ਗਾਖਲ ਪਰਿਵਾਰ ਕਰੇਗਾ ਪਿਤਾ ਨਸੀਬ ਸਿੰਘ ਗਾਖਲ ਦੀ ਯਾਦ ‘ਚ ਬੈਸਟ ਜਾਫੀ ਤੇ ਬੈਸਟ ਧਾਵੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ-ਇਕਬਾਲ ਗਾਖਲ

ਵਾਟਸਨਵਿੱਲ : ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਆਪਣੇ ਪਿਤਾ ਸਵ. ਨਸੀਬ ਸਿੰਘ ਦੀ ਯਾਦ ਵਿਚ 16 ਸਤੰਬਰ ਦਿਨ ਐਤਵਾਰ ਨੂੰ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ‘ਚ ਹੋਣ ਵਾਲੇ 14ਵੇਂ ਵਿਸ਼ਵ ਕਬੱਡੀ ਕੱਪ ਦੌਰਾਨ ਸਮੁੱਚੇ ਖੇਡ ਮੇਲੇ ‘ਚੋਂ ‘ਬੈਸਟ ਰੇਡਰ’ ਅਤੇ ‘ਬੈਸਟ ਸਟਾਪਰ’ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਗਾਖਲ ਭਰਾਵਾਂ ਨੇ ਕਿਹਾ ਕਿ ਉਨਾਂ ਦੇ ਪਿਤਾ ਸਵ. ਨਸੀਬ ਸਿੰਘ ਜੀ ਖੇਡ ਨਾਲ ਤੇ ਖਾਸ ਕਰਕੇ ਕੁਸ਼ਤੀ ਨਾਲ ਬੜਾ ਨੇੜਲਾ ਲਗਾਓ ਰੱਖਦੇ ਸਨ ਤੇ ਇਹੀ ਕਾਰਨ ਹੈ ਕਿ ਉਹ ਮਾਂ ਉਨਾਂ ਦਾ ਪਰਿਵਾਰ ਮਾਂ ਖੇਡ ਕਬੱਡੀ ਅਤੇ ਹੋਰਨਾਂ ਖੇਡਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਅਤੇ ਅੱਗੇ ਲਿਜਾਣ ਲਈ ਯਤਨਸ਼ੀਲ ਰਿਹਾ ਹੈ। ਆਪਣੇ ਪਿਤਾ ਦੀ ਪ੍ਰੇਰਨਾ ਤੋਂ ਹੀ ਉਹ ਅਮਰੀਕਾ ਵਿਚ ਅਜਿਹੇ ਵਿਸ਼ਵ ਕਬੱਡੀ ਕੱਪ ਮੂਹਰੇ ਹੋ ਕੇ ਕਰਵਾਉਣ ਲਈ ਯਤਨਸ਼ੀਲ ਰਹੇ ਹਨ। ਇੱਥੇ ਵਾਟਨਸਵਿੱਲ ਵਿਚ ਏ ਐਂਡ ਆਈ ਟਰੱਕਿੰਗ ਦੇ ਦਫਤਰ ‘ਚ ਹੋਈ ਯੂਨਾਈਟਡ ਸਪੋਰਟਸ ਕਲੱਬ ਦੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਕ ਸਾਂਝੇ ਮਤੇ ਰਾਹੀਂ ਸਾਰੇ ਗੁਰੂਘਰਾਂ, ਗੁਰਦੁਆਰਾ ਸਾਹਿਬ ਸੈਨਹੋਜ਼ੇ, ਫਰੀਮਾਂਟ, ਸਟਾਕਟਨ, ਮਿਲਪੀਟਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜੋ ਪਿਛਲੇ ਸਾਲਾਂ ਬਾਅਦ ਇਸ ਵਾਰ ਵੀ 14ਵੇਂ ਵਿਸ਼ਵ ਕਬੱਡੀ ਕੱਪ ਦੌਰਾਨ ਸਾਰਾ ਦਿਨ ਲੰਗਰ ਦੀ ਸੇਵਾ ਕਰਨਗੇ। ਸ. ਬੈਂਸ ਨੇ ਕਿਹਾ ਕਿ ਉਹ ਹੋਰਨਾਂ ਸਮਾਜਿਕ ਕਾਰਜਾਂ ਵਿਚ ਵੀ ਵਧ ਚੜ ਕੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਤੇ ਇਸੇ ਕਰਕੇ ਉਨਾਂ ਦੀ ਅਗਵਾਈ ਹੇਠ ਰਾਜਾ ਸਵੀਟਸ ਵਲੋਂ ਵੀ ਕਬੱਡੀ ਪ੍ਰੇਮੀਆਂ ਲਈ ਪਕੌੜੇ ਅਤੇ ਚਾਹ ਮੁਫਤ ਵਰਤਾਇਆ ਜਾਵੇਗਾ। ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਨੇ ਕਿਹਾ ਕਿ ਖੇਡ ਮੇਲਾ ਰਾਜਨੀਤੀ ਤੋਂ ਉੱਪਰ ਉੱਠ ਕੇ ਹੋਵੇਗਾ ਅਤੇ ਇਸ ਵਿਚ ਸਾਰੀਆਂ ਸਮਾਜਿਕ, ਧਾਰਮਿਕ ਅਤੇ ਖੇਡ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਨੇ ਉਨਾਂ ਨੂੰ ਕੰਮ ਕਰਨ ਦਾ ਹੋਰ ਵੀ ਵੱਧ ਉਤਸ਼ਾਹ ਪੈਦਾ ਕਰਕੇ ਦਿੱਤਾ ਹੈ। ਉਨਾਂ ਇਹ ਵੀ ਕਿਹਾ ਕਿ ਕਰੀਬ ਦੋ ਹਫਤੇ ਪਹਿਲਾਂ ਹੀ ਖਿਡਾਰੀ ਕੈਲੇਫੋਰਨੀਆਂ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਇਸ ਵਾਰ ਦਾ ਇਹ ਕਬੱਡੀ ਕੱਪ ਵੀ ਦਰਸ਼ਕਾਂ ਦੇ ਚੇਤਿਆਂ ‘ਚ ਉਮੀਦ ਹੈ ਕਿ ਵਸਿਆ ਹੀ ਰਹੇਗਾ। ਪ੍ਰਬੰਧਕਾਂ ਵਲੋਂ ਜਿੱਥੇ ਮੁਫਤ ਐਂਟਰੀ, ਮੁਫਤ ਪਾਰਕਿੰਗ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਅਪੀਲ ਕੀਤੀ ਹੈ ਕਿ ਉਹ ਪੰਜਾਬੀਆਂ ਦੇ ਇਸ ਸਾਂਝੇ ਮੰਚ ‘ਤੇ ਮੁਹੱਬਤ ਅਤੇ ਪਿਆਰ ਦਾ ਸੁਨੇਹਾ ਲੈ ਕੇ ਆਉਣ ਅਤੇ ‘ਖੇਡਾਂ ਬੀਬਾ ਖੇਡਣ ਲਈ’ ਦੀ ਧਾਰਨਾ ਮੁਤਾਬਿਕ ਸਹੀ ਸਪੋਰਟਸਮੈਸ਼ਿਪ ਨੂੰ ਰੂਪਮਾਨ ਕਰਕੇ ਦਿਖਾਉਣ ਵਿਚ ਰੋਲ ਅਦਾ ਕਰਨ। ਖੇਡ ਮੇਲੇ ਦਾ ਮੁੱਖ ਮਕਸਦ ਹੀ ਪਿਆਰ ਅਤੇ ਆਪਸੀ ਸਾਂਝ ਨੂੰ ਹੋਰ ਗੂੜੀ ਕਰਨਾ ਹੀ ਹੈ।

Comments

comments

Share This Post

RedditYahooBloggerMyspace