਨ ਨੂੰ 3.49 ਰੁਪਏ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਵੇਚੀ ਜਾਂਦੀ ਹੈ। ਮਤਲਬ ਕੁੱਲ 550 ਵਿਚੋਂ 170 ਮੀਟ੍ਰਿਕ ਟਨ ਹੀ ਗੋਹੇ ਦਾ ਸਹੀ ਇਸਤੇਮਾਲ ਹੁੰਦਾ ਹੈ। ਬਾਕੀ ਦਾ 380 ਮੀਟ੍ਰਿਕ ਟਨ ਬੁੱਢੇ ਨਾਲੇ ਨੂੰ ਜਾਮ ਕਰ ਰਿਹਾ ਹੈ। ਇਸ ਨੂੰ ਰੋਕਣ ਲਈ ਹੁਣ ਤੱਕ ਕੋਈ ਯੋਜਨਾ ਨਹੀਂ ਹੈ। ਇੱਥੋਂ ਤੱਕ ਕਿ ਪੇਡਾ ਦੇ ਕੋਲ ਵੀ ਪਲਾਂਟ ਦੀ ਸਮਰਥਾ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।

Comments

comments

Share This Post

RedditYahooBloggerMyspace