ਅੰਮ੍ਰਿਤਸਰ ਪੁਲੀਸ ਵੱਲੋਂ 11 ਮੁੰਨਾ ਭਾਈ ਗ੍ਰਿਫ਼ਤਾਰ

ਅੰਮ੍ਰਿਤਸਰ : ਚੰਡੀਗੜ੍ਹ ਦਿੱਲੀ, ਗੁਜਰਾਤ, ਹੈਦਰਾਬਾਦ ਦੇ 11 ਨੌਜਵਾਨਾਂ ਨੂੰ ਇਥੇ ਟੌਫਲ ਟੈਸਟ (ਟੈਸਟ ਆਫ ਇੰਗਲਿਸ਼ ਐਜ਼ ਏ ਫੋਰਨ ਲੈਂਗੂਏਜ) ਵਿਚ ਨਕਲ ਕਰਨ ਦੇ ਦੋਸ਼ ਹੇਠ ਪੁਲੀਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਇਸ ਪ੍ਰੀਖਿਆ ਵਾਸਤੇ ਇਥੇ ਫਤਹਿਗੜ੍ਹ ਚੂੜੀਆਂ ਰੋਡ ਸਥਿਤ ਇਕ ਨਿੱਜੀ ਸਕੂਲ ਵਿਚ ਪ੍ਰੀਖਿਆ ਕੇਂਦਰ ਬਣਿਆ ਸੀ। ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਪੁਲੀਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਵਿਪੁਲ ਸ਼ਰਮਾ ਚੰਡੀਗੜ੍ਹ, ਲੋਕੇਸ਼ ਦਿੱਲੀ, ਪ੍ਰਤਾਪ ਸਿੰਘ ਨਾਗਪੁਰ, ਕੁੰਜਨ ਕਟਵਾਲ ਗੁਜਰਾਤ, ਤਰੁਣ ਹੈਦਰਾਬਾਦ, ਸਾਹਿਲ ਮਹਿਤਾ ਚੰਡੀਗੜ੍ਹ, ਅਸ਼ਵਿਨ ਦੇਸ਼ਮੁਖ ਦਿਲੀ, ਨਿਤਨ ਗੁਪਤਾ ਬੰਗਲੌਰ, ਸੁਸ਼ਾਂਤ ਪਾਰਖੇ ਗੁਜਰਾਤ ਵਜੋਂ ਹੋਈ ਹੈ। ਸ਼ਿਕਾਇਤ ਕਰਤਾ ਸੁਨੀਲ ਭਾਰਦਵਾਜ, ਜੋ ਸਕੂਲ ਵਿਚ ਕੰਪਿਊਟਰ ਵਿਭਾਗ ਦੇ ਮੁਖੀ ਹਨ, ਨੇ ਦਸਿਆ ਕਿ ਟੌਫਲ ਟੈਸਟ ਯੂਐਸਏ ਦੀ ਐਜੂਕੇਸ਼ਨ ਟਰੇਨਿੰਗ ਸਰਵਿਸ ਸੰਸਥਾ ਵਲੋਂ ਲਿਆ ਗਿਆ ਸੀ। ਪ੍ਰੀਖਿਆ ਵਿਚ 38 ਉਮੀਦਵਾਰਾਂ ਨੇ ਪ੍ਰੀਖਿਆ ਦੇਣੀ ਸੀ ਪਰ 31 ਉਮੀਦਵਾਰ ਪੁੱਜੇ ਸਨ। ਆਮ ਜਾਂਚ ਮਗਰੋਂ ਸਾਰਿਆਂ ਨੂੰ ਪ੍ਰੀਖਿਆ ਦੇਣ ਵਾਸਤੇ ਪ੍ਰੀਖਿਆ ਕੇਂਦਰ ਵਿਚ ਬਿਠਾ ਦਿੱਤਾ ਗਿਆ। ਇਸ ਦੌਰਾਨ ਉਸ ਨੂੰ ਇਕ ਵਿਦਿਆਰਥੀ ਤੇ ਸ਼ੱਕ ਹੋਇਆ। ਪਾਸਪੋਰਟ ’ਤੇ ਉਸ ਦਾ ਨਾਂ ਗੁਰਵਿੰਦਰ ਸਿੰਘ ਸਿਰਸਾ ਸੀ ਪਰ ਜਦੋਂ ਉਸ ਨੂੰ ਆਪਣੀ ਸ਼ਨਾਖਤ ਲਈ ਹੋਰ ਸਬੂਤ ਦੇਣ ਵਾਸਤੇ ਆਖਿਆ ਤਾਂ ਉਹ ਪ੍ਰੀਖਿਆ ਕੇਂਦਰ ਛੱਡ ਕੇ ਚਲਾ ਗਿਆ। ਇਸ ਦੌਰਾਨ ਕੀਤੀ ਜਾਂਚ ਦੌਰਾਨ ਹੋਰ ਉਮੀਦਵਾਰ ਵੀ ਜਾਅਲੀ ਪਾਏ ਗਏ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਪੁਲੀਸ ਵਲੋਂ ਉਸ ਏਜੰਟ ਦੀ ਸ਼ਨਾਖਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਥਾਂ ਤੇ ਕਿਸੇ ਹੋਰ ਨੂੰ ਪ੍ਰੀਖਿਆ ਦੇਣ ਵਾਸਤੇ ਭੇਜਣ ਲਈ ਇਹ ਸਭ ਕੁਝ ਕੀਤਾ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਸ ਪਿਛੇ ਸਾਜ਼ਿਸ਼ ਹੋ ਸਕਦੀ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਈਲੈਟ ਦੀ ਪ੍ਰੀਖਿਆ ਦੌਰਾਨ ਵੀ ਅਸਲ ਵਿਦਿਆਰਥੀਆਂ ਦੀ ਥਾਂ ’ਤੇ ਹੋਰਨਾਂ ਨੂੰ ਪ੍ਰੀਖਿਆ ਦਿੰਦੇ ਕਾਬੂ ਕੀਤਾ ਜਾ ਚੁੱਕਾ ਹੈ।

Comments

comments

Share This Post

RedditYahooBloggerMyspace