ਕੁਲਸੂਮ ਨੂੰ ਸਪੁਰਦੇ ਖ਼ਾਕ ਕਰਨ ਲਈ ਸ਼ਰੀਫ਼ ਨੂੰ ਤਿੰਨ ਦਿਨਾਂ ਦੀ ਪੈਰੋਲ


ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਲੋਕਾਂ ਨੂੰ ਮਿਲਦੇ ਹੋਏ।

ਇਸਲਾਮਾਬਾਦ : ਬੇਗਮ ਕੁਲਸੂਮ ਨਵਾਜ਼ ਦੇ ਜਨਾਜ਼ੇ ’ਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਤਿੰਨ ਦਿਨਾਂ ਲਈ ਪੈਰੋਲ ਮਿਲ ਗਈ ਹੈ। ਉਧਰ ਭਰਜਾਈ ਦੀ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਬੁੱਧਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਕੁਲਸੂਮ ਦੀ ਮੌਤ ਬਾਰੇ ਸੂਚਨਾ ਦੇ ਕੁਝ ਦੇਰ ਬਾਅਦ ਹੀ ਨਵਾਜ਼, ਮਰੀਅਮ ਅਤੇ ਸਫ਼ਦਰ ਨੂੰ ਅਦਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਜੱਦੀ ਪਿੰਡ ਜਾਤੀ ਉਮਰਾ ਪਹੁੰਚ ਗਏ ਹਨ।

ਪਹਿਲਾਂ ਉਨ੍ਹਾਂ ਨੂੰ 12 ਘੰਟਿਆਂ ਦੀ ਪੈਰੋਲ ਮਿਲੀ ਸੀ ਪਰ ਸ਼ਰੀਫ਼ ਪਰਿਵਾਰ ਨੇ ਪੰਜ ਦਿਨਾਂ ਦੀ ਪੈਰੋਲ ਦੇਣ ਦੀ ਬੇਨਤੀ ਕੀਤੀ ਸੀ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਦੇ ਤਰਜਮਾਨ ਮੁਤਾਬਕ ਉਨ੍ਹਾਂ ਨੂੰ ਤਿੰਨ ਦਿਨ ਦੀ ਪੈਰੋਲ ’ਤੇ ਛੱਡਿਆ ਗਿਆ ਹੈ ਅਤੇ ਇਹ ਸ਼ਨਿਚਰਵਾਰ ਰਾਤ ਨੂੰ ਖ਼ਤਮ ਹੋਵੇਗੀ। ਉਸ ਨੇ ਕਿਹਾ ਕਿ ਜੇਕਰ ਬੇਗਮ ਕੁਲਸੂਮ ਨੂੰ ਸਪੁਰਦੇ ਖਾਕ ਕਰਨ ’ਚ ਕੋਈ ਦੇਰੀ ਹੋਈ ਤਾਂ ਪੈਰੋਲ ਨੂੰ ਵਧਾਇਆ ਵੀ ਜਾ ਸਕਦਾ ਹੈ। ਤਰਜਮਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸ਼ਰੀਫ਼ ਦੇ ਜੱਦੀ ਪਿੰਡ ਨੂੰ ਸਬ ਜੇਲ੍ਹ ਐਲਾਨਿਆ ਗਿਆ ਹੈ।

ਜਾਣਕਾਰੀ ਮੁਤਾਬਕ ਕੁਲਸੂਮ ਨੂੰ ਸ਼ੁੱਕਰਵਾਰ ਨੂੰ ਸਪੁਰਦੇ ਖ਼ਾਕ ਕੀਤਾ ਜਾਵੇਗਾ। ਉਸ ਲਈ ਵੀਰਵਾਰ ਨੂੰ ਲੰਡਨ ਦੇ ਰੀਜੈਂਟ ਪਾਰਕ ਮਸਜਿਦ ’ਚ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ ਅਤੇ ਫਿਰ ਕਾਨੂੰਨੀ ਕਾਰਵਾਈ ਮਗਰੋਂ ਉਨ੍ਹਾਂ ਦੀ ਦੇਹ ਲਾਹੌਰ ਲਈ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਕੁਲਸੂਮ ਨਵਾਜ਼ ਦਾ ਲੰਡਨ ਦੇ ਹਸਪਤਾਲ ’ਚ ਮੰਗਲਵਾਰ ਨੂੰ ਕੈਂਸਰ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ।

Comments

comments

Share This Post

RedditYahooBloggerMyspace