14ਵੇਂ ਵਿਸ਼ਵ ਕਬੱਡੀ ਕੱਪ ਲਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਮਿਲੇਗਾ ਵਡੇਰਾ ਸਹਿਯੋਗ-ਗਾਖਲ

16 ਸਤੰਬਰ ਨੂੰ ਯੂਨੀਅਨ ਸਿਟੀ ‘ਚ ਸਿਰਜਿਆ ਜਾਵੇਗਾ ਕਬੱਡੀ ਦਾ ਨਵਾਂ ਇਤਿਹਾਸ-ਮੱਖਣ ਬੈਂਸ

ਫਰੀਮਾਂਟ: ਯੁਨਾਈਟਡ ਸਪੋਰਟਸ ਕਲੱਬ ਕੈਲੇਫੋਰਨੀਆਂ ਵਲੋਂ 16 ਸਤੰਬਰ 2018 ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਖੇ ਕਰਵਾਏ ਜਾ ਰਹੇ 14ਵੇਂ ਵਿਸ਼ਵ ਕਬੱਡੀ ਕੱਪ ਪ੍ਰਤੀ ਇਕ ਵਿਸ਼ੇਸ਼ ਮੀਟਿੰਗ ਰਾਜਾ ਸਵੀਟਸ ਯੂਨੀਅਨ ਸਿਟੀ ਵਿਖੇ ਹੋਈ ਜਿਸ ਵਿਚ ਕਲੱਬ ਦੇ ਸਰਪ੍ਰਸਤ ਅਤੇ ਵਿਸ਼ਵ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਨਾਂ ਦਾ ਹਮੇਸ਼ਾ ਯਤਨ ਇਹ ਰਿਹਾ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਹਮੇਸ਼ਾ ਚੜਦੀ ਕਲਾ ‘ਚ ਰੱਖਿਆ ਜਾਵੇ ਉਹਨਾਂ ਕਿਹਾ ਕਿ ਭਾਵੇਂ ਮੇਰੀ ਕੋਸ਼ਿਸ਼ ਰਹੀ ਹੈ ਕਿ ਪੰਜਾਬੀਆਂ ਦੇ ਹੋਰ ਕਾਰਜਾਂ ਵਿਚ ਵੀ ਵਧ ਚੜ ਕੇ ਯੋਗਦਾਨ ਪਾਇਆ ਜਾਵੇ ਪਰ ਕਬੱਡੀ ਨੂੰ ਅੱਗੇ ਲਿਜਾਣ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਤੇ ਉਹ ਇਸ 14ਵੇਂ ਵਿਸ਼ਵ ਕਬੱਡੀ ਕੱਪ ਨੂੰ ਪੂਰੇ ਉਤਸ਼ਾਹ ਨਾਲ ਅਯੋਜਿਤ ਕੀਤੇ ਜਾਣ ‘ਤੇ ਕਲੱਬ ਦੇ ਸਾਰੇ ਮੈਂਬਰਾਂ, ਆਪਣੇ ਸਹਿਯੋਗੀਆਂ, ਸਪਾਂਸਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਦੀ ਬਦੌਲਤ ਯੂਨਾਈਟਡ ਸਪੋਰਟਸ ਕਲੱਬ 14ਵਾਂ ਇਤਿਹਾਸਕ ਵਿਸ਼ਵ ਕਬੱਡੀ ਕੱਪ ਕਰਾਉਣ ਦਾ ਉਪਰਾਲਾ ਕਰ ਰਿਹਾ ਹੈ। ਇਸ ਮੌਕੇ ‘ਤੇ ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ, ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਵੀਰ ਸਿੰਘ ਭਾਟੀਆ, ਪਲਵਿੰਦਰ ਸਿੰਘ ਗਾਖਲ, ਐੱਸ.ਅਸ਼ੋਕ ਭੌਰਾ, ਇੰਦਰਜੀਤ ਸਿੰਘ ਥਿੰਦ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਗੁਲਵਿੰਦਰ ਸਿੰਘ ਗਾਖਲ ਆਦਿ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ‘ਤੇ ਬੋਲਦਿਆਂ ਮੱਖਣ ਸਿੰਘ ਬੈਂਸ ਨੇ ਕਿਹਾ ਕਿ ਕਲੱਬ ਵਲੋਂ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਚੰਗਾ ਪ੍ਰਬੰਧ ਅਤੇ ਚੰਗਾ ਮਹੌਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸਾਰੇ ਪ੍ਰਬੰਧ ਬਹੁਤ ਹੀ ਪੁਖਤਾ ਢੰਗ ਨਾਲ ਕੀਤੇ ਜਾ ਰਹੇ ਹਨ। ਮੁਫਤ ਪਾਰਕਿੰਗ ਅਤੇ ਮੁਫਤ ਦਾਖਲਾ ਹੀ ਨਹੀਂ ਹੋਵੇਗਾ ਸਗੋਂ ਗੁਰਦੁਆਰਾ ਸਾਹਿਬ ਫਰੀਮਾਂਟ, ਸੈਨਹੋਜ਼ੇ, ਸਟਾਕਟਨ, ਮਿਲਪੀਟਸ ਵਲੋਂ ਦਰਸ਼ਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਰਾਜਾ ਸਵੀਟਸ ਵਲੋਂ ਸਾਰਾ ਦਿਨ ਚਾਹ ਪਕੌੜੇ ਮੁਫਤ ਵਰਤਾਏ ਜਾਣ ਦਾ ਵੀ ਪ੍ਰਬੰਧ ਹੋਵੇਗਾ। ਇਸ ਉਪਰੰਤ ਕਲੱਬ ਦੇ ਮੈਂਬਰਾਂ ਵਲੋਂ ਇਕ ਵਿਸ਼ੇਸ਼ ਮੁਲਾਕਾਤ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਨਾਲ ਕੀਤੀ ਗਈ। ਇਸ ਮੀਟਿੰਗ ਸ. ਅਮੋਲਕ ਸਿੰਘ ਗਾਖਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਖੇਡਾਂ ਜਾਂ ਅਜਿਹੇ ਸਾਂਝੇ ਮੰਚ ਨਾ ਸਿਰਫ ਸਮਾਜ ਨੂੰ ਜੋੜਨ ਦੀ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ ਸਗੋਂ ਨਵੀਂ ਪੀੜੀ ਨੂੰ ਚੰਗੀ ਸਿਹਤ ਅਤੇ ਅਰੋਗ ਜੀਵਨ ਦੇਣ ਦੇ ਨਾਲ ਨਾਲ ਆਪਣੇ ਵਿਰਸੇ ਅਤੇ ਸੰਸਕਾਰਾਂ ਨਾਲ ਜੋੜਨ ਦਾ ਯਤਨ ਵੀ ਕਰਦੇ ਹਨ। ਇਸੇ ਲਈ ਉਹ ਸਮਾਜਿਕ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਤੁਰਨ ਵਿਚ ਹਮੇਸ਼ਾ ਯਤਨਸ਼ੀਲ ਰਹੇ ਹਨ। ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਸ 14ਵੇਂ ਵਿਸ਼ਵ ਕਬੱਡੀ ਕੱਪ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।
ਯਾਦ ਰਹੇ ਕਿ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਚੱਲਣ ਵਾਲਾ ਕੌਮਾਂਤਰੀ ਕਬੱਡੀ ਖਿਡਾਰੀਆਂ ਦਾ ਇਹ ਕੁੰਭ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ ਅਤੇ ਕਬੱਡੀ ਦੇ ਨਵੇਂ ਰੰਗ ਵੇਖਣ ਨੂੰ ਮਿਲਣਗੇ। ਇਸ ਖੇਡ ਮੇਲੇ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਲਾਸ ਬੈਨਸ (ਲੱਛਰ ਭਰਾ), ਰਾਇਲ ਕਿੰਗਜ਼ ਯੂ.ਐੱਸ.ਏ (ਸ਼ੱਬਾ ਥਿਆੜਾ), ਬੇਏਰੀਆ ਸਪੋਰਟਸ (ਬਲਜੀਤ ਸੰਧੂ), ਮਿਡਵੈਸਟ ਕਬੱਡੀ ਕਲੱਬ (ਵਿੱਕੀ ਸੰਮੀਪੁਰੀਆ ਤੇ ਤਾਰੀ) ਅਤੇ ਕਨੇਡਾ ਕਲੱਬ (ਪੰਮਾ ਦਿਓਲ ਤੇ ਸੇਵਾ ਸਿੰਘ ਰੰਧਾਵਾ) ਦੀਆਂ ਟੀਮਾਂ ਇਸ ਵਿਸ਼ਵ ਕਬੱਡੀ ਕੱਪ ਦਾ ਮਹੱਤਵਪੂਰਨ ਹਿੱਸਾ ਬਣਨਗੀਆਂ। ਸਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਯੂਨਾਈਟਡ ਸਪੋਰਟਸ ਕਲੱਬ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਰੂਪ ਵਿਚ ਸਮੂਹ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਖੇਡ ਮੇਲੇ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਕਬੱਡੀ ਅਤੇ ਪੰਜਾਬੀਆਂ ਦੀ ਅਮੀਰ ਵਿਰਾਸਤ ਨਾਲ ਜੁੜੀਆਂ ਰਹਿਣ।

Comments

comments

Share This Post

RedditYahooBloggerMyspace