ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਮੌੜ ਮੰਡੀ : ਪਿੰਡ ਰਾਮਨਗਰ ਵਿੱਚ ਅੱਜ ਨਿੱਤਨੇਮ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਇੱਕ ਔਰਤ ਨੂੰ ਗੁਟਕਾ ਸਾਹਿਬ ਦੇ ਪੱਤਰੇ ਖਿੱਲਰੇ ਹੋਏ ਮਿਲੇ ਹਨ। ਘਟਨਾ ਦਾ ਪਤਾ ਲੱਗਦੇ ਸਾਰ ਪੁਲੀਸ ਮੌਕੇ ’ਤੇ ਪੁੱਜ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਜਾਣ ਵਾਲੀ ਇਕ ਬੀਬੀ ਨੂੰ ਗਲੀ ਵਿਚੋਂ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਦਿਖਾਈ ਦਿੱਤੇ। ਉਕਤ ਔਰਤ ਨੇ ਪਵਿੱਤਰ ਅੰਗ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਲਿਆਂਦੇ ਅਤੇ ਬੇਅਦਬੀ ਦੀ ਸੂਚਨਾ ਗੁਰੂ ਘਰ ਦੇ ਸਪੀਕਰ ਰਾਹੀਂ ਪਿੰਡ ਵਾਸੀਆਂ ਨੂੰ ਦਿੱਤੀ। ਇਸ ਤੋਂ ਬਾਅਦ ਐੱਸਐੱਚਓ ਦਲਬੀਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਪੁਨੀਤ ਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਇਸੇ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ, ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਜਾਬ ਗਤਕਾ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਅਤੇ ਗੁਰਚਰਨ ਸਿੰਘ ਕੋਟਲੀ ਆਦਿ ਪੰਥਕ ਆਗੂਆਂ ਨੇ ਪੁੱਜ ਕੇ ਘਟਨਾ ਦਾ ਜ਼ਾਇਜ਼ਾ ਲਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਗੁਟਕਾ ਸਾਹਿਬ ਦੇ ਪਾੜੇ ਗਏ ਅੰਗਾਂ ਨੂੰ ਉੱਦੋਂ ਤੱਕ ਅੰਤਿਮ ਸੰਸਕਾਰ ਲਈ ਗੋਇੰਦਵਾਲ ਨਹੀਂ ਭੇਜਿਆ ਜਾਵੇਗਾ ਜਦੋਂ ਤੱਕ ਬੇਅਦਬੀ ਘਟਨਾ ਦੇ ਦੋਸ਼ੀ ਸਾਹਮਣੇ ਨਹੀਂ ਲਿਆਂਦੇ ਜਾਂਦੇ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਬੇਅਦਬੀ ਦੀ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜਨਮੇਜਾ ਸਿੰਘ ਸੇਖੋਂ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਨਾ ਪਹੁੰਚਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਅਧਿਕਾਰੀ ਜਾਂ ਮੈਂਬਰ ਦੇ ਨਾ ਪੁੱਜਣ ਕਾਰਨ ਸੰਗਤ ਵਿੱਚ ਰੋਸ ਸੀ।

ਸ੍ਰੀ ਗੋਇੰਦਵਾਲ ਸਾਹਿਬ : ਪਿੰਡ ਕੋਟਲੀ ਸਰੂ ਖਾਂ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ 8 ਸਾਲਾ ਮੰਦਬੁੱਧੀ ਬੱਚੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੇ ਸੋਮਵਾਰ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲੀਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਜਦੋਂ ਬੇਅਦਬੀ ਦੀ ਘਟਨਾ ਵਿੱਚ ਇਕ ਮੰਦਬੁੱਧੀ ਬੱਚੀ ਦਾ ਨਾਮ ਬੋਲਿਆ ਤਾਂ ਪਿੰਡ ਵਾਸੀ ਉਸ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਰਾਜ਼ੀ ਨਾ ਹੋਏ। ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਜਦੋਂ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਪਤਾ ਲੱਗਾ ਕਿ ਉਸ ਵਿੱਚ ਪਿੰਡ ਦੀ ਮੰਦਬੁੱਧੀ ਬੱਚੀ ਨਜ਼ਰ ਆ ਰਹੀ ਸੀ। ਗ੍ਰੰਥੀ ਬਲਦੇਵ ਸਿੰਘ ਅਨੁਸਾਰ ਪਿੰਡ ਵਾਸੀਆਂ ਨੇ ਸਾਰੀ ਘਟਨਾ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਚੀ ਮੰਦਬੁੱਧੀ ਹੋਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਥਾਣਾ ਮੁਖੀ ਗੁਰਮਿੰਦਰ ਸਿੰਘ ਨੇ ਕਿਹਾ ਕਿ ਮੰਦਬੁੱਧੀ ਬੱਚੀ ਦੁਆਰਾ ਬੇਅਦਬੀ ਕੀਤੀ ਗਈ ਹੈ, ਜਿਸ ਵਿੱਚ ਉਸ ਦਾ ਕੋਈ ਗਲਤ ਇਰਾਦਾ ਨਹੀਂ ਜਾਪਦਾ ਪਰ ਫਿਰ ਵੀ ਮਾਮਲੇ ਦੀ ਘੋਖ ਕੀਤੀ ਜਾ ਰਹੀ ਹੈ।

ਬਠਿੰਡਾ ਪੁਲੀਸ ਨੇ ਦੋ ਘੰਟਿਆਂ ਵਿੱਚ ਸੁਲਝਾਇਆ ਬੇਅਦਬੀ ਮਾਮਲਾ
ਬਠਿੰਡਾ : ਬਠਿੰਡਾ ਪੁਲੀਸ ਨੇ ਅੱਜ ਪਿੰਡ ਰਾਮਨਗਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਦੋ ਘੰਟਿਆਂ ਵਿੱਚ ਸੁਲਝਾ ਲਿਆ। ਜਦੋਂ ਪਿੰਡ ਰਾਮਨਗਰ ਦੀ ਇੱਕ ਗਲੀ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਜਾਣ ਦੀ ਘਟਨਾ ਦਾ ਸਵੇਰ ਵਕਤ ਪਤਾ ਲੱਗਿਆ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬਠਿੰਡਾ ਰੇਂਜ ਦੇ ਆਈਜੀ ਐੱਮਐੱਫ ਫਾਰੂਕੀ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਸ਼ਾਮ ਵਕਤ ਪ੍ਰੈੱਸ ਕਾਨਫ਼ਰੰਸ ਕਰਕੇ ਮਾਮਲੇ ਨੂੰ ਸੁਲਝਾਏ ਜਾਣ ਦਾ ਖ਼ੁਲਾਸਾ ਕੀਤਾ। ਵੇਰਵਿਆਂ ਅਨੁਸਾਰ ਪਿੰਡ ਰਾਮਨਗਰ ਵਿੱਚ ਅੱਜ ਸਵੇਰ ਵਕਤ ਅੰਮ੍ਰਿਤਧਾਰੀ ਸੁਖਦੇਵ ਸਿੰਘ ਦੇ ਘਰ ਲਾਗੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਮਿਲੇ ਸਨ, ਜਿਨ੍ਹਾਂ ਨੂੰ ਪਿੰਡ ਦੀ ਔਰਤ ਤਲਵਿੰਦਰ ਕੌਰ ਨੇ ਗੁਰੂ ਘਰ ਜਾਣ ਸਮੇਂ ਦੇਖਿਆ। ਆਈ.ਜੀ ਫਾਰੂਕੀ ਅਨੁਸਾਰ ਜਦੋਂ ਪੁਲੀਸ ਨੂੰ ਸੁਖਦੇਵ ਸਿੰਘ ਦੀ ਗਤੀਵਿਧੀ ਸ਼ੱਕੀ ਜਾਪੀ ਤਾਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਜਿੱਥੇ ਘਰ ਦੀ ਛੱਤ ’ਤੇ ਕੁਝ ਅੰਗ ਖਿੱਲਰੇ ਹੋਏ ਮਿਲੇ। ਪੁਲੀਸ ਅਫ਼ਸਰਾਂ ਨੇ ਜਦੋਂ ਸੁਖਦੇਵ ਸਿੰਘ ਤੋਂ ਪੁੱਛਗਿੱਛ ਤਾਂ ਉਸ ਨੇ ਬੇਅਦਬੀ ਮਾਮਲੇ ਬਾਰੇ ਸਾਰੀ ਕਹਾਣੀ ਦੱਸ ਦਿੱਤੀ। ਪੁਲੀਸ ਅਫ਼ਸਰਾਂ ਅਨੁਸਾਰ ਸੁਖਦੇਵ ਸਿੰਘ ਦੇ ਘਰ ਉਸ ਦੀ 14 ਵਰ੍ਹਿਆਂ ਦੀ ਮੰਦਬੁੱਧੀ ਦੋਹਤੀ ਰਮਨਦੀਪ ਕੌਰ ਰਹਿੰਦੀ ਹੈ ਜੋ ਨੌਵੀਂ ਕਲਾਸ ਵਿਚ ਪੜ੍ਹਦੀ ਹੈ। ਜਦੋਂ ਸੁਖਦੇਵ ਸਿੰਘ ਸਵੇਰ ਵਕਤ ਗੁਰੂ ਘਰ ਚਲਾ ਗਿਆ ਤਾਂ ਮਗਰੋਂ ਉਸ ਦੀ ਦੋਹਤੀ ਨੇ ਅਣਜਾਣੇ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਅਤੇ ਉੱਪਰੋਂ ਚੁਬਾਰੇ ਚੋਂ ਹੀ ਗਲੀ ਵਿੱਚ ਅੰਗ ਖਿਲਾਰ ਦਿੱਤੇ।

Comments

comments

Share This Post

RedditYahooBloggerMyspace