ਚੌਦਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਵਿਚ ਇਨਾਮਾਂ ਦੇ ਸਪਾਂਸਰਾਂ ਦਾ ਹੋਵੇਗਾ ਵਡੇਰਾ ਯੋਗਦਾਨ- ਗਾਖਲ


ਸ. ਅਮੋਲਕ ਸਿੰਘ ਗਾਖਲ ਮੁੱਖ ਸਰਪ੍ਰਸਤ

ਵਾਟਸਨਵਿੱਲ : ਇੱਥੇ ਏ.ਐਂਡ ਆਈ ਟਰੱਕਿੰਗ ਦੇ ਦਫਤਰ ‘ਚ ਯੂਨਾਈਟਡ ਸਪੋਰਟਸ ਕਲੱਬ ਕੈਲੇਫੋਰਨੀਆਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਵਿਸ਼ਵ ਕਬੱਡੀ ਕੱਪ ਦੌਰਾਨ ਦਿੱਤੇ ਜਾਣ ਵਾਲੇ ਵੱਡੇ ਨਕਦ ਇਨਾਮਾਂ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ‘ਕੱਲਾ ‘ਕੱਲਾ ਹੀ ਹੁੰਦਾ ਹੈ ਤੇ ਗਿਆਰਾਂ ਦੋ ਰਲਕੇ ਹੀ ਬਣਦੇ ਹਨ। ਇਸ ਚੌਦਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਦਾ ਸਿਹਰਾ ਵੀ ਉਹ ਆਪਣੇ ਸਹਿਯੋਗੀਆਂ ਸਪਾਂਸਰਾਂ ਅਤੇ ਕਬੱਡੀ ਕੱਪ ਦੌਰਾਨ ਦਿੱਤੇ ਜਾਣ ਵਾਲੇ ਇਨਾਮਾਂ ਲਈ ਹਮੇਸ਼ਾ ਨਾਲ ਖੜੇ ਹੋਣ ਵਾਲੇ ਸਹੋਤਾ ਪਰਿਵਾਰ, ਡਾਇਮੰਡ ਟਰੱਕਿੰਗ, ਤੱਖਰ ਪਰਿਵਾਰ ਅਤੇ ਆਪਣਾ ਪੰਜਾਬ ਤੇ ਨਾਰਦਰਨ ਕੈਲੇਫੋਰਨੀਆਂ ਕਲੱਬ ਦੇ ਸਿਰ ਬੰਨਦੇ ਹਨ। ਉਨਾਂ ਕਿਹਾ ਕਿ ਕੈਲੇਫੋਰਨੀਆਂ ਵਿਚ ਕਬੱਡੀ ਦਾ ਇਤਿਹਾਸ ਸਿਰਜਣ ਵਿਚ ਉਨਾਂ ਨਾਲ ਜੁੜੇ ਸਮਰਪਿਤ ਲੋਕਾਂ ਨੇ ਹੀ ਨਵੀਆਂ ਲੀਹਾਂ ਪਾਉਣ ਵਿਚ ਇਕ ਸਿਹਤਮੰਦ ਮੈਦਾਨ ਸਿਰਜ ਕੇ ਦਿੱਤਾ ਹੈ। ਕਲੱਬ ਵਲੋਂ ਸਮੂਹਿਕ ਤੌਰ ‘ਤੇ ਇਕਬਾਲ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਐੱਸ.ਅਸ਼ੋਕ.ਭੌਰਾ, ਮੱਖਣ ਸਿੰਘ ਬੈਂਸ, ਬਲਵੀਰ ਸਿੰਘ ਭਾਟੀਆ, ਪਲਵਿੰਦਰ ਸਿੰਘ ਗਾਖਲ, ਇੰਦਰਜੀਤ ਸਿੰਘ ਥਿੰਦ ਆਦਿ ਵਲੋਂ ਇਕ ਵੱਖਰੇ ਮਤੇ ਰਾਹੀਂ ਇਹ ਵੱਡੇ ਇਨਾਮ ਦੇਣ ਵਾਲੀਆਂ ਸਹਿਯੋਗੀ ਧਿਰਾਂ ਨੂੰ ਵਿਸ਼ੇਸ਼ ਤੌਰ ‘ਤੇ ਮਾਣ ਸਨਮਾਨ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ। ਟਰਾਂਸਪੋਰਟ ਦੇ ਖੇਤਰ ਵਿਚ ਡਾਇਮੰਡ ਟਰਾਂਸਪੋਰਟ ਦੀ ਇਕ ਆਪਣੀ ਥਾਂ ਹੈ। ਯੂਬਾ ਬ੍ਰਦਰਜ਼ ਹਾਕੀ ਕਲੱਬ ਵੀ ਡਾਇਮੰਡ ਟਰਾਂਸਪੋਰਟ ਦੇ ਨਿੱਘੇ ਸਹਿਯੋਗ ਨਾਲ ਚੱਲ ਰਿਹਾ ਹੈ। ਲੰਬੇ ਅਰਸੇ ਤੋਂ ਸ. ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ, ਪਿੰਕੀ ਅਟਵਾਲ, ਵਿਸ਼ਵ ਕਬੱਡੀ ਕੱਪ ਦੌਰਾਨ ਪਹਿਲਾ ਇਨਾਮ ਦਿੰਦੇ ਆ ਰਹੇ ਹਨ। ਇਹ ਪਹਿਲੀ ਧਿਰ ਹੈ ਜਿਨਾਂ ਦੀ ਬਦੌਲਤ ਵਿਸ਼ਵ ਕੱਪ ਆਪਣੀ ਚੰਗੀ ਥਾਂ ਬਣਾ ਸਕਿਆ ਹੈ। ਗੁਰਾਇਆ ਨੇੜਲੇ ਪਿੰਡ ਬੜਾ ਪਿੰਡ ਦੇ ਜੰਮਪਲ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਪਿਤਾ ਮਰਹੂਮ ਸ. ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ ਦੂਜਾ ਵੱਡਾ ਨਕਦ ਇਨਾਮ ਪਹਿਲਾਂ ਵਾਂਗ ਇਸ ਵਾਰ ਵੀ ਦਿੱਤਾ ਜਾ ਰਿਹਾ ਹੈ। ਸ. ਕਸ਼ਮੀਰ ਸਿੰਘ ਗੁਰਾਇਆ ਟਰਾਂਸਪੋਰਟ ਚਲਾਉਂਦੇ ਰਹੇ ਹਨ ਅਤੇ ਉਨ੍ਹਾਂ ਨੇ ਅਮਰੀਕਾ ਆ ਕੇ ਜਿੱਥੇ ਰੱਜ ਕੇ ਮਿਹਨਤ ਨਾਲ ਜਸ ਖੱਟਿਆ ਉੱਥੇ ਆਪਣੇ ਦੋਵੇਂ ਪੁੱਤਰਾਂ ਨੂੰ ਕਾਰੋਬਾਰ ‘ਚ ਸਫਲ ਹੋਣ ਦੇ ਸਮਰੱਥ ਬਣਾਇਆ। ਪੰਜਾਬੀ ਭਾਈਚਾਰੇ ‘ਚ ਇਸ ਵੇਲੇ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਆਪਣੀਆਂ ਸਮਾਜਿਕ ਗਤੀਵਿਧੀਆਂ, ਸਮਾਜਿਕ ਸੇਵੀ ਸੰਸਥਾਵਾਂ ਲਈ ਵਿੱਤੀ ਸਹਿਯੋਗ ਅਤੇ ਖੇਡ ਭਾਵਨਾਵਾਂ ਨੂੰ ਉਜਾਗਰ ਕਰਦਿਆਂ ਯੁਨਾਈਟਡ ਸਪੋਰਟਸ ਕਲੱਬ ਦਾ ਹੀ ਮਹੱਤਵਪੂਰਨ ਹਿੱਸਾ ਨਹੀਂ ਹਨ ਸਗੋਂ ਆਪਣੇ ਪਿੰਡ ਹਰ ਸਾਲ ਹੋਣ ਵਾਲੇ ਕਬੱਡੀ ਕੱਪਾਂ ਦੌਰਾਨ ਵੱਡੇ ਇਨਾਮ ਦਿੰਦੇ ਆ ਰਹੇ ਹਨ। ਚੌਦਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਵਿਚ ਵੀ ਸਹੋਤਾ ਪਰਿਵਾਰ ਮਹੱਤਵਪੂਰਨ ਹਿੱਸਾ ਪਾ ਰਿਹਾ ਹੈ। ਅੰਡਰ-25 ਦੇ ਕਬੱਡੀ ਮੁਕਾਬਲਿਆਂ ਵਿਚ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਪਹਿਲਾ ਇਨਾਮ ਤੱਖਰ ਪਰਿਵਾਰ (ਆਪਣਾ ਪੰਜਾਬ ਤੇ ਨਾਰਦਰਨ ਕੈਲੇਫੋਰਨੀਆਂ ਕਲੱਬ) ਵਲੋਂ ਦਿੱਤਾ ਜਾਵੇਗਾ। ਸ. ਗਾਖਲ ਨੇ ਕਿਹਾ ਕਿ ਉਹ ਆਪਣੇ ਸਾਰੇ ਸਹਿਯੋਗੀਆਂ ਦੇ ਰਿਣੀ ਰਹਿਣਗੇ ਤੇ ਅਗਲੇ ਵਰਿਆਂ ਦੌਰਾਨ ਵੀ ਮਾਂ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਅਜਿਹੀਆਂ ਕਲੱਬਾਂ ਅਤੇ ਸਹਿਯੋਗੀਆਂ ਨੂੰ ਨਾਲ ਲੈ ਕੇ ਤੁਰਨ ਵਿਚ ਹੀ ਮਾਣ ਸਮਝਦੇ ਰਹਿਣਗੇ।

 

Comments

comments

Share This Post

RedditYahooBloggerMyspace