ਭਾਰਤੀ ਸਿਨਮਾ ਦੀ ਪਹਿਲੀ ਜੁਬਲੀ ਗਰਲ

ਮਨਦੀਪ ਸਿੰਘ ਸਿੱਧੂ

ਅਤੀਤ ਦੀ ਨਿਹਾਇਤ ਹੁਸੀਨ ਅਦਾਕਾਰਾ ਅਤੇ ਨਰਤਕੀ ਸੀ ਮੁਮਤਾਜ਼ ਸ਼ਾਂਤੀ ਜੋ ਆਪਣੇ ਖ਼ੁਸ਼-ਜ਼ੁਬਾਨ ਲਹਿਜੇ ਸਦਕਾ ਦੋ ਦਹਾਕਿਆਂ ਤਕ ਦਰਸ਼ਕਾਂ ਦੇ ਮਨਾਂ ’ਤੇ ਛਾਈ ਰਹੀ। ਉਸਨੂੰ ਭਾਰਤੀ ਸਿਨਮਾ ਦੀ ਪਹਿਲੀ ‘ਜੁਬਲੀ ਗਰਲ’ ਹੋਣ ਦਾ ਮਾਣ ਹਾਸਲ ਹੋਇਆ। 17 ਸਾਲਾਂ ਦੀ ਜਵਾਨ ਉਮਰੇ ਤਸਵੀਰ-ਨਿਗ਼ਾਰਾਂ ਦੀਆਂ ਅੱਖਾਂ ਦਾ ਕੇਂਦਰ ਬਣ ਜਾਣ ਵਾਲੀ ਮੁਮਤਾਜ਼ ਸ਼ਾਂਤੀ ਬਹੁਤ ਹੀ ਆਲ੍ਹਾ-ਇਖ਼ਲਾਕ ਵਾਲੀ ਮੁਟਿਆਰ ਸੀ, ਜਿਸਦੀ ਖ਼ਾਸੀਅਤ ਇਹ ਸੀ ਕਿ ਉਹ ਸਟੂਡੀਓ ਵਿੱਚ ਕਦੇ ਵੀ ਬੇਪਰਦਾ ਨਹੀਂ ਹੁੰਦੀ ਸੀ। ਉਸ ਵੇਲੇ ਵੀ ਜਦੋਂ ਸਟੂਡੀਓ ਵਿੱਚ ਉਸਦੀ ਤਸਵੀਰਕਸ਼ੀ ਹੋ ਰਹੀ ਹੁੰਦੀ। ਉਹ ਅਕਸਰ ਰਿਹਰਸਲ ਵੀ ਬੁਰਕਾ ਪਾ ਕੇ ਹੀ ਕਰਦੀ ਸੀ ਜਾਂ ਸੰਵਾਦ ਪੜ੍ਹਦੀ ਦੀਵਾਰਾਂ ਵੱਲ ਤੱਕਦੀ ਰਹਿੰਦੀ ਸੀ। ਇਹੋ ਜਿਹੀ ਸਾਦਗੀ ਪਸੰਦ ਪੰਜਾਬਣ ਮੁਟਿਆਰ ਸੀ ਮੁਮਤਾਜ਼ ਸ਼ਾਂਤੀ।

ਮੁਮਤਾਜ਼ ਸ਼ਾਂਤੀ ਉਰਫ਼ ਮੁਮਤਾਜ਼ ਬੇਗ਼ਮ ਦੀ ਪੈਦਾਇਸ਼ 1922 ਵਿੱਚ ਮਹਾਂ-ਪੰਜਾਬ ਦੇ ਛੋਟੇ ਜਿਹੇ ਕਸਬੇ ਡਿੰਗਾ, ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) ਦੇ ਮੁਸਲਿਮ ਪੰਜਾਬੀ ਪਰਿਵਾਰ ਵਿੱਚ ਹੋਈ। ਕਿਸੇ ਨੂੰ ਕੀ ਪਤਾ ਸੀ ਕਿ ਇੱਕ ਗੁਮਨਾਮ ਕਸਬੇ ਵਿੱਚ ਪੈਦਾ ਹੋਣ ਵਾਲੀ ਇਹ ਖ਼ੂਬਸੂਰਤ ਮੁਟਿਆਰ ਇੱਕ ਦਿਨ ਤਮਾਮ ਹਿੰਦੋਸਤਾਨ ਵਿੱਚ ਮਸ਼ਹੂਰ ਅਤੇ ਮਕਬੂਲ ਹੋ ਜਾਵੇਗੀ। ਉਹ ਹਾਲੇ ਬਾਲ੍ਹੜੀ ਹੀ ਸੀ ਕਿ ਵਾਲਿਦ ਸਾਹਿਬ ਦਾ ਸਾਇਆ ਸਿਰ ਤੋਂ ਉੱਠ ਗਿਆ। ਉਸਦੇ ਚਾਚਾ ਬਰਕਤ ਅਲੀ ਨਿਜ਼ਾਮੀ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਸਨ। ਉਨ੍ਹਾਂ ਨੇ ਮੁਮਤਾਜ਼ ਸ਼ਾਂਤੀ ਨੂੰ ਉਰਦੂ ਅਤੇ ਅੰਗਰੇਜ਼ੀ ਦੀ ਮੁੱਢਲੀ ਸਿੱਖਿਆ ਦਿਵਾਈ। ਜਦੋਂ ਮੁਮਤਾਜ਼ ਨੇ ਜ਼ਰਾ ਹੋਸ਼ ਸੰਭਾਲੀ ਤਾਂ ਉਸਨੂੰ ਸੰਗੀਤ ਨਾਲ ਵੀ ਲਗਾਅ ਹੋ ਗਿਆ। ਕੁਝ ਅਰਸੇ ਬਾਅਦ ਚਾਚੇ ਦਾ ਤਬਾਦਲਾ ਲਾਹੌਰ ਹੋ ਗਿਆ, ਜਿਸਦੀ ਖ਼ੂਬਸੂਰਤ ਫਿਜ਼ਾ ਦਾ ਅਸਰ ਮੁਮਤਾਜ਼ ਉੱਪਰ ਵੀ ਹੋਇਆ। ਇੱਥੇ ਰਹਿੰਦਿਆਂ ਉਸਦੀ ਦਿਲਚਸਪੀ ਸੰਗੀਤ ਵੰਨੀ ਵੇਖਦਿਆਂ ਚਾਚੇ ਨੇ ਉਸਨੂੰ ਸੰਗੀਤ ਦੀ ਬਕਾਇਦਾ ਸਿੱਖਿਆ ਦਿਵਾਉਣੀ ਸ਼ੁਰੂ ਕਰ ਦਿੱਤੀ। ਥੋੜ੍ਹੇ ਅਰਸੇ ਬਾਅਦ ਆਪਣੀ ਲਗਨ ਅਤੇ ਮਿਹਨਤ ਸਦਕਾ ਮੁਮਤਾਜ਼ ਨੇ ਇਸ ਵਿੱਚ ਵੀ ਪ੍ਰਸਿੱਧੀ ਹਾਸਲ ਕੀਤੀ। ਫਿਰ ਇੱਕ ਡਾਂਸ ਸਕੂਲ ਵਿੱਚ ਦਾਖਲਾ ਲੈ ਕੇ ਨ੍ਰਿਤ-ਕਲਾ ਵਿੱਚ ਵੀ ਮੁਹਾਰਤ ਪਾ ਲਈ।

1937 ਵਿੱਚ ਉਹ ਈਸਟ ਇੰਡੀਆ ਫ਼ਿਲਮ ਕੰਪਨੀ ਨਾਲ ਜੁੜ ਗਈ ਜੋ ਬਾਅਦ ਵਿੱਚ ਮੋਤੀ ਮਹਿਲ ਥੀਏਟਰ ਦੇ ਨਾਮ ਨਾਲ ਮਸ਼ਹੂਰ ਹੋਈ।
1939 ਵਿੱਚ ਲਾਹੌਰ ਅਤੇ ਕਲਕੱਤੇ ਦੇ ਫ਼ਿਲਮਸਾਜ਼ਾਂ ਨੇ ਜ਼ਿੱਦਬਾਜ਼ੀ ਨਾਲ ‘ਸੋਹਣੀ ਮਹੀਵਾਲ’ ਉੱਤੇ ਦੋ ਪੰਜਾਬੀ ਫ਼ਿਲਮਾਂ ਸ਼ੁਰੂ ਕੀਤੀਆਂ ਜੋ ਇੱਕੋ ਦਿਨ 3 ਮਾਰਚ ਨੂੰ ਲਾਹੌਰ ’ਚ ਨੁਮਾਇਸ਼ ਹੋਈਆਂ। ਪਹਿਲੀ ਕਮਲਾ ਮੂਵੀਟੋਨ, ਲਾਹੌਰ ਦੀ ਨਿਰਦੇਸ਼ਕ ਆਰ ਐੱਲ ਸ਼ੋਰੀ ਅਤੇ ਦਲਸੁੱਖ ਐੱਮ ਪੰਚੋਲੀ ਦੇ ਸਾਂਝੇ ਯਤਨ ਨਾਲ ਬਣਨ ਵਾਲੀ ‘ਸੋਹਣੀ ਮਹੀਵਾਲ’ ਵਿੱਚ ‘ਸੋਹਣੀ’ ਦੇ ਕਿਰਦਾਰ ਲਈ ਮੁਮਤਾਜ਼ ਸ਼ਾਂਤੀ ਦੀ ਚੋਣ ਕੀਤੀ ਗਈ। ਇਸੇ ਦੌਰਾਨ ਮੁਮਤਾਜ਼ ਨੂੰ ਇਸ ਫ਼ਿਲਮ ’ਚੋਂ ਬਾਹਰ ਕੱਢ ਕੇ ਇਸਦੀ ਜਗ੍ਹਾ ਅਦਾਕਾਰਾ ਅਲਮਾਸ ਬਾਈ ਨੂੰ ਲੈ ਲਿਆ ਗਿਆ ਜੋ ਇਸ ਫ਼ਿਲਮ ਦੇ ਫਾਇਨਾਂਸਰ ਦੀ ਮਨਜ਼ੂਰ-ਏ-ਨਜ਼ਰ ਸੀ। ਮੁਮਤਾਜ਼ ਨੂੰ ਬਹੁਤ ਦੁੱਖ ਹੋਇਆ, ਪਰ ਉਸ ਮਜ਼ਬੂਤ ਇਰਾਦਾ ਮੁਟਿਆਰ ਨੇ ਇਸਦੀ ਜ਼ਰਾ ਪਰਵਾਹ ਨਾ ਮੰਨੀ। ਇਹ ਫ਼ਿਲਮ ਰਿਲੀਜ਼ ਹੋਈ ਅਤੇ ਦਰਮਿਆਨੇ ਦਰਜੇ ਦੀ ਫ਼ਿਲਮ ਸਾਬਤ ਹੋਈ। ਇਸ ਸਾਲ ਹੀ ਮੋਤੀ ਮਹਿਲ ਥੀਏਟਰਜ਼ ਲਿਮਟਿਡ, ਕਲਕੱਤਾ ਦੇ ਮਾਲਕ ਸੇਠ ਮੋਤੀ ਲਾਲ ਚਾਮਰੀਆ ਨੇ ਬੀ ਐੱਸ ਰਾਜਹੰਸ ਦੀ ਨਿਰਦੇਸ਼ਨਾ ’ਚ ਪੰਜਾਬੀ ਫ਼ਿਲਮ ‘ਸੋਹਣੀ ਕੁਮ੍ਹਾਰਨ’ ਉਰਫ਼ ‘ਸੋਹਣੀ ਮਹੀਵਾਲ’ ਸ਼ੁਰੂ ਕੀਤੀ। ਫ਼ਿਲਮ ਵਿੱਚ 17 ਸਾਲਾ ਦੀ ਸਨੁੱਖੀ ਮੁਟਿਆਰ ਮੁਮਤਾਜ਼ ਸ਼ਾਂਤੀ ਨਵੀਂ ਹੀਰੋਇਨ ਵਜੋਂ ਪੇਸ਼ ਹੋਈ। 3 ਮਾਰਚ 1939 ਨੂੰ ਕਰਾਊਨ ਟਾਕੀਜ਼, ਲਾਹੌਰ ਵਿੱਚ ਨੁਮਾਇਸ਼ ਹੋਣ ਵਾਲੀ ਇਹ ਫ਼ਿਲਮ ਬੇਹੱਦ ਕਾਮਯਾਬ ਹੋਈ। ਆਪਣੀ ਪਹਿਲੀ ਫ਼ਿਲਮ ਤੋਂ ਮਿਲੀ ਕਾਮਯਾਬੀ ਨਾਲ ਉਸਨੇ ਖ਼ੁਦ ਨੂੰ ਸਾਬਤ ਕਰ ਦਿੱਤਾ। ਇਸ ਤੋਂ ਬਾਅਦ ਉਹ ਇੱਕ ਡਾਂਸਿੰਗ ਪਾਰਟੀ ਬਣਾ ਕੇ ਪੰਜਾਬ ਅਤੇ ਸਿੰਧ ਵਿੱਚ ਆਪਣੇ ਨਾਲ ਬਹੁਤ ਸਾਰੇ ਮੇਜ਼ਬਾਨਾਂ ਨੂੰ ਲੈ ਕੇ ਦੌਲਤ ਸਮੇਟਦੀ ਰਹੀ।

ਇਸੇ ਦੌਰਾਨ ਹੀ ਉਹ ਫਣੀ ਮਜੂਮਦਾਰ ਦੀ ਨਿਰਦੇਸ਼ਨਾ ’ਚ ਰਿਲੀਜ਼ਸ਼ੁਦਾ ਜਗਤ ਪਿਕਚਰਜ਼, ਕਲਕੱਤਾ ਦੀ ਲਾਸਾਨੀ ਪੰਜਾਬੀ ਫ਼ਿਲਮ ‘ਚੰਬੇ ਦੀ ਕਲੀ’ (1941) ਵਿੱਚ ਹੀਰੋਇਨ ਦੇ ਰੂਪ ਵਿੱਚ ਆਈ। 16 ਮਈ, 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ’ਚ ਨੁਮਾਇਸ਼ ਹੋਣ ਵਾਲੀ ਇਹ ਫ਼ਿਲਮ ਬਹੁਤਾ ਕਮਾਲ ਨਾ ਵਿਖਾ ਸਕੀ। ਇਸ ਤੋਂ ਬਾਅਦ ਉਸਨੇ ਸਿਨੇ ਸਟੂਡੀਓਜ਼, ਲਾਹੌਰ ਦੀ ਜੀ ਆਰ ਸੇਠੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗਵਾਂਢੀ’ (1942) ’ਚ ਮਹਿਮਾਨ ਅਦਾਕਾਰਾ ਦੀ ਭੂਮਿਕਾ ਨਿਭਾਈ। ਪੰਡਤ ਅਮਰਨਾਥ ਦੇ ਸੰਗੀਤ ’ਚ ਵਲੀ ਸਾਹਿਬ ਦੇ ਲਿਖੇ ਗੀਤ ‘ਘੁੰਡ ਚੁੱਕ ਲੈ ਨੀ ਬਾਂਕੀਏ ਨਾਰੇ’ (ਜ਼ੀਨਤ ਬੇਗ਼ਮ, ਇਕਬਾਲ ਬੇਗ਼ਮ) ਉੱਤੇ ਮੁਮਤਾਜ਼ ਨੇ ਆਪਣਾ ਬਿਹਤਰੀਨ ਨ੍ਰਿਤ ਪੇਸ਼ ਕਰਕੇ ਭਰਪੂਰ ਦਾਦ ਵਸੂਲੀ। ਰੂਪ ਕੇ ਸ਼ੋਰੀ ਨੇ ਜਦੋਂ ਆਪਣੇ ਜ਼ਾਤੀ ਬੈਨਰ ਸ਼ੋਰੀ ਪਿਕਚਰਜ਼, ਲਾਹੌਰ ਹੇਠ ਪੰਜਾਬੀ ਫ਼ਿਲਮ ‘ਮੰਗਤੀ’ (1942) ਸ਼ੁਰੂ ਕੀਤੀ ਤਾਂ ਸ਼ੋਰੀ ਨੇ ਇਸ ਹੋਣਹਾਰ ਅਦਾਕਾਰਾ ਦੀ ਕਾਬਲੀਅਤ ਨੂੰ ਪਛਾਣਦਿਆਂ ਫ਼ਿਲਮ ’ਚ ਅਹਿਮ ਕਿਰਦਾਰ ਅਦਾ ਕਰਨ ਦਾ ਮੌਕਾ ਦਿੱਤਾ। ਇਸ ਫ਼ਿਲਮ ਨੇ ਲਾਹੌਰ ’ਚ ਬਿਜਨਸ ਦੇ ਨਵੇਂ ਰਿਕਾਰਡ ਕਾਇਮ ਕੀਤੇ ਅਤੇ ਮਹਾਂ-ਪੰਜਾਬ ਦੀ ਪਹਿਲੀ ਗੋਲਡਨ ਜੁਬਲੀ ਪੰਜਾਬੀ ਫ਼ਿਲਮ ਸਾਬਤ ਹੋਈ। ਇਸ ਫ਼ਿਲਮ ’ਚ ਆਉਂਦਿਆਂ ਹੀ ਮੁਮਤਾਜ਼ ਦੀ ਸ਼ੋਹਰਤ ਨੂੰ ਚਾਰ ਚੰਨ ਲੱਗ ਗਏ ਅਤੇ ਉਹ ਫ਼ਿਲਮਾਂ ਦਾ ਮਸ਼ਹੂਰ ਤੇ ਮਹਿੰਗਾ ਸਿਤਾਰਾ ਬਣ ਗਈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਹ ਸਫਲਤਾ ਦੇ ਸਿਖ਼ਰ ’ਤੇ ਸੀ। ਇਸ ਤੋਂ ਬਾਅਦ ਉਸਨੇ ਪਿਛਾਂਹ ਮੁੜ ਕੇ ਨਹੀਂ ਤੱਕਿਆ। ਉਸਨੂੰ ਧੜਾ-ਧੜਾ ਹਿੰਦੀ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਨਿਰਦੇਸ਼ਕ ਅਮੀਆ ਚੱਕਰਵਰਤੀ ਦੀ ਬੰਬੇ ਟਾਕੀਜ਼ ਨਿਰਦੇਸ਼ਿਤ ‘ਬਸੰਤ’ (1942) ਮੁਮਤਾਜ਼ ਦੀ ਪਹਿਲੀ ਸੁਪਰਹਿੱਟ ਹਿੰਦੀ ਫ਼ਿਲਮ ਸੀ। ਇਸ ਫ਼ਿਲਮ ਨੇ ਗੋਲਡਨ ਜੁਬਲੀ ਮਨਾਈ। ਬੰਬੇ ਟਾਕੀਜ਼ ਦੇ ਬੈਨਰ ਹੇਠ ਨੁਮਾਇਸ਼ ਹੋਈ ਨਿਰਦੇਸ਼ਕ ਗਿਆਨ ਮੁਖਰਜੀ ਦੀ ‘ਕਿਸਮਤ’ (1943) ਉਸਨੇ ਅਪਾਹਜ ਸਟੇਜ ਗੁਲੂਕਾਰਾ ਦਾ ਕਿਰਦਾਰ ਬੜੀ ਉਮਦਗ਼ੀ ਨਾਲ ਨਿਭਾਇਆ। ਇਸ ਕਾਮਯਾਬ ਫ਼ਿਲਮ ਨੇ ਕਲਕੱਤੇ ਦੇ ਰਾਕਸੀ ਸਿਨੇਮਾ ਘਰ ’ਚ ਸਾਢੇ ਤਿੰਨ ਸਾਲਾਂ ਤੋਂ ਜ਼ਿਆਦਾ ਚੱਲਣ ਦਾ ਕੀਰਤੀਮਾਨ ਸਥਾਪਤ ਕੀਤਾ ਸੀ।

ਮੁਮਤਾਜ਼ ਨੇ 1939 ਤੋਂ 1942 ਤਕ ਬਣੀਆਂ 4 ਪੰਜਾਬੀ ਫ਼ਿਲਮਾਂ ਅਤੇ 1942 ਤੋਂ 1952 ਤਕ ਹਿੰਦੋਸਤਾਨ ’ਚ ਬਣੀਆਂ ਕੁੱਲ 22 ਹਿੰਦੀ/ਉਰਦੂ ਫ਼ਿਲਮਾਂ ਵਿੱਚ ਉਮਦਾ ਕਿਰਦਾਰ ਨਿਭਾਏ। ‘ਜ਼ਮਾਨੇ ਕੀ ਹਵਾ’ (1952) ਹਿੰਦੋਸਤਾਨ ’ਚ ਉਸਦੀ ਆਖ਼ਰੀ ਫ਼ਿਲਮ ਸਾਬਤ ਹੋਈ। ਮੁਮਤਾਜ਼ ਨੂੰ ਫ਼ਿਲਮੀ ਦੁਨੀਆਂ ’ਚ ਲਿਆਉਣ ਵਾਲੇ ਵਲੀ ਸਾਹਿਬ ਉਰਫ਼ ਵਲੀ ਮੁਹੰਮਦ ਖ਼ਾਨ ਜਿਨ੍ਹਾਂ ਦੀ ਮਿਹਰਬਾਨੀ ਨਾਲ ਇਹ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸੋਹਣੀ ਕੁਮ੍ਹਾਰਨ’ ਉਰਫ਼ ‘ਸੋਹਣੀ ਮਹੀਵਾਲ’ ਵਿੱਚ ਨਵੀਂ ਅਦਾਕਾਰਾ ਵਜੋਂ ਪੇਸ਼ ਹੋਈ ਸੀ, ਨਾਲ ਵਿਆਹ ਕਰਵਾ ਕੇ ਤਮਾਮ ਹਿਆਤੀ ਵਫ਼ਾ ਨਿਭਾਈ। ਉਹ 1947 ਵਿੱਚ ਹੋਈ ਦੇਸ਼ ਵੰਡ ਤੋਂ ਬਾਅਦ 1952 ਤਕ ਹਿੰਦੋਸਤਾਨ ਰਹੀ ਅਤੇ ਫਿਰ ਬੰਬੇ ਫ਼ਿਲਮ ਜਗਤ ਨੂੰ ਛੱਡ ਕੇ ਆਪਣੇ ਪਤੀ ਨਾਲ ਪਾਕਿਸਤਾਨ ਚਲੇ ਗਈ। ਪਾਕਿਸਤਾਨ ਰਹਿਣ ਦੌਰਾਨ ਉਸਨੇ ਕਿਸੇ ਵੀ ਫ਼ਿਲਮ ’ਚ ਕੰਮ ਨਹੀਂ ਕੀਤਾ। ਉਸਨੇ ਸਿਰਫ਼ ਭਾਰਤੀ ਫ਼ਿਲਮਾਂ ’ਚ ਹੀ ਆਪਣੇ ਫਨ ਦੀ ਪੇਸ਼ਕਾਰੀ ਕੀਤੀ ਸੀ। 1977 ਵਿੱਚ ਸ਼ੌਹਰ ਵਲੀ ਸਾਹਿਬ ਫ਼ੌਤ ਹੋ ਗਏ ਅਤੇ ਉਨ੍ਹਾਂ ਦੀ ਵਫ਼ਾਤ ਦੇ 12 ਸਾਲਾਂ ਬਾਅਦ 1989 ਵਿੱਚ 67 ਸਾਲਾਂ ਦੀ ਉਮਰ ਵਿੱਚ ਮੁਮਤਾਜ਼ ਸ਼ਾਂਤੀ ਵੀ ਰੁਖ਼ਸਤ ਹੋ ਗਈ। ਮੁਮਤਾਜ਼ ਦੀ ਆਪਣੀ ਕੋਈ ਔਲਾਦ ਨਹੀਂ ਸੀ, ਉਸਨੇ ਆਪਣੇ ਪਤੀ ਦੀ ਪਹਿਲੀ ਬੀਵੀ ਦੀ ਔਲਾਦ ਨੂੰ ਹੀ ਮਾਂ ਵਾਲਾ ਪਿਆਰ ਦਿੱਤਾ। ਉਸਦਾ ਪੁੱਤਰ ਜ਼ਫ਼ਰ ਇਕਬਾਲ ਬੀ ਏ (ਹੁਣ ਮਰਹੂਮ) ਪ੍ਰਸਿੱਧ ਦਸਤਾਵੇਜ਼ੀ ਨਿਰਮਾਤਾ ਰਿਹਾ ਹੈ ਜੋ ਪਾਕਿਸਤਾਨ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਿੱਚ ਇੱਕ ਨਿਰਮਾਤਾ ਵਜੋਂ ਕੰਮ ਕਰਦਾ ਸੀ। ਅੱਜ ਜ਼ਫ਼ਰ ਇਕਬਾਲ ਦੀ ਪੋਤਰੀ ਅਮਰੀਕਾ ਦੀ ਇੱਕ ਮਸ਼ਹੂਰ ਮਾਡਲ ਹੈ।

Comments

comments

Share This Post

RedditYahooBloggerMyspace