ਹਾਂਗਕਾਂਗ ਤੋਂ ਹਾਰੀ ਭਾਰਤੀ ਮਹਿਲਾ ਸਕੁਐਸ਼ ਟੀਮ

ਜਕਾਰਤਾ : ਭਾਰਤੀ ਮਹਿਲਾ ਸਕੁਐਸ਼ ਟੀਮ ਅੱਜ ਇਥੇ ਗਰੁੱਪ ਬੀ ਦੇ ਅਹਿਮ ਮੁਕਾਬਲੇ ’ਚ ਹਾਂਗਕਾਂਗ ਤੋਂ 2-1 ਨਾਲ ਮਾਤ ਖਾ ਗਈ। ਇਸ ਹਾਰ ਨਾਲ ਭਾਰਤੀ ਟੀਮ ਨੂੰ ਹੁਣ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਸਾਬਕਾ ਚੈਂਪੀਅਨ ਮਲੇਸ਼ੀਆ ਨਾਲ ਦੋ ਦੋ ਹੱਥ ਕਰਨੇ ਹੋਣਗੇ। ਸੀਨੀਅਰ ਖਿਡਾਰੀਆਂ ਦੀਪਿਕਾ ਪੱਲੀਕਲ ਕਾਰਤਿਕ ਤੇ ਜੋਸ਼ਨਾ ਚਿਨੱਪਾ ਨੂੰ ਜੋਇ ਚੇਨ ਤੇ ਐਨੀ ਏਯੂ ਖ਼ਿਲਾਫ਼ ਕ੍ਰਮਵਾਰ 1-3 ਅਤੇ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਿਸ਼ਤੇ ਵਿੱਚ ਦੀਪਿਕਾ ਦੀ ਭੈਣ ਲਗਦੀ ਸੁਨੈਨਾ ਕੁਰੂਵਿਲਾ ਨੇ ਹਾਲਾਂਕਿ ਦੂਜੇ ਸਿੰਗਲਜ਼ ਮੁਕਾਬਲੇ ਵਿੱਚ ਜੇ ਲੋਕ ਨੂੰ ਹਰਾ ਕੇ ਭਾਰਤ ਨੂੰ ਮੁਕਾਬਲੇ ਵਿੱਚ ਬਣਾਈ ਰੱਖਿਆ। ਆਪਣੀ ਪਲੇਠਾ ਏਸ਼ਿਆਡ ਖੇਡ ਰਹੀ ਸੁਨੈਨਾ ਮੈਚ ਵਿੱਚ ਪਹਿਲੇ ਦੋ ਗੇਮ ਹਾਰ ਚੁੱਕੀ ਸੀ ਤੇ ਫਿਰ ਪੰਜਵੇਂ ਤੇ ਫੈਸਲਾਕੁਨ ਗੇਮ ਵਿੱਚ ਵੀ 7-10 ਨਾਲ ਪਿੱਛੇ ਸੀ, ਪਰ ਰੈਫਰੀ ਦੇ ਕੁਝ ਵਿਵਾਦਿਤ ਫ਼ੈਸਲਿਆਂ ਦੇ ਬਾਵਜੂਦ ਹਾਰ ਨਹੀਂ ਮੰਨੀ। ਸੁਨੈਨਾ ਨੇ ਅੰਤਿਮ ਅੰਕ ਤਕ ਸੰਘਰਸ਼ ਕਰਦਿਆਂ ਜੋ ਲੋਕ ਹੋ ਨੂੰ 5-11, 13-15, 11-6, 11-9, 14-12 ਨਾਲ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

ਇੰਚਿਓਨ ਖੇਡਾਂ ਵਿੱਚ ਪਹਿਲੀ ਵਾਰ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਭਾਰਤ ਜੇਕਰ ਅੱਜ ਹਾਂਗਕਾਂਗ ਨੂੰ ਹਰਾ ਦਿੰਦਾ ਤਾਂ ਉਸ ਨੂੰ ਸੈਮੀ ਫਾਈਨਲ ਵਿੱਚ ਜਪਾਨ ਜਿਹੀ ਸੌਖੀ ਟੀਮ ਦੇ ਮੱਥੇ ਲੱਗਣਾ ਪੈਂਦਾ। ਦੀਪਿਕਾ ਨੇ ਕਿਹਾ, ‘ਸਾਬਕਾ ਚੈਂਪੀਅਨ ਮਲੇਸ਼ੀਆ ਦੀ ਟੀਮ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ, ਪਰ ਇਹ ਸੰਭਵ ਹੈ।’ ਉਸ ਨੇ ਕਿਹਾ, ‘ਮੈਚ ਤੋਂ ਨਿਰਾਸ਼ ਹਾਂ। ਜੋਸ਼ਨਾ ਤੇ ਮੈਂ, ਅਸੀਂ ਦੋਵਾਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕੀਤਾ। ਪਰ ਅਜੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ। ਅਸੀਂ ਮਲੇਸ਼ੀਆ ਨੂੰ ਹਰਾ ਸਕਦੇ ਹਾਂ। ਇਹ ਨਾਮੁਮਕਿਨ ਨਹੀਂ ਹੈ। ਬੇਸ਼ਕ ਅਸੀਂ ਸੈਮੀ ਫਾਈਨਲ ਵਿੱਚ ਜਪਾਨ ਖ਼ਿਲਾਫ਼ ਖੇਡਣਾ ਪਸੰਦ ਕਰਦੇ।’ ਦੀਪਿਕਾ ਤੇ ਜੋਸ਼ਨਾ ਨੂੰ ਸਿੰਗਲਜ਼ ਮੁਕਾਬਲਿਆਂ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਦੋਵਾਂ ਦੀ ਡਬਲਜ਼ ਜੋੜੀ ਕਾਂਸੇ ਦਾ ਤਗ਼ਮਾ ਭਾਵੇਂ ਪੱਕਾ ਕਰ ਚੁੱਕੀ ਹੈ, ਪਰ ਇਸ ਜੋੜੀ ਦੀ ਨਜ਼ਰ ਸੋਨ ਤਗ਼ਮੇ ’ਤੇ ਹੈ।

Comments

comments

Share This Post

RedditYahooBloggerMyspace