ਆਸਟਰੇਲੀਅਨ ਸਿੱਖ ਖੇਡਾਂ ਲਈ ਵਿਕਟੋਰੀਆ ਸਰਕਾਰ ਵਲੋਂ 1 ਲੱਖ ਡਾਲਰ ਦੀ ਮਦਦ ਦਾ ਐਲਾਨ

ਮੈਲਬਰਨ : ਇਥੇ ਅਗਲੇ ਸਾਲ ਹੋਣ ਵਾਲੀਆਂ 32ਵੀਆਂ ਆਸਟਰੇਲੀਅਨ ਸਿੱਖ ਖੇਡਾਂ ਲਈ ਵਿਕਟੋਰੀਆ ਸਰਕਾਰ ਨੇ ਇੱਕ ਲੱਖ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਵਿਕਟੋਰੀਆ ਸੂਬੇ ਦੇ ਖੇਡ ਮੰਤਰੀ ਜੌਹਨ ਏਰਨ ਨੇ ਸਰਕਾਰ ਦੀ ਇਸ ਮਦਦ ਦਾ ਐਲਾਨ ਕਰਦਿਆਂ ਕਿਹਾ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵੀਧੀਆਂ ਸੂਬੇ ਦੇ ਨਰੋਏ ਸਮਾਜਿਕ ਤਾਣੇਬਾਣੇ ਦਾ ਅਹਿਮ ਹਿੱਸਾ ਹਨ ਅਤੇ ਸਰਕਾਰ ਇਸ ਪਾਸੇ ਖਾਸ ਧਿਆਨ ਰੱਖਣ ਲਈ ਵਚਨਬੱਧ ਹੈ ਇਸ ਮੌਕੇ ਸਥਾਨਕ ਕੌਂਸਲ ਨੇ ਵੀ ਪੰਜਾਹ ਹਜ਼ਾਰ ਡਾਲਰ ਦੇ ਸਹਿਯੋਗ ਦਾ ਐਲਾਨ ਕੀਤਾ।

ਸਿੱਖ ਖੇਡਾਂ ਦੀ ਕੌਮੀ ਕਮੇਟੀ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਸੂਬਾਈ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

19 ਤੋਂ 21 ਅਪ੍ਰੈਲ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦੀ ਸੂਬਾਈ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਸ੍ਰ ਸਤਨਾਮ ਸਿੰਘ ਪਾਬਲਾ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਸਾਲ ਸ਼ਹਿਰ ਦੇ ਦੱਖਣ ਸਥਿਤ ਕੈਸੇ ਸਟੇਡੀਅਮ ‘ਚ ਕਰਵਾਏ ਜਾ ਰਹੇ ਮੁਕਾਬਲਿਆਂ ‘ਚ ਵੱਖ-ਵੱਖ ਖੇਡ ਵੰਨਗੀਆਂ ‘ਚ ਹਰ ਸਾਲ ਦੀ ਤਰ੍ਹਾਂ ਕੌਮੀ ਅਤੇ ਅੰਤਰਾਸ਼ਟਰੀ ਟੀਮਾਂ ਹਿੱਸਾ ਲੈਣਗੀਆਂ। ਸਿੱਖ ਫ਼ੋਰਮ ਤਹਿਤ ਵੱਖ ਵੱਖ ਬੁਲਾਰੇ ਅਤੇ ਬੁੱਧੀਜੀਵੀ ਹਿੱਸਾ ਲੈਣਗੇ। ਦਰਸ਼ਕਾਂ ਦੀ ਵੱਡੀ ਗਿਣਤੀ ‘ਚ ਸ਼ਮੂਲੀਅਤ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਜਿੰਨ੍ਹਾਂ ਲਈ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਾ ਸਹਿਯੋਗ ਰਿਹਾ ਹੈ।

ਅੱਜ ਦੇ ਸਰਕਾਰੀ ਐਲਾਨ ਮੌਕੇ ਹੋਈ ਇੱਕਤਰਤਾ ‘ਚ ਪ੍ਰਧਾਨ ਦਲਵਿੰਦਰ ਗਰਚਾ ਤੋਂ ਇਲਾਵਾ ਹਰਭਜਨ ਸਿੰਘ ਖਹਿਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Comments

comments

Share This Post

RedditYahooBloggerMyspace