ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਬੱਚੇ

ਅਵਤਾਰ ਸਿੰਘ ਸੌਜਾ

ਸਾਡੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਘਟਣ ਕਰਕੇ ਬੱਚਿਆਂ ਵਿੱਚ ਹਿੰਸਕ ਪ੍ਰਵਿਰਤੀਆਂ ਵੱਧ ਰਹੀਆਂ ਹਨ। ਬੱਚੇ ਦੀ ਮੁੱਢਲੀ ਸਿੱਖਿਆ ਜਨਮ ਤੋਂ ਬਾਅਦ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਉਹ ਆਪਣੇ ਮਾਤਾ ਪਿਤਾ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਦਾ ਹੈ। ਇੱਥੇ ਹੀ ਨੈਤਿਕ ਸਿੱਖਿਆ ਦਾ ਪਹਿਲਾਂ ਪੜਾਅ ਸ਼ੁਰੂ ਹੁੰਦਾ ਹੈ। ਮਾਤਾ ਪਿਤਾ ਉਸਨੂੰ ਬਚਪਨ ਤੋਂ ਹੀ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ, ਆਦਰ ਵਾਲੀ ਭਾਸ਼ਾ, ਲੋੜਵੰਦ ਦੀ ਸਹਾਇਤਾ ਕਰਨੀ, ਸਹਿਣਸ਼ੀਲਤਾ ਆਦਿ ਦਾ ਅਭਿਆਸ ਕਰਾਉਣ ਤਾਂ ਕਿ ਜਿਉਂ-ਜਿਉਂ ਬੱਚਾ ਸਰੀਰਕ ਪੱਖੋਂ ਵਿਕਾਸ ਕਰਦਾ ਜਾਂਦਾ ਹੈ, ਮਾਨਸਿਕ ਤੌਰ ‘ਤੇ ਵੀ ਉਸ ਵਿੱਚ ਪਰਿਪੱਕਤਾ ਆ ਜਾਵੇ, ਪਰ ਆਧੁਨਿਕ ਸਮੇਂ ਦੀ ਭੱਜ ਦੌੜ ਕਾਰਨ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਬਹੁਤ ਸਮਾਂ ਨਹੀਂ ਦੇ ਪਾਉਂਦੇ। ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਬੱਚਾ ਜਾਂ ਤਾਂ ਗ਼ਲਤ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਉਹ ਆਪਣੀ ਇਕੱਲਤਾ ਦਾ ਸਾਥੀ ਆਧੁਨਿਕ ਗ਼ਲਤ ਪ੍ਰਵਿਰਤੀਆਂ ਨੂੰ ਬਣਾ ਲੈਂਦਾ ਹੈ ਅਤੇ ਜਦੋਂ ਤਕ ਮਾਤਾ-ਪਿਤਾ ਨੂੰ ਇਸ ਬਾਰੇ ਸਮਝ ਲੱਗਦੀ ਹੈ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਜੇਕਰ ਮਾਤਾ- ਪਿਤਾ ਵਿੱਚ ਆਪਸੀ ਅਣਬਣ ਹੋਵੇ ਜਾਂ ਕੋਈ ਲੜਾਈ- ਝਗੜਾ ਰਹਿੰਦਾ ਹੋਵੇ, ਉਸਦਾ ਵੀ ਬੱਚੇ ਦੇ ਮਨ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਬੱਚੇ ਦਾ ਮਨ ਕੋਮਲ ਤੇ ਕੋਰੀ ਸਲੇਟ ਵਾਂਗ ਹੁੰਦਾ ਹੈ। ਜੇਕਰ ਮਾਤਾ-ਪਿਤਾ ਕਿਸੇ ਹੋਰ ਇਨਸਾਨ ਬਾਰੇ ਵੀ ਬੱਚੇ ਦੀ ਮੌਜੂਦਗੀ ਵਿੱਚ ਕੋਈ ਅਪਸ਼ਬਦ ਬੋਲਦੇ ਹਨ, ਉਸਨੂੰ ਵੀ ਬੱਚਾ ਗ੍ਰਹਿਣ ਕਰਦਾ ਹੈ ਤੇ ਉਹ ਉਸ ਸ਼ਖ਼ਸ ਨਾਲ ਉਸ ਤਰ੍ਹਾਂ ਹੀ ਪੇਸ਼ ਆਏਗਾ ਜਿਵੇਂ ਕਿ ਮਾਤਾ- ਪਿਤਾ ਸੋਚਦੇ ਹਨ। ਟੀ. ਵੀ. ‘ਤੇ ਦਿਖਾਈਆਂ ਜਾਂਦੀਆਂ ਮਾਰ-ਧਾੜ ਵਾਲੀਆਂ ਫ਼ਿਲਮਾਂ, ਅਪਰਾਧ ਆਧਾਰਿਤ ਲੜੀਵਾਰ ਬੱਚਿਆਂ ਅੰਦਰ ਹਿੰਸਕ ਪ੍ਰਵਿਰਤੀਆਂ ਨੂੰ ਹੋਰ ਵਧਾ ਰਹੇ ਹਨ। ਰਹਿੰਦੀ ਕਸਰ ਗੀਤਾਂ ਵਿੱਚ ਫਿਲਮਾਏ ਜਾਂਦੇ ਗੈਂਗਸਟਰ ਸੁਭਾਅ ਦੇ ਨਾਇਕਾਂ ਨੇ ਕੱਢ ਰੱਖੀ ਹੈ ਜਿਸਦਾ ਭਿਆਨਕ ਅਸਰ ਇਹ ਹੈ ਕਿ ਪੰਜ- ਛੇ ਸਾਲ ਦੇ ਬੱਚੇ ਨੂੰ ਪਤਾ ਲੱਗ ਚੁੱਕਾ ਹੈ ਕਿ ਹਥਿਆਰ ਕਿਹੜੇ -ਕਿਹੜੇ ਹੁੰਦੇ ਹਨ।

ਆਖਰ ਇਸ ਸਭ ਦਾ ਹੱਲ ਕੀ ਹੋਵੇ? ਪ੍ਰਸ਼ਨ ਦਾ ਹੱਲ ਔਖਾ ਹੈ, ਪਰ ਅਸੰਭਵ ਨਹੀਂ। ਬਚਪਨ ਤੋਂ ਹੀ ਮਾਤਾ ਪਿਤਾ ਬੱਚੇ ਨੂੰ ਪੂਰਾਂ ਸਮਾਂ ਦੇਣ। ਉਸ ਦੀਆਂ ਰੁਚੀਆਂ, ਆਦਤਾਂ ਸਬੰਧੀ ਧਿਆਨ ਰੱਖਣ। ਵੱਡਿਆਂ ਪ੍ਰਤੀ ਆਦਰ ਸਤਿਕਾਰ ਦੀ ਭਾਵਨਾ, ਸਹਿਣਸ਼ੀਲ ਹੋਣ ਦਾ ਅਭਿਆਸ ਬੱਚੇ ਨੂੰ ਕਰਾਇਆ ਜਾਵੇ। ਬੱਚੇ ਦੀ ਜੀਵਨ ਜਾਚ ਸਬੰਧੀ ਮਾਤਾ ਪਿਤਾ ਸੁਚੇਤ ਰਹਿਣ ਤੇ ਨਜ਼ਰ ਰੱਖਣ, ਪਰ ਇਸ ਸਬੰਧੀ ਇੱਕ ਦਾਇਰਾ ਜ਼ਰੂਰ ਹੋਵੇ ਤਾਂ ਕਿ ਬੱਚਾ ਇਹ ਨਾ ਸਮਝੇ ਕਿ ਉਸਨੂੰ ਪਿੰਜਰੇ ਵਿੱਚ ਕੈਦ ਪੰਛੀ ਵਾਂਗ ਰੱਖਿਆ ਜਾ ਰਿਹਾ ਹੈ। ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ਤੋਂ ਉੱਚ ਸਿੱਖਿਆ ਤਕ ਬੱਚਿਆਂ ਲਈ ਨੈਤਿਕ ਆਦਤਾਂ ਸਬੰਧੀ ਵਿਸ਼ਾ ਲਾਜ਼ਮੀ ਹੋਵੇ ਤਾਂ ਕਿ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾ ਸਕੇ। ਅਧਿਆਪਕ ਵੀ ਬੱਚਿਆਂ ਲਈ ਰੋਲ ਮਾਡਲ ਬਣਨ ਕਿਉਂਕਿ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਹਨ ਜਿਨ੍ਹਾਂ ਕੋਲ ਬੱਚਾ ਆਪਣਾ ਜ਼ਿਆਦਾ ਸਮਾਂ ਗੁਜ਼ਾਰਦਾ ਹੈ, ਸਿੱਖਦਾ ਹੈ। ਬੱਚਿਆਂ ਨੂੰ ਹਿੰਸਕ ਵੀਡੀਓ ਗੇਮਾਂ, ਟੀ.ਵੀ. ਪ੍ਰੋਗਰਾਮਾਂ ਤੋਂ ਦੂਰ ਹੀ ਰੱਖਿਆ ਜਾਵੇ। ਉਨ੍ਹਾਂ ਨੂੰ ਵਧੀਆ ਨੈਤਿਕ ਆਦਤਾਂ ਦੇ ਵਿਸ਼ਿਆਂ ਦੀਆਂ ਕਿਤਾਬਾਂ, ਪ੍ਰੋਗਰਾਮ ਦੇਖਣ ਵੱਲ ਪ੍ਰੇਰਿਤ ਕੀਤਾ ਜਾਵੇ। ਹਿੰਸਾ ਦਿਖਾਉਂਦੇ ਗੀਤਾਂ, ਫ਼ਿਲਮਾਂ ਸਬੰਧੀ ਚਿਤਾਵਨੀ ਲਾਗੂ ਕੀਤੀ ਜਾਵੇ ਕਿ ਇਹ ਗੀਤ ਜਾਂ ਫ਼ਿਲਮ ਬੱਚਿਆਂ ਦੇ ਦੇਖਣ ਲਈ ਨਹੀਂ ਹੈ। ਮਹਾਨ ਵਿਅਕਤੀਆਂ ਦੀਆਂ ਸਵੈਜੀਵਨੀਆਂ, ਉਦਾਹਰਨਾਂ ਰਾਹੀਂ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕੀਤਾ ਜਾਵੇ। ੲ

Comments

comments

Share This Post

RedditYahooBloggerMyspace