ਦਿਲਾਂ ਨੂੰ ਜੋੜਦਾ ਬੰਦ ਲਾਂਘਾ

ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ)

ਪ੍ਰੋ. ਚਮਨ ਲਾਲ

ਦੋ ਜੱਟਾਂ ਨਵਜੋਤ ਸਿੱਧੂ ਅਤੇ ਕਮਰ ਜਾਵੇਦ ਬਾਜਵਾ ਦੀ ਗਲਵੱਕੜੀ ਨੇ ਪੂਰੇ ਭਾਰਤ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਗੱਲ ਗੱਲ ‘ਤੇ ਦੂਜਿਆਂ ਦੀ ਖਿੱਲੀ ਉਡਾਉਣ ਵਾਲਿਆਂ ਨੂੰ ਚੰਗਾ ਮਸਾਲਾ ਮਿਲ ਗਿਆ। ਦਰਅਸਲ, ਇਨ੍ਹਾਂ ਦੋਵੇਂ ਉੱਘੀਆਂ ਹਸਤੀਆਂ ਵਿੱਚੋਂ ਇੱਕ ਭਾਰਤੀ ਅਤੇ ਦੂਜੀ ਪਾਕਿਸਤਾਨੀ ਹੈ। ਸਿਆਸਤ ਜੋ ਵੀ ਹੋਵੇ, ਇਸ ਘਟਨਾ ਨੇ ਲੰਮੇ ਸਮੇਂ ਤੋਂ ਲਟਕਿਆ ਆ ਰਿਹਾ ਸਮਾਜਿਕ, ਸੱਭਿਆਚਾਰਕ ਤੇ ਭਾਵਨਾਤਮਿਕ ਮੁੱਦਾ ਇੱਕ ਵਾਰ ਫਿਰ ਭਖਾ ਦਿੱਤਾ ਹੈ। ਇਹ ਮੁੱਦਾ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਮਹਿਜ਼ ਸਾਢੇ ਚਾਰ ਕਿੱਲੋਮੀਟਰ ਦੂਰ ਪਾਕਿਸਤਾਨ ਵਿੱਚ ਪੈਂਦੇ ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਤੋਂ ਪਰਤਣ ਅਤੇ ਆਪਣੇ ਸ਼ਾਗਿਰਦ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਨਾਮ ਦੇ ਕੇ ਗੁਰਗੱਦੀ ਸੌਂਪਣ ਮਗਰੋਂ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਕਰਤਾਰਪੁਰ ਵਿਖੇ ਬਿਤਾਏ। ਗੁਰੂ ਨਾਨਕ ਦੇਵ ਜੀ ਨੇ ਸ਼ਰਧਾ ਸੇਵਕੀ ਨੂੰ ਤਵੱਜੋ ਦਿੰਦਿਆਂ ਆਪਣੇ ਗਿਆਨਵਾਨ ਵਿਦਵਾਨ ਪੁੱਤਰ ਸ੍ਰੀ ਚੰਦ ਨੂੰ ਗੁਰਗੱਦੀ ਦੇ ਕਾਬਲ ਨਹੀਂ ਸੀ ਸਮਝਿਆ ਜਿਨ੍ਹਾਂ ਨੇ ਬਾਅਦ ਵਿੱਚ ਆਪਣਾ ਵੱਖਰਾ ਉਦਾਸੀ ਸੰਪਰਦਾਏ ਚਲਾਇਆ। ਬਾਬਾ ਨਾਨਕ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ਉੱਤੇ ਸੁਸ਼ੋਭਿਤ ਗੁਰਦੁਆਰਾ ਹੁਣ ਦਰਬਾਰ ਸਾਹਿਬ, ਕਰਤਾਰਪੁਰ ਵਜੋਂ ਜਾਣਿਆ ਜਾਂਦਾ ਹੈ। ਮੱਘਰ ਵਿਖੇ ਗੁਰੂ ਨਾਨਕ ਦੇ ਸਮਕਾਲੀ ਭਗਤ ਕਵੀ ਕਬੀਰ ਜੀ ਦਾ ਮਕਬਰਾ ਅਤੇ ਸਮਾਧੀ ਇਕੱਠੇ ਬਣੇ ਹੋਏ ਹਨ।ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਯਾਦ ਵਿੱਚ ਵੀ ਇੱਕੋ ਥਾਂ ਗੁਰਦੁਆਰਾ, ਸਮਾਧੀ ਅਤੇ ਮਕਬਰਾ ਬਣਿਆ ਹੋਇਆ ਹੈ ਕਿਉਂਕਿ ਤਿੰਨਾਂ ਧਾਰਮਿਕ ਅਕੀਦਿਆਂ ਦੇ ਲੋਕਾਂ ਦੀ ਉਨ੍ਹਾਂ ਦੇ ਮਾਨਵਵਾਦੀ ਫਲਸਫ਼ੇ ਪ੍ਰਤੀ ਅਥਾਹ ਸ਼ਰਧਾ ਹੈ। ਭਾਰਤ ਦੇ ਡੇਰਾ ਬਾਬਾ ਨਾਨਕ ਵਾਲੇ ਪਾਸਿਉਂ ਇਹ ਗੁਰਦੁਆਰਾ ਮਹਿਜ਼ ਸਾਢੇ ਚਾਰ ਕਿੱਲੋਮੀਟਰ ਦੂਰ ਹੈ ਜਦੋਂਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਵੱਲੋਂ ਸੌ ਕਿੱਲੋਮੀਟਰ ਤੋਂ ਵਧੇਰੇ ਦਾ ਪੰਧ ਤੈਅ ਕਰਕੇ ਉੱਥੇ ਪਹੁੰਚਣਾ ਪੈਂਦਾ ਹੈ। ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲਾ ਕੋਈ ਵੀ ਸ਼ਰਧਾਵਾਨ ਸਿੱਖ ਜਾਂ ਪੰਜਾਬੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਖੁੰਝਾਉਣਾ ਨਹੀਂ ਚਾਹੁੰਦਾ। ਨਾਨਕ ਨਾਮ ਲੇਵਾ ਸੰਗਤ ਲਈ ਇਹ ਅਸਥਾਨ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜਿੰਨਾ ਹੀ ਅਹਿਮ ਹੈ। ਫਿਰ ਵੀ ਇਹ ਵੱਡਾ ਮੁੱਦਾ ਨਹੀਂ ਬਣਿਆ ਕਿਉਂਕਿ 1965 ਜਾਂ ਸ਼ਾਇਦ 1971 ਤਕ ਅਣਅਧਿਕਾਰਤ ਰੂਪ ਵਿੱਚ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਕਰਤਾਰਪੁਰ ਜਾਣਾ ਸੁਖਾਲਾ ਸੀ, ਪਰ 1971 ਦੀ ਜੰਗ ਮਗਰੋਂ ਹਾਲਾਤ ਬਦਲ ਗਏ। ਇਹ ਹੈਰਾਨੀ ਦੀ ਗੱਲ ਹੈ ਕਿ 1961 ਵਿੱਚ ਜਦੋਂ ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਹੁਸੈਨੀਵਾਲਾ ਯਾਦਗਾਰ ਵਾਪਸ ਲੈਣ ਖ਼ਾਤਰ ਪਾਕਿਸਤਾਨ ਨਾਲ ਕੁਝ ਪਿੰਡਾਂ ਦਾ ਤਬਾਦਲਾ ਕੀਤਾ ਸੀ ਤਾਂ ਉਦੋਂ ਹੀ ਸਰਹੱਦ ਨੇੜਲੇ ਕੁਝ ਹੋਰ ਪਿੰਡਾਂ ਦਾ ਵਟਾਂਦਰਾ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਕਿਉਂ ਨਹੀਂ ਮੰਗਿਆ ਗਿਆ? ਉਂਜ ਵੀ ਪੂਰੀ ਦੁਨੀਆਂ ਦੇ ਹੋਰ ਮੁਲਕਾਂ ਦੀਆਂ ਸਰਕਾਰਾਂ ਧਾਰਮਿਕ ਅਸਥਾਨਾਂ ਦੇ ਮਾਮਲੇ ਵਿੱਚ ਉਦਾਰਵਾਦੀ ਰਵੱਈਆ ਅਪਣਾਉਂਦੀਆਂ ਹਨ, ਪਰ ਕਰਤਾਰਪੁਰ ਗੁਰਦੁਆਰਾ ਅਸਥਾਨ ਪਹਿਲਾਂ ਵੱਡਾ ਮੁੱਦਾ ਨਹੀਂ ਬਣ ਸਕਿਆ। 2000 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਫੇਰੀ ਮਗਰੋਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਇਸ ਸਰਹੱਦ ‘ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਥੋੜ੍ਹੀ ਸਹਿਮਤੀ ਬਣੀ ਸੀ। ਡੇਰਾ ਬਾਬਾ ਨਾਨਕ ਦੇ ਬਾਸ਼ਿੰਦਿਆਂ, ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਗੱਲ ਤੋਂ ਬਹੁਤ ਖ਼ੁਸ਼ੀ ਹੋਈ ਸੀ, ਪਰ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਮਗਰੋਂ ਆਈ ਕਸ਼ੀਦਗੀ ਕਾਰਨ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਗ਼ੌਰਤਲਬ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਹੁਣ ਬਦ ਤੋਂ ਬਦਤਰ ਹੋ ਚੁੱਕੇ ਹਨ।

ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ

ਸਿਆਸੀ ਤੌਰ ‘ਤੇ ਵੱਖ ਵੱਖ ਮੁਲਕਾਂ ਵਿੱਚ ਵੰਡੇ ਹੋਏ, ਪਰ ਸਾਂਝੀ ਭਾਸ਼ਾ ਅਤੇ ਸੱਭਿਆਚਾਰ ਵਾਲੇ ਲੋਕਾਂ ਦੀ ਸੱਭਿਆਚਾਰਕ ਸਾਂਝ ਦੀ ਪੇਚੀਦਗੀ ਨੂੰ ਗ਼ੈਰ-ਪੰਜਾਬੀ ਅਤੇ ਗ਼ੈਰ-ਬੰਗਾਲੀ ਲੋਕ ਨਹੀਂ ਸਮਝ ਸਕਦੇ। ਦੇਖਣ ਵਾਲੀ ਗੱਲ ਹੈ ਕਿ ਉੱਤਰੀ ਅਤੇ ਦੱਖਣੀ ਕੋਰੀਆ ਦੀ ਸਿਆਸੀ ਲੀਡਰਸ਼ਿਪ ਨੇ ਦਹਾਕਿਆਂ ਤਕ ਬਣਿਆ ਰਿਹਾ ਤਣਾਅ ਘਟਾਇਆ ਤਾਂ ਦੋਵੇਂ ਪਾਸਿਆਂ ਦੇ ਲੋਕਾਂ ਨੇ ਕਿਵੇਂ ਭਾਵਨਾਤਮਿਕ ਹੁੰਗਾਰਾ ਦਿੱਤਾ ਜਾਂ ਸੋਵੀਅਤ ਯੂਨੀਅਨ ਟੁੱਟਣ ਮਗਰੋਂ ਬਰਲਿਨ ਦੀ ਦੀਵਾਰ ਢਾਹੇ ਜਾਣ ਉੱਤੇ ਦੋਵਾਂ ਪਾਸਿਆਂ ਦੇ ਜਰਮਨ ਲੋਕਾਂ ਨੇ ਕਿੰਨੀ ਖ਼ੁਸ਼ੀ ਮਨਾਈ। ਆਰਐੱਸਐੱਸ ਦਾ ਅੰਧ-ਰਾਸ਼ਟਰਵਾਦ ਦੋਵੇਂ ਮੁਲਕਾਂ ਦੇ ਪੰਜਾਬੀਆਂ ਨੂੰ ਨਹੀਂ ਪੋਂਹਦਾ। 1947 ਦੀ ਦੇਸ਼ਵੰਡ ਸਮੇਂ ਤਕਰੀਬਨ ਦਸ ਲੱਖ ਲੋਕਾਂ ਨੂੰ ਮਾਰ ਮੁਕਾਉਣ, ਇੱਕ ਕਰੋੜ ਲੋਕਾਂ ਨੂੰ ਉਜਾੜਨ ਅਤੇ ਔਰਤਾਂ ਉੱਤੇ ਅਸਹਿ ਤੇ ਅਕਹਿ ਜ਼ੁਲਮ ਢਾਹੁਣ ਦੇ ਬਾਵਜੂਦ ਹੁਣ ਦੋਵੇਂ ਮੁਲਕਾਂ ਦੇ ਪੰਜਾਬੀ ਜਦੋਂ ਵੀ ਆਪਸ ਵਿੱਚ ਮਿਲਦੇ ਹਨ ਤਾਂ ਕੱਟੜਪੰਥੀਆਂ ਦੇ ਪ੍ਰਭਾਵ ਅਧੀਨ ਇੱਕ ਦੂਜੇ ਖ਼ਲਿਾਫ਼ ਕੀਤੇ ਅਪਰਾਧਾਂ ਉੱਤੇ ਝੂਰਦੇ ਹਨ। ਸੱਭਿਆਚਾਰਕ ਪਿਛੋਕੜ ਸਦਕਾ ਆਪਸ ਵਿੱਚ ਜੁੜੇ, ਪਰ ਸਿਆਸੀ-ਫ਼ਿਰਕੂ ਇੰਤਹਾਪਸੰਦੀ ਕਾਰਨ ਵੰਡੇ ਗਏ ਭਾਈਚਾਰਿਆਂ ਦਾ ਮਸਲਾ ਬੜਾ ਪੇਚੀਦਾ ਹੈ। ਪੰਜਾਬੀ ਲੋਕ ਭਾਵੇਂ ਭੂਗੋਲਿਕ ਤੌਰ ‘ਤੇ ਦੋ ਮੁਲਕਾਂ ਵਿੱਚ ਵੰਡੇ ਹੋਏ ਹਨ, ਪਰ ਸਾਂਝੀ ਪੰਜਾਬੀ ਰੂਹ, ਬਾਬਾ ਨਾਨਕ, ਬੁੱਲ੍ਹੇ ਸ਼ਾਹ ਅਤੇ ਭਗਤ ਸਿੰਘ ਨੂੰ ਜ਼ਮੀਨੀ ਲਕੀਰਾਂ ਨਹੀਂ ਵੰਡ ਸਕਦੀਆਂ।

ਇੱਕ ਘੁਮੱਕੜ ਵਜੋਂ ਇਤਿਹਾਸਕ ਸਮਾਰਕ ਦੇਖਣ ਦੀ ਲਲ੍ਹਕ ਦਾ ਡੰਗਿਆ ਮੈਂ ਇੱਕ ਵਾਰ ਡੇਰਾ ਬਾਬਾ ਨਾਨਕ, ਸਰਹੱਦ ਅਤੇ ਭਾਰਤ ਦੇ ਮਹਾਨ ਸ਼ਾਸਕ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਦਾ ਸਥਾਨ ਕਲਾਨੌਰ ਦੇਖਣ ਗਿਆ। ਮੈਂ ਉੱਥੋਂ ਦੇ ਲੋਕਾਂ ਦੇ ਮਨਾਂ ਵਿਚਲਾ ਰੋਹ ਮਹਿਸੂਸ ਕੀਤਾ ਜੋ ਮਹਿਜ਼ ਸਾਢੇ ਚਾਰ ਕਿੱਲੋਮੀਟਰ ਦੂਰ ਪਾਕਿਸਤਾਨ ਵਿਚਲੇ ਗੁਰਦੁਆਰਾ ਦਰਬਾਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਲੋਚਦੇ ਹਨ। ਉੱਥੇ ਜਾਣ ਵਾਲੇ ਲੋਕ ਦੂਰਬੀਨ ਰਾਹੀਂ ਇਸ ਅਸਥਾਨ ਦੇ ਦਰਸ਼ਨ ਕਰਦੇ ਅਤੇ ਵਧੀਆ ਕੈਮਰਿਆਂ ਨਾਲ ਉੱਥੋਂ ਦੀਆਂ ਤਸਵੀਰਾਂ ਖਿੱਚਦੇ ਹਨ। ਉੱਥੇ ਤਾਇਨਾਤ ਬੀਐੱਸਐੱਫ ਦੇ ਅਧਿਕਾਰੀ ਵੀ ਦਰਸ਼ਨ ਅਭਿਲਾਸ਼ੀਆਂ ਨਾਲ ਚੰਗਾ ਵਰਤਾਅ ਕਰਦੇ ਹਨ। ਅਜਿਹੇ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਇਹ ਟਿੱਪਣੀ ਬਿਲਕੁਲ ਦਰੁਸਤ ਜਾਪਦੀ ਹੈ ਕਿ ‘ਸਰਹੱਦਾਂ ਬੇਮਾਅਨੇ ਹੋ ਜਾਣੀਆਂ ਚਾਹੀਦੀਆਂ ਹਨ’। ਇਸ ਦਾ ਮਤਲਬ ਇਹ ਹੈ ਕਿ ਲੋਕ ਬਿਨਾਂ ਰੋਕ-ਟੋਕ ਸਰਹੱਦ ਦੇ ਆਰ-ਪਾਰ ਆ ਜਾ ਸਕਣ। ਇਸ ਦਿਸ਼ਾ ਵਿੱਚ ਪਹਿਲਾ ਕਦਮ ਵਧਾਉਂਦਿਆਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਾਲੀ ਸਰਹੱਦ ‘ਤੇ ਬੰਦਿਸ਼ਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਕੱਲੇ ਜਸ਼ਨਾਂ ਮੌਕੇ ਹੀ ਨਹੀਂ ਸਗੋਂ ਸਦਾ ਲਈ ਕਰਤਾਰਪੁਰ ਦਾ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਫਿਰ ਇਹ ਨੀਤੀ ਬਾਕੀ ਸਰਹੱਦਾਂ ਉੱਤੇ ਵੀ ਲਾਗੂ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਇਸ ਤਰ੍ਹਾਂ ਦੁਵੱਲਾ ਵਪਾਰ ਸ਼ੁਰੂ ਹੋਣ ਨਾਲ ਸਿਆਸੀ ਫ਼ੌਜੀ ਲੀਡਰਸ਼ਿਪ ਵੱਲੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਇੱਛਾ ਵਿਰੁੱਧ ਉਨ੍ਹਾਂ ਉੱਤੇ ਥੋਪੀ ਗਈ ਦੁਸ਼ਮਣੀ ਦੇ ਬਾਵਜੂਦ ਸੱਭਿਆਚਾਰਕ ਤੌਰ ਉੱਤੇ ਇੱਕ ਦੂਜੇ ਨਾਲ ਜੁੜੇ ਲੋਕਾਂ ਦਾ ਵਿਕਾਸ ਹੋਵੇਗਾ।

Comments

comments

Share This Post

RedditYahooBloggerMyspace