14ਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਕੀਤਾ ਵਿਸ਼ਲੇਸ਼ਣ

ਹਰ ਪਾਸਿਓਂ ਮਿਲ ਰਿਹਾ ਹੈ ਭਰਪੂਰ ਸਹਿਯੋਗ- ਮੱਖਣ ਬੈਂਸ

ਯੂਨੀਅਨ ਸਿਟੀ : ਇੱਥੇ ਰਾਜਾ ਸਵੀਟਸ ਵਿਖੇ ਯੂਨਾਈਟਡ ਸਪੋਰਟਸ ਕਲੱਬ ਕੈਲੇਫੋਰਨੀਆਂ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 16 ਸਤੰਬਰ, ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਵਿਖੇ ਕਰਵਾਏ ਜਾਣ ਵਾਲੇ 14ਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਮੁੱਲਾਂਕਣ ਤੇ ਵਿਸ਼ਲੇਣ ਕੀਤਾ ਗਿਆ। ਸਾਰਿਆਂ ਨੇ ਜਿੱਥੇ ਸਪਾਂਸਰਾਂ, ਸਹਿਯੋਗੀਆਂ, ਸਮਾਜਿਕ ‘ਤੇ ਖੇਡਾਂ ਲਈ ਸਰਗਰਮ ਜਥੇਬੰਦੀਆਂ ਵਲੋਂ ਮਿਲ ਰਹੇ ਭਰਪੂਰ ਸਹਿਯੋਗ ਲਈ ਸੰਤੁਸ਼ਟੀ ਜ਼ਾਹਿਰ ਕਰਦਿਆਂ ਧੰਨਵਾਦ ਕੀਤਾ ਉੱਥੇ ਇਸ ਕਬੱਡੀ ਕੱਪ ਦੀਆਂ ਰੌਣਕਾਂ ਪਿਛਲੇ ਸਾਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧਣ ਦੀਆਂ ਸੰਭਾਵਨਾਵਾਂ ਤੇ ਖੁਸ਼ੀ ਵੀ ਜ਼ਾਹਿਰ ਕੀਤੀ ਗਈ। ਮੀਟਿੰਗ ‘ਚ ਬੋਲਦਿਆਂ ਸ. ਬੈਂਸ ਨੇ ਕਿਹਾ ਕਿ ਉਹ ਪੰਜਾਬੀਆਂ ਦੇ ਇਸ ਖੇਡ ਮੇਲੇ ਨੂੰ ਕਾਮਯਾਬ ਕਰਨ ਲਈ ਦਿੱਤੀ ਜਾ ਰਹੀ ਹਰ ਤਰਾਂ ਦੀ ਮਦਦ ਨੂੰ ਕਦੇ ਭੁਲਾ ਹੀ ਨਹੀਂ ਸਕਣਗੇ। ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਕਬੱਡੀ ਨਾਲ ਹੀ ਮੋਹ ਨਹੀਂ ਰਿਹਾ ਸਗੋਂ ਪੰਜਾਬ ਦੀ ਜਵਾਨੀ ਲਈ ਚਿੰਤਾ ਵੀ ਕੀਤੀ ਜਾਂਦੀ ਰਹੀ ਹੈ। ਉਹ ਪੰਜਾਬ ਦੀਆਂ ਇਨਾਂ ਵਿਰਾਸਤੀ ਖੇਡਾਂ ਨੂੰ ਜਿਉਂਦਾ ਰੱਖਣ ਲਈ ਅਮਰੀਕਾ ਦੀ ਧਰਤੀ ‘ਤੇ ਪਿਛਲੇ ਲੰਬੇ ਅਰਸੇ ਤੋਂ ਨਿਮਾਣਾ ਜਿਹਾ ਯਤਨ ਕਰ ਰਹੇ ਹਨ ਪਰ ਸਮੁੱਚੇ ਭਾਈਚਾਰੇ ਵਲੋਂ ਮਿਲਦਾ ਸਹਿਯੋਗ ਉਨਾਂ ਦੇ ਹੌਂਸਲੇ ਨੂੰ ਹੋਰ ਬੁਲੰਦ ਕਰਦਾ ਜਾ ਰਿਹਾ ਹੈ। ਮੀਟਿੰਗ ਵਿਚ ਸ. ਅਮੋਲਕ ਸਿੰਘ ਗਾਖਲ ਦੀਆਂ ਕਬੱਡੀ ਕੱਪ ਦੀਆਂ ਸੇਵਾਵਾਂ ਲਈ ਪ੍ਰਸ਼ੰਸ਼ਾ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕਬੱਡੀ ਦੇ ਅਤਿਆਧੁਨਿਕ ਨਿਯਮਾਂ ਤਹਿਤ ਕਰਵਾਏ ਜਾਣ ਵਾਲੇ ਇਸ ਖੇਡ ਮੇਲੇ ਵਿਚ ਵਿਸ਼ਵ ਭਰ ਦੇ ਕੌਮਾਂਤਰੀ ਕਬੱਡੀ ਖਿਡਾਰੀ ਸ਼ਿਰਕਤ ਕਰ ਰਹੇ ਹਨ ਤੇ ਕਬੱਡੀ ਨੂੰ ਮਾਣ ਸਨਮਾਨ ਦੇਣ ਵਾਲੇ ਸਾਬਕਾ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਯੁਨਾਈਟਡ ਸਪੋਰਟਸ ਕਲੱਬ ਆਪਣਾ ਬਣਦਾ ਫਰਜ਼ ਵੀ ਪੂਰਾ ਕਰ ਰਿਹਾ ਹੈ। ਓਪਨ ਕਬੱਡੀ ਦੇ ਨਾਲ ਨਾਲ ਅੰਡਰ-25 ਉਮਰ ਵਰਗ ਵਿਚ ਵੀ ਨਾਮੀ ਖਿਡਾਰੀਆਂ ਦੀ ‘ਕੌਡੀ-ਕੌਡੀ’ ਇਸ ਵਾਰ ਵੀ ਕਮਾਲ ਦੀ ਵੇਖਣ ਨੂੰ ਮਿਲੇਗੀ। ਖਿਡਾਰੀਆਂ ਤੇ ਦੂਰ ਦੁਰਾਡਿਓਂ ਆਉਣ ਵਾਲੇ ਮਹਿਮਾਨਾਂ ਦੇ ਰਹਿਣ ਸਹਿਣ ਦਾ ਉਚੇਚਾ ਪ੍ਰਬੰਧ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਖੇਡ ਮੇਲੇ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਮੁਫਤ ਪਾਰਕਿੰਗ, ਮੁਫਤ ਦਾਖਲਾ, ਲੰਗਰ, ਪਾਣੀ ਤੇ ਜੂਸ ਦੀਆਂ ਛਬੀਲਾਂ ਤੇ ਸੁਰੱਖਿਆ ਪੱਖੋਂ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਖੇਡ ਮੇਲੇ ਦੇ ਤਕਨੀਕੀ ਪ੍ਰਬੰਧ ਦੇਖ ਰਹੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਨੇ ਕਿਹਾ ਕਿ ਇਸ ਵਾਰ ਵੀ ਦਰਸ਼ਕਾਂ ਨੂੰ ਇਕ ਅਜਿਹੀ ਕਬੱਡੀ ਦੀ ਝਲਕ ਦੇਖਣ ਨੂੰ ਮਿਲੇਗੀ ਜੋ ਉਨਾਂ ਨੂੰ ਧੁਰ ਅੰਦਰ ਤੱਕ ਸੁਆਦ ਲਿਆ ਦੇਵੇਗੀ। ਨਾਮੀ ਕਬੱਡੀ ਖਿਡਾਰੀ ਰਹੇ ਮੱਖਣ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਬੱਡੀ ਦੇ ਖੇਤਰ ਵਿਚ ਸਿਰਜਿਆ ਗਿਆ ਨਵਾਂ ਇਤਿਹਾਸ ਆਉਣ ਵਾਲੀਆਂ ਪੰਜਾਬੀ ਨਸਲਾਂ ਲਈ ਇਕ ਉਦਾਹਰਣ ਬਣੇਗੀ।

ਸਾਰੀਆਂ ਕਲੱਬਾਂ ਵਲੋਂ ਨਾਮੀ ਖਿਡਾਰੀਆਂ ਨੂੰ ਹੀ ਸ਼ਾਮਿਲ ਨਹੀਂ ਕੀਤਾ ਗਿਆ ਸਗੋਂ ਅਜਿਹਾ ਸੰਤੁਲਨ ਵੀ ਕਾਇਮ ਰੱਖਿਆ ਗਿਆ ਹੈ ਕਿ ਸਾਰੇ ਦੇ ਸਾਰੇ ਮੁਕਾਬਲੇ ਹੀ ਦਰਸ਼ਕਾਂ ਨੂੰ ਫਾਈਨਲ ਮੈਚ ਵਰਗੇ ਲੱਗਣ। ਇਸ ਮੀਟਿੰਗ ‘ਚ ਬਲਵੀਰ ਸਿੰਘ ਭਾਟੀਆ, ਪਲਵਿੰਦਰ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਥਿੰਦ, ਐੱਸ.ਅਸ਼ੋਕ ਭੌਰਾ, ਗਿਆਨੀ ਰਵਿੰਦਰ ਸਿੰਘ ਆਦਿ ਹਾਜ਼ਰ ਸਨ।

Comments

comments

Share This Post

RedditYahooBloggerMyspace