ਪਰਿਵਾਰ ਦੇ ਸਾਹਮਣੇ ਪ੍ਰੇਮੀ ਜੋੜੇ ਨੇ ਜ਼ਹਿਰ ਨਿਗਲਿਆ

ਲੁਧਿਆਣਾ : ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਸਾਹਮਣੇ ਮੰਗਲਵਾਰ ਨੂੰ ਪ੍ਰੇਮੀ ਜੋੜੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਾਹਮਣੇ ਹੀ ਸਲਫਾਸ ਦੀਆਂ ਗ਼ੋਲੀਆਂ ਨਿਗਲ ਲਈਆਂ। ਦੋਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਵਿਗੜਦੀ ਹਾਲਤ ਦੇਖ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮੁੱਲਾਂਪੁਰ ਵਾਸੀ ਜਤਿੰਦਰੀ (36) ਤੇ ਜਵੱਦੀ ਵਾਸੀ ਅਰਜੁਨ (21) ਵਜੋਂ ਹੋਈ ਹੈ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਜਤਿੰਦਰੀ ਵਿਆਹੀ ਹੋਈ ਸੀ ਅਤੇ ਉਸ ਦੇ ਤਿੰਨ ਬੱਚੇ ਹਨ ਜਦੋਂ ਕਿ ਅਰਜੁਨ ਨਗਰ ਨਿਗਮ ’ਚ ਚੌਥਾ ਦਰਜਾ ਮੁਲਾਜ਼ਮ ਵਜੋਂ ਤਾਇਨਾਤ ਸੀ। ਦੋਵਾਂ ’ਚ ਕਾਫ਼ੀ ਸਮੇਂ ਤੋਂ ਪ੍ਰੇਮ ਸਬੰਧ ਸਨ ਅਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਸੀ। ਦੋਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਵੱਖ ਹੋਣ ਲਈ ਕਹਿੰਦੇ ਸਨ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਤਿੰਨ ਬੱਚਿਆਂ ਦੀ ਮਾਂ ਤੇ ਉਮਰ ’ਚ ਵੱਡੀ ਹੋਣ ਕਾਰਨ ਅਰਜੁਨ ਦੇ ਪਰਿਵਾਰ ਵਾਲੇ ਮਨ੍ਹਾਂ ਕਰਦੇ ਸਨ। ਜਤਿੰਦਰੀ ਦੇ ਪਰਿਵਾਰ ਵਾਲੇ ਨਹੀਂ ਮੰਨ ਰਹੇ ਸਨ। ਪਰਿਵਾਰ ਦੇ ਕਹਿਣੇ ਤੋਂ ਬਾਹਰ ਜਾ ਕੇ ਦੋਵੇਂ 22 ਅਗਸਤ ਨੂੰ ਬਿਨਾਂ ਦੱਸੇ ਘਰੋਂ ਫ਼ਰਾਰ ਹੋ ਗਏ ਸਨ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ। ਦੋਹਾਂ ਦੀ ਕਾਫ਼ੀ ਦਿਨਾਂ ਤੋਂ ਭਾਲ ਚੱਲ ਰਹੀ ਸੀ। ਦੋਵੇਂ ਪਰਿਵਾਰ ਵਾਲਿਆਂ ਨੇ ਆਪਸ ’ਚ ਗੱਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਮੀਟਿੰਗ ਰੱਖੀ ਸੀ ਜਿੱਥੇ ਜਤਿੰਦਰੀ ਤੇ ਅਰਜੁਨ ਵੀ ਪੁੱਜ ਰਹੇ ਸਨ। ਦੋਹਾਂ ਦੇ ਪਰਿਵਾਰ ਵਾਲੇ ਜਦੋਂ ਉਨ੍ਹਾਂ ਨੂੰ ਵੱਖ ਕਰਨ ਦੀ ਗੱਲ ਕਰ ਰਹੇ ਸਨ ਤਾਂ ਅਚਾਨਕ ਦੋਹਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਦੋਵੇਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

Comments

comments

Share This Post

RedditYahooBloggerMyspace