ਹਮ ਆਹ ਭੀ ਭਰਤੇ ਹੈ ਤੋ ਹੋ ਜਾਤੇ ਹੈਂ ਬਦਨਾਮ…ਵੋਹ..

ਪ੍ਰਿੰ. ਬੀ.ਐੱਸ ਫ਼ਤਹਿਪੁਰੀ

ਸਾਡੀ ਕੌਮ ਸਿੱਖ ਹੈ, ਜਿਸ ਨੂੰ ਖ਼ਾਲਸਾ ਪੰਥ ਵੀ ਕਿਹਾ ਜਾਂਦਾ ਹੈ। ਸਾਡਾ ਧਰਮ ਦੇਸ਼ ਲਈ ਜਿਊਣਾ, ਦੇਸ਼ ਲਈ ਮਰਨਾ ਹੈ। ਅਸੀਂ ਜਦੋਂ ਤੋਂ ਹੋਂਦ ਵਿਚ ਆਏ ਹਾਂ, ਸਮੇਂ ਦੀਆਂ ਸਰਕਾਰਾਂ ਤੇ ਸਮਾਜ ਤੇ ਸਨਾਤਨੀ ਮੱਤ ਨੇ ਸਾਡੇ ਉੱਪਰ ਅਕਹਿ ਤੇ ਅਸਹਿ ਜੁਰਮ ਕੀਤੇ ਹਨ। ਸਾਡੀ ਕੌਮ ਸੰਘਰਸ਼ ਵਿਚੋਂ ਨਿਕਲੀ ਹੈ। ਭਾਵੇਂ ਸਾਨੂੰ ਭਾਰਤ ਸਰਕਾਰ ਕੌਮ ਮੰਨੇ ਚਾਹੇ ਨਾ ਮੰਨੇ, ਸਾਡਾ ਜਨਮ ਬ੍ਰਾਹਮਣਵਾਦ ਤੇ ਮੰਨੂਵਾਦ ਦੀ ਮੜ੍ਹੀ ਉੱਪਰ ਉਸਰਿਆ ਹੈ। ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਦੇ। ਅਸੀਂ ਮੂਰਤੀਆਂ ਨੂੰ ਅਕਾਲ ਪੁਰਖ ਨਹੀਂ ਸਮਝਦੇ। ਅਸੀਂ ਕਿਸ਼ਨ, ਬਿਸ਼ਨ ਤੇ ਬਰਮਾ ਨੂੰ ਪ੍ਰਮਾਤਮਾ ਨਹੀਂ, ਪ੍ਰਮਾਤਮਾ ਦੇ ਭਗਤ ਮੰਨਦੇ ਹਾਂ।

ਪ੍ਰਮਾਤਮਾ ਇੱਕ ਹੈ ਤੇ ਉਹ ਸਰਬ ਵਿਆਪਕ ਹੈ। ਅਜਕਲ ਸਾਡਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸ ਵਿਚ ਉਚਾਰੇ ਸਿਧਾਂਤ ਨੂੰ ਅਸੀਂ ਮੱਥੇ ਟੇਕਦੇ ਹਾਂ। ਅਸੀਂ ਮੂਰਤੀ ਪੂਜਾ ਵਿਚ ਕੋਈ ਯਕੀਨ ਨਹੀਂ ਰੱਖਦੇ। ਸਾਡੀ ਛੂਤ-ਅਛੂਤ ਵਿਚ ਕੋਈ ਆਸਥਾ ਨਹੀਂ। ਅਸੀਂ ਕਿਸੇ ਯੱਗ ਜਾਂ ਹਵਨ ਨੂੰ ਕੇਵਲ ਕਰਮਕਾਂਡ ਹੀ ਸਮਝਦੇ ਹਾਂ। ਅਸੀਂ ਸਰਾਪਾਂ, ਜੰਤਰਾਂ, ਮੰਤਰਾਂ ਤੇ ਤੰਤਰਾਂ ਵਿਚ ਕੋਈ ਯਕੀਨ ਨਹੀਂ ਰੱਖਦੇ। ਕਿਸੇ ਜੋਤਿਸ਼ ਵਿਚ ਸਾਡੀ ਕੋਈ ਆਸਥਾ ਨਹੀਂ। ਹੁਣ ਅਸੀਂ ਅਸਲੀ ਮੁੱਦੇ ਵਲ ਆਉਂਦੇ ਹਾਂ। ਸਾਨੂੰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਵਿਚ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।

ਸਾਡੀ ਕੌਮ ਨੂੰ ਕੋਈ ਵੱਖਰੀ ਕੌਮ ਨਹੀਂ ਮੰਨਿਆ ਗਿਆ। ਸਾਨੂੰ ਹਿੰਦੂ ਧਰਮ ਦਾ ਇੱਕ ਅੰਗ ਹੀ ਸਮਝਿਆ ਗਿਆ ਹੈ। ਭਾਵੇਂ ਸਿੱਖ ਇੱਕ ਕੌਮ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੀ ਇਸ ਮੰਗ ਪ੍ਰਤੀ ਕੋਈ ਵੀ ਸੰਜੀਦਾ ਨਹੀਂ। ਸਭ ਬਾਘੜ ਬਿੱਲੇ ਬਣ ਕੇ ਬੈਠੇ ਹੋਏ ਹਨ। ਸਾਡੀ ਜਾਇਜ਼ ਮੰਗ ਵਲ ਕੋਈ ਤਵੱਜੋ ਨਹੀਂ ਦੇ ਰਿਹਾ।

ਪੰਡਤ ਨਹਿਰੂ ਨੇ 1946 ਵਿਚ ਕਲਕੱਤੇ ਵਿਖੇ ਕਿਹਾ ਸੀ, ”ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤੇ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਕੋਈ ਹਰਜ ਨਹੀਂ ਜੇਕਰ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇੱਕ ਖ਼ਾਸ ਖ਼ਿੱਤਾ ਪ੍ਰਦਾਨ ਕੀਤਾ ਜਾਵੇ,

ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ।” ਆਜ਼ਾਦੀ ਉਪਰੰਤ ਪੰਡਤ ਨਹਿਰੂ ਜੋ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਇਸ ਬਿਆਨ ਤੋਂ ਜਲਦੀ ਹੀ ਮੁੱਕਰ ਗਏ। ਇੰਜ ਹੀ ਉਹ ਕਸ਼ਮੀਰ ਵਿਚ ਮਰਦਮ ਸ਼ੁਮਾਰੀ ਬਾਰੇ ਮੁੱਕਰ ਗਏ ਸਨ। ਇਹ ਕੌਮੀ ਪੱਧਰ ਦੇ ਉੱਚ ਨੇਤਾਵਾਂ ਨੂੰ ਨਹੀਂ ਸੋਭਦਾ। ਭਾਰਤ ਵਿਚ ਹਰ ਸੂਬਾ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ। ਸਾਰੇ ਸੂਬੇ ਆਰਾਮ ਨਾਲ ਭਾਸ਼ਾ ਦੇ ਆਧਾਰ ਤੇ ਨਿਰਮਤ ਹੋਏ ਪਰ ਇਕੱਲਾ ਪੰਜਾਬ ਹੀ ਇਸ ਨਿਯਮ ਤੋਂ ਵਾਂਝਾ ਰੱਖਿਆ ਗਿਆ। ਪੰਜਾਬੀ ਸੂਬਾ ਬਣਾਉਣ ਲਈ ਸਿੱਖਾਂ ਨੂੰ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ।

ਇਹ ਕਿਸ ਕਿਸਮ ਦਾ ਮੁਲਕ ਹੈ ਜਿੱਥੇ ਮਜ਼੍ਹਬ ਦੇ ਨਾਂ ਉੱਪਰ ਵਿਤਕਰੇ ਹੁੰਦੇ ਹਨ। ਮੁਲਕ ਲਈ ਸਭ ਤੋਂ ਵੱਧ ਕੁਰਬਾਨੀ ਦੇਣ ਵਾਲੇ ਸਿੱਖ ਤੇ ਸਭ ਤੋਂ ਵੱਧ ਵਧੀਕੀਆਂ ਸਹਿਣ ਵਾਲੇ ਵੀ ਸਿੱਖ ਹੀ ਹਨ। ਇਸੇ ਹੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸੀ। ਇਹ ਮਤਾ ਕੋਈ ਵੱਖਵਾਦੀ ਨਹੀਂ ਸੀ। ਇਸ ਵਿਚ ਸਿੱਖਾਂ ਨੇ ਆਪਣੇ ਲਈ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕੀਤੀ ਸੀ। ਪਰ ਇਸ ਮਤੇ ਕਾਰਨ, ਸਿੱਖਾਂ ਨੂੰ ਭਾਰਤ ਵਿਚ ਗ਼ੱਦਾਰ ਸਮਝਿਆ ਗਿਆ ਸੀ। ਆਪਣੇ ਕਿਰਦਾਰ ਕਾਰਨ ਵੱਧ ਅਧਿਕਾਰ ਮੰਗਣੇ ਕੋਈ ਕੌਮ ਵਿਰੋਧੀ ਮੰਗ ਨਹੀਂ।

ਇਸ ਮੰਗ ਕਾਰਨ ਹੀ 1984 ਦਾ ਸਾਕਾ ਤੇ ਘੱਲੂਘਾਰਾ ਹੋਇਆ। ਸਿੱਖਾਂ ਦੇ ਮੱਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਨੂੰ ਤੋਪਾਂ ਨਾਲ ਢਹਿ ਢੇਰੀ ਕੀਤਾ ਗਿਆ। ਸਿੱਖਾਂ ਦੀ ਵਿਰਾਸਤੀ ਲਾਇਬ੍ਰੇਰੀ ਨੂੰ ਅਗਨ ਭੇਟ ਕੀਤਾ ਗਿਆ ਜਾਂ ਕਿਧਰੇ ਛੁਪਾਇਆ ਗਿਆ। ਹੁਣ ਜੇਕਰ ਸਿੱਖ ਮੰਗਦੇ ਹਨ ਤਾਂ ਬੜੀ ਚੁਸਤੀ ਨਾਲ ਟਾਲਾ ਵਟਿਆ ਜਾਂਦਾ ਹੈ। ਇਸ ਘੱਲੂਘਾਰੇ ਵਿਚ ਸਾਡੇ ਸਾਰੇ ਗੁਰਦਵਾਰਿਆਂ ਉੱਤੇ ਹਮਲੇ ਕੀਤੇ ਗਏ ਤੇ ਬੇਅਦਬੀ ਵੀ ਕੀਤੀ ਗਈ। ਫ਼ੌਜੀ ਜੋੜਿਆਂ ਸਣੇ ਦਰਬਾਰ ਸਾਹਬ ਦੀ ਪ੍ਰਕਰਮਾ ਵਿਚ ਦਨਦਨਾਉਂਦੇ ਰਹੇ, ਸਿਗਰਟਾਂ ਫੂਕਦੇ ਰਹੇ, ਦਾਰੂ ਪੀਂਦੇ ਰਹੇ। ਇਹ ਸਾਡੀ ਧਾਰਮਕ ਬੇਅਦਬੀ ਦੀ ਇੰਤਹਾ ਸੀ।

ਇਸ ਬੇਅਦਬੀ ਨਾਲੋਂ ਚੰਗਾ ਹੈ ਅਸੀਂ ਮਰ ਮਿਟ ਜਾਈਏ। ਭਾਰਤ ਵਿਚ ਸਾਡੀ ਬੇਕਦਰੀ ਕੀਤੀ ਗਈ ਤੇ ਕੋਈ ਵੀ ਬਰਗਾੜੀ ਕਾਂਡ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੋ ਰਿਹਾ। ਭਾਰਤ ਦੀ ਅਜੋਕੀ ਸਰਕਾਰ ਹਿੰਦੂਆਂ ਮੁਸਲਮਾਨਾਂ ਵਿਚ ਜ਼ਹਿਰ ਫੈਲਾ ਰਹੀ ਹੈ। ਜਾਤੀਵਾਦ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ। ਗਊ ਰੱਖਿਅਕ, ਮੁਸਲਮਾਨਾਂ ਨੂੰ ਗਊ ਹੱਤਿਆ ਕਾਰਨ ਮਾਰ ਰਹੇ ਹਨ। ਜੇਕਰ ਕੋਈ ਹਿੰਦੂ ਲੜਕੀ ਆਪਣੀ ਮਨਮਰਜ਼ੀ ਨਾਲ ਕਿਸੇ ਮੁਸਲਮਾਨ ਨਾਲ ਨਿਕਾਹ ਕਰ ਲੈਂਦੀ ਹੈ ਤਾਂ ਕੌਮੀ ਪੱਧਰ ਉੱਤੇ ਹੰਗਾਮਾ ਛਿੜ ਜਾਂਦਾ ਹੈ ਪਰ ਜੇਕਰ ਕੋਈ ਹਿੰਦੂ ਲੜਕਾ ਕਿਸੇ ਮੁਸਲਮਾਨ ਲੜਕੀ ਨਾਲ ਸ਼ਾਦੀ ਕਰ ਲਵੇ ਤਾਂ ਚਿੜੀ ਵੀ ਨਹੀਂ ਫਟਕਦੀ।

ਅਜਿਹਾ ਕਲਯੁਗ ਕਿਉਂ? ਜੇਕਰ ਕੋਈ ਸਿੱਖ ਪਤਿਤ ਹੋ ਕੇ ਹਿੰਦੂ ਧਰਮ ਵਿਚ ਚਲਾ ਜਾਂਦਾ ਹੈ ਤਾਂ ਉਸ ਨੂੰ ਘਰ ਵਾਪਸੀ ਕਿਹਾ ਜਾਂਦਾ ਹੈ। ਪਰ ਜੇਕਰ ਕੋਈ ਹਿੰਦੂ ਵੀਰ ਸਿੱਖ ਧਰਮ ਵਿਚ ਆ ਜਾਵੇ ਤਾਂ ਹੰਗਾਮਾ ਖੜ੍ਹਾ ਕੀਤਾ ਜਾਂਦਾ ਹੈ। ਭੁਜ ਵਿਚ ਵਸੇ ਹੋਏ ਸਿੱਖ ਪਰਿਵਾਰ, ਜਿਨ੍ਹਾਂ ਨੂੰ 1962-65 ਦੀਆਂ ਜੰਗਾਂ ਵਿਚ ਉਨ੍ਹਾਂ ਦੀ ਅਜ਼ੀਮ ਕੁਰਬਾਨੀ ਉਪਰੰਤ ਖੇਤੀ ਲਈ ਜ਼ਮੀਨ ਦਿੱਤੀ ਗਈ ਸੀ, ਉਸ ਜ਼ਮੀਨ ਨੂੰ ਹੁਣ ਹੜੱਪਣ ਲਈ ਸਿੱਖ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕੌਮੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਿੱਤ ਮੌਤ ਦੇ ਸਾਏ ਹੇਠ ਜਿਊਣਾ ਪੈ ਰਿਹਾ ਹੈ।

ਪੰਜਾਬ ਦੇ ਇਰਦ ਗਿਰਦ ਪੰਜਾਬੀ ਬੋਲਦੇ ਇਲਾਕੇ ਜਾਣ ਬੁੱਝ ਕੇ ਸਾਡੇ ਕੋਲੋਂ ਖੋਹੇ ਗਏ ਹਨ। ਕਈਆਂ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਦਾ ਨਿਰਮਾਣ ਕੀਤਾ ਗਿਆ ਸੀ। ਇਹ ਰਾਜਧਾਨੀ ਵੀ ਕੇਂਦਰ ਨੇ ਖ਼ੁਦ ਸੰਭਾਲ ਲਈ ਹੈ। ਸਾਡੇ ਡੈਮ ਤੇ ਦਰਿਆਈ ਪਾਣੀਆਂ ਨੂੰ ਹਥਿਆਇਆ ਗਿਆ ਹੈ। ਖਰਬਾਂ ਰੁਪਏ ਰਾਜਸਥਾਨ ਨੇ ਸਾਨੂੰ ਦੇਣੇ ਹਨ। ਉਲਟਾ ਖਰਬਾਂ ਰੁਪਇਆਂ ਦਾ ਪੰਜਾਬ ਕਰਜ਼ਾਈ ਬਣ ਚੁੱਕਾ ਹੈ। ਇੱਕ ਸਕੀਮ ਤੇ ਸਾਜ਼ਿਸ਼ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। 1857 ਵਿਚ ਕਿਉਂਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਬਰਤਾਨਵੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਸੀ, ਅੰਗਰੇਜ਼ਾਂ ਨੂੰ ਇਸ ਦੀ ਖ਼ੰਦਕ ਸੀ।

ਉਨ੍ਹਾਂ ਨੇ ਬਗ਼ਾਵਤ ਨੂੰ ਦਬਾਅ ਕੇ ਇਹ ਧਾਰ ਲਿਆ ਕਿ ਯੂ.ਪੀ. ਦੇ ਲੋਕਾਂ ਨੂੰ ਘਸਿਆਰੇ ਬਣਾਉਣਾ ਹੈ। ਉੱਥੇ ਕੋਈ ਵਿਕਾਸ ਨਹੀਂ ਹੋਣ ਦੇਣਾ। ਯੂ.ਪੀ. ਨਾਲ ਜੋ ਵਾਪਰਿਆ ਸੀ ਉਹ ਅੱਜ ਸਿੱਖਾਂ ਨਾਲ ਭਾਰਤ ਵਿਚ ਵਾਪਰ ਰਿਹਾ ਹੈ ਅਤੇ ਇਹ ਕਾਰਾ ਸਾਡੀ ਆਪਣੀ ਹੀ ਚੁਣੀ ਹੋਈ ਸਰਕਾਰ ਦੁਆਰਾ ਕੀਤਾ ਰਿਹਾ ਹੈ। ਕੇਂਦਰ ਨੂੰ ਪਤਾ ਹੈ ਕਿ ਉਸ ਦੀਆਂ ਮਾਰੂ ਤੇ ਦੇਸ਼ ਵਿਰੋਧੀ ਨੀਤੀਆਂ ਵਿਰੁੱਧ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਝੰਡਾ ਚੁੱਕਣਾ ਹੈ। ਇਸ ਲਈ ਕੇਂਦਰ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਸਿੱਖਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ।

ਬਾਕੀ ਭਾਰਤ ਦੇ ਸੂਬੇ ਜਦੋਂ ਆਪਣੀਆਂ ਮੰਗਾਂ ਲਈ ਅੰਦੋਲਨ ਕਰਦੇ ਹਨ ਤਾਂ ਇਸ ਨੂੰ ਜਮਹੂਰੀ ਪ੍ਰਕਿਰਿਆ ਕਹਿ ਕੇ ਪੁਕਾਰਿਆ ਜਾਂਦਾ ਹੈ ਪਰ ਜਦੋਂ ਸਿੱਖ ਆਪਣੇ ਵਿਧਾਨਕ ਤੇ ਧਾਰਮਕ ਹੱਕ ਹਕੂਕਾਂ ਲਈ ਕੋਈ ਹਿਲਜੁਲ ਕਰਦੇ ਹਨ ਤਾਂ ਇਨ੍ਹਾਂ ਨੂੰ ਵੱਖਵਾਦੀ ਤੇ ਅਤਿਵਾਦੀ ਕਹਿ ਕੇ ਭੰਡਿਆ ਜਾਂਦਾ ਹੈ। ਇਹੀ ਹਾਲ ਲਗਭਗ ਭਾਰਤ ਦੇ ਮੁਸਲਮਾਨ ਵੀਰਾਂ ਨਾਲ ਹੋ ਰਿਹਾ ਹੈ। ਅਫ਼ਸੋਸ ਉਸ ਸਮੇਂ ਹੁੰਦਾ ਹੈ ਕਿ ਜਿਸ ਜੰਗਜੂ ਤੇ ਦੇਸ਼ ਭਗਤ ਕੌਮ ਨੇ ਆਜ਼ਾਦੀ ਦੀ ਜੰਗ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ, ਫਾਂਸੀਆਂ ਦੇ ਰਸੇ ਚੁੰਮੇ ਹੋਣ ਤੇ ਕਾਲੇ ਪਾਣੀਆਂ ਦੀ ਗ਼ੈਰ ਮਨੁੱਖੀ ਜ਼ਿੰਦਗੀ ਕੱਟੀ ਹੋਵੇ,

ਉਸ ਕੌਮ ਨੂੰ ਗ਼ੱਦਾਰ ਤੇ ਖ਼ਾਲਿਸਤਾਨੀ ਕਹਿ ਕੇ ਨਕਾਰਿਆ ਜਾਂਦਾ ਹੈ। ਪੰਜਾਬ ਸਾਰੇ ਮੁਲਕ ਨੂੰ ਕਿਸੇ ਵੇਲੇ ਅੰਨ ਪ੍ਰਦਾਨ ਕਰਦਾ ਸੀ ਤੇ ਖਾਧ ਪਦਾਰਥਾਂ ਦਾ ਭਰਿਆ ਭੰਡਾਰ ਸੀ। ਅੱਜ ਉਹੀ ਪੰਜਾਬ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਪੰਜਾਬ ਦੇ ਪਾਣੀਆਂ ਨੂੰ ਇਸ ਦੇ ਗੁਆਂਢੀ ਸੂਬਿਆਂ ਨੂੰ ਵੰਡ ਕੇ ਪੰਜਾਬ ਦੀ ਖੇਤੀ ਨੂੰ ਉਜਾੜਿਆ ਗਿਆ। ਪੰਜਾਬ ਦੇ ਕਿਸਾਨ ਕਰਜ਼ੇ ਦੇ ਭਾਰ ਹੇਠ, ਖ਼ੁਦਕੁਸ਼ੀ ਕਰ ਰਹੇ ਹਨ। ਮਹਿੰਗਾਈ ਦੀ ਮਾਰ ਕਾਰਨ, ਕਿਸਾਨੀ ਇੱਕ ਘਾਟੇ ਵਾਲਾ ਧੰਦਾ ਬਣ ਚੁੱਕੀ ਹੈ। ਕਿਸਾਨਾਂ ਦੇ ਲੜਕੇ ਇਸ ਮੰਦਹਾਲੀ ਕਾਰਨ, ਰੋਜ਼ਗਾਰ ਦੀ ਖ਼ਾਤਰ ਵਿਦੇਸ਼ਾਂ ਵਲ ਭੱਜ ਰਹੇ ਹਨ।

ਪੰਜਾਹ ਲੱਖ ਤੋਂ ਉੱਪਰ ਪੰਜਾਬ ਸਿੱਖ, ਰੋਜ਼ਗਾਰ ਦੀ ਖ਼ਾਤਰ ਜਲਾਵਤਨ ਹੋ ਚੁੱਕੇ ਹਨ। ਜਿਹੜੇ ਵਿਦੇਸ਼ ਨਹੀਂ ਜਾ ਸਕਦੇ, ਉਹ ਗ਼ੈਰਸਮਾਜੀ ਕੰਮ ਕਰਨ ਲੱਗ ਪਏ। ਜ਼ਿਮੀਂਦਾਰਾਂ ਦੇ ਲੜਕੇ ਮਲੰਗ ਹੋ ਚੁੱਕੇ ਹਨ। ਉਹ ਅਜਕਲ ਨਸ਼ੇ ਕਰ ਰਹੇ ਹਨ ਤੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਉਨ੍ਹਾਂ ਦਾ ਇਸ ਧੰਦੇ ਵਿਚ ਘਰ-ਘਾਟ ਤੇ ਜ਼ਮੀਨ ਜਾਇਦਾਦ ਵਿਕ ਚੁੱਕੀ ਹੈ ਜਾਂ ਵਿਕਣ ਕਿਨਾਰੇ ਹੈ। ਸਾਡੇ ਸਿਆਸੀ ਆਗੂ ਤੇ ਪੁਲਿਸ ਇਸ ਧੰਦੇ ਦਾ ਪਸਾਰ ਕਰ ਕੇ, ਪੰਜਾਬ ਵਿਚ ਚੌਥਾ ਦਰਿਆ ਨਸ਼ਿਆਂ ਦਾ ਵਗਾਉਣ ਵਿਚ ਕਾਮਯਾਬ ਹੋਏ ਹਨ। ਹੁਕਮਰਾਨਾਂ ਨੂੰ ਵਧਾਈਆਂ! ਉਨ੍ਹਾਂ ਦੇ ਟੀਚੇ ਪੂਰੇ ਹੋਏ ਹਨ।

ਪੰਜਾਬ ਦੇ ਸਰਬੱਤ ਮਸਲਿਆਂ ਨੂੰ ਹੱਲ ਕਰਨ ਵਿਚ ਕੇਂਦਰ ਸਰਕਾਰ ਅੜਿੱਕੇ ਡਾਹ ਰਹੀ ਹੈ। ਪੰਜਾਬ ਦੀ ਮੌਜੂਦਾ ਖ਼ਸਤਾ ਹਾਲਤ ਨੂੰ ਪੈਦਾ ਕਰਨ ਵਿਚ 100 ਫ਼ੀ ਸਦੀ ਸਰਕਾਰਾਂ ਦਾ ਹੱਥ ਹੈ। ਭਾਰਤ ਦਾ ਮੋਹਰੀ ਸੂਬਾ ਕੇਂਦਰੀ ਦੀਆਂ ਮਾਰੂ ਨੀਤੀਆਂ ਕਾਰਨ, ਪਿਛਲੱਗ ਬਣ ਕੇ ਰਹਿ ਗਿਆ ਹੈ। ਪੰਜਾਬ ਵਿਚ ਨਸ਼ਿਆਂ ਦਾ ਜ਼ਹਿਰ ਘੋਲਣ ਵਿਚ ਕੇਂਦਰ ਦਾ ਪੂਰਾ ਹੱਥ ਹੈ। ਜੇਕਰ ਨਸ਼ਾ ਸਰਹੱਦਾਂ ਤੋਂ ਆਉਂਦਾ ਹੈ ਤਾਂ ਇਸ ਵਿਚ ਵੀ ਕੇਂਦਰ ਦੀ ਨਾਕਸ ਚੌਕਸੀ ਜ਼ਿੰਮੇਵਾਰ ਹੈ। ਜੇਕਰ ਨਸ਼ਾ ਸਰਹੱਦਾਂ ਤੋਂ ਆਉਂਦਾ ਹੈ ਤਾਂ ਇਸ ਵਿਚ ਵੀ ਕੇਂਦਰ ਦੀ ਨਾਕਾਮ ਚੌਕਸੀ ਜ਼ਿੰਮੇਵਾਰੀ ਹੈ।

ਜੇਕਰ ਚਿੱਟੇ ਦੇ ਰੂਪ ਵਿਚ ਸਿਨਥੈਟਿਕ ਨਸ਼ਾ ਪੰਜਾਬ ਵਿਚ ਹੀ ਤਿਆਰ ਹੁੰਦਾ ਹੈ ਤਾਂ ਇੱਥੋਂ ਦੀਆਂ ਸਰਕਾਰਾਂ ਕੇਂਦਰ ਦੇ ਦਬਾਅ ਅਧੀਨ ਨਸ਼ੇ ਦੇ ਵੱਡੇ-ਵੱਡੇ ਸੌਦਾਗਰ ਫੜਨ ਵਿਚ ਅਸਫਲ ਹਨ। ਇਸੇ ਲਈ ਚਿੱਟਾ ਤੇ ਬਾਕੀ ਨਸ਼ੇ ਅੱਜ ਵੀ ਧੜਾ-ਧੜ ਚੋਰ ਛਿਪੇ ਵਿਕ ਰਹੇ ਹਨ। ਵਾੜ ਹੀ ਖੇਤ ਨੂੰ ਚੱਟਮ ਕਰ ਰਹੀ ਹੈ। ਪੰਜਾਬ ਵਿਚ ਪਹਿਲਾਂ ਤਿੰਨ ਚਾਰ ਡਿਸ਼ ਹਰੀਆਂ ਸਨ, ਜੋਕਿ ਸੁੱਖ ਨਾਲ ਵੱਧ ਕੇ ਵੀਹ ਤੋਂ ਉੱਪਰ ਹੋ ਚੁੱਕੀਆਂ ਹਨ। ਇਨ੍ਹਾਂ ਦੇ ਬਹੁਤੇ ਮਾਲਕ ਸਾਡੇ ਸਿਆਸੀ ਲੋਕ ਹੀ ਹਨ। ਸ਼ਰਾਬ ਦੇ ਠੇਕੇ ਪੰਜਾਬ ਦੀ ਪਛਾਣ ਬਣ ਚੁੱਕੇ ਹਨ। ਸਾਡੀ ਸੂਬਾ ਸਰਕਾਰ ਨਾਟਕਬਾਜ਼ੀਆਂ ਨਾਲ ਸਮਾਂ ਟਪਾਅ ਰਹੀ ਹੈ।

ਕੇਂਦਰ ਸਰਕਾਰ ਦੀ ਭਿਆਨਕ ਚੁੱਪੀ ਪੰਜਾਬ ਦਾ ਘਾਣ ਕਰ ਰਹੀ ਹੈ। ਇਹ ਫ਼ਰਿਆਦ ਕਿਸ ਕੋਲ ਕਰੀਏ? ਸਿੱਖਾਂ ਦੀ ਲੀਡਰਸ਼ਿਪ ਵੀ ਗ਼ੈਰਾਂ ਦੇ ਪ੍ਰਭਾਵ ਅਧੀਨ ਕੱਛੂਕੁੰਮੇ ਦੀ ਚਾਲ ਚੱਲ ਰਹੀ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਪੰਜਾਬ ਦੀ ਤਬਾਹੀ ਸਾਡੇ ਸਮੁੱਚੇ ਮੁਲਕ ਦੀ ਤਬਾਹੀ ਦਾ ਸੰਕੇਤ ਹੈ, ਨਹੀਂ ਤਾਂ, ਜੋ ਕਿਸੇ ਵੇਲੇ ਅਲਾਮਾ ਇਕਬਾਲ ਨੇ ਹਿੰਦੁਸਤਾਨ ਬਾਰੇ ਕਿਹਾ ਸੀ, ਅੱਜ ਪੰਜਾਬ ਤੇ ਢੁੱਕ ਰਿਹਾ ਹੈ :

”ਵਤਨ ਕੀ ਫਿਕਰ ਨਾ ਨਾਦਾ,
ਮੁਸੀਬਤ ਆਨੇ ਵਾਲੀ ਹੈ,
ਤੇਰੀ ਬਰਬਾਦੀ ਕੇ ਮਸ਼ਵਰੇ ਹੈਂ ਅਸਮਾਨੋਂ ਮੇਂ।
ਨਾ ਸਮਝੋਗੇ ਤੋ ਮਿਟ ਜਾਉਗੇ ਪੰਜਾਬੀਉ,
ਤੁਮਾਰੀ ਦਾਸਤਾਂ ਤਕ ਭੀ ਨਾ ਹੋਗੀ ਦਾਸਤਾਨੋ ਮੇਂ।”

Comments

comments

Share This Post

RedditYahooBloggerMyspace