ਮੰਡ ਨੇ ਪੰਥਕ ਆਗੂਆਂ ਦੀ ਅਪੀਲ ਠੁਕਰਾਈ

ਬਠਿੰਡਾ : ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ।

ਜਥੇਦਾਰ ਮੰਡ ਨੇ ਅੱਜ ਪੰਥਕ ਧਿਰਾਂ ਵੱਲੋਂ ਮੋਰਚਾ ਸਮਾਪਤ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਕਰਕੇ ਪੰਥਕ ਆਗੂ ਵੀ ਹੁਣ ਮੋਰਚੇ ਵਿੱਚ ਮੁੜ ਡਟ ਗਏ ਹਨ। ਮੁਤਵਾਜ਼ੀ ਜਥੇਦਾਰ ਮੰਡ ਨੇ ਸਪਸ਼ਟ ਆਖਿਆ ਕਿ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਪੁੱਜ ਕੇ ਸਭ ਮੰਗਾਂ ਮੰਨੇ ਜਾਣ ਦਾ ਐਲਾਨ ਕਰਨਾ ਹੀ ਪੈਣਾ ਹੈ। ਵੇਰਵਿਆਂ ਅਨੁਸਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਮੁਤਵਾਜ਼ੀ ਜਥੇਦਾਰ ਮੰਡ ਨਾਲ ਮੀਟਿੰਗ ਕੀਤੀ। ਸੂਤਰ ਦੱਸਦੇ ਹਨ ਕਿ ਪੰਥਕ ਆਗੂਆਂ ਨੇ ਲਏ ਫ਼ੈਸਲੇ ਤੋਂ ਜਾਣੂ ਕਰਾਇਆ ਪਰ ਜਥੇਦਾਰ ਮੰਡ ਨੇ ਸਭ ਮੰਗਾਂ ਮੰਨੇ ਜਾਣ ਮਗਰੋਂ ਹੀ ਮੋਰਚਾ ਸਮਾਪਤ ਕਰਨ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਪੰਥਕ ਆਗੂਆਂ ਨੇ ਬੀਤੇ ਕੱਲ੍ਹ ਬਠਿੰਡਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਸੀ ਕਿ ਸਰਕਾਰ ਨੇ ਸਭ ਮੰਗਾਂ ਮੰਨ ਲਈਆਂ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਧਾਰਾ 161 ਤਹਿਤ ਕੇਸ ਬਣਾਏ ਜਾਣ ਲਈ ਆਖਿਆ ਜਾਵੇਗਾ।

ਆਗੂਆਂ ਦਾ ਕਹਿਣਾ ਸੀ ਕਿ ਉਹ ਜਥੇਦਾਰ ਮੰਡ ਨੂੰ ਮੋਰਚਾ ਸਮਾਪਤ ਕਰਨ ਲਈ ਅਪੀਲ ਕਰਨਗੇ। ਮੁਤਵਾਜ਼ੀ ਜਥੇਦਾਰ ਮੰਡ ਦਾ ਕਹਿਣਾ ਸੀ ਕਿ ਪੰਥਕ ਆਗੂਆਂ ਦੀ ਭਾਵਨਾ ਮਾੜੀ ਨਹੀਂ ਸੀ ਅਤੇ ਨਾ ਹੀ ਉਹ ਮੋਰਚਾ ਸਮਾਪਤ ਕਰਾਉਣ ਦੀ ਭਾਵਨਾ ਰੱਖਦੇ ਸਨ ਬਲਕਿ ਪੰਥਕ ਧਿਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਖ਼ੁਦ ਆਖ ਚੁੱਕੇ ਹਨ ਕਿ ਬਰਗਾੜੀ ਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡੀਜੀਪੀ ਸ਼ਾਮਲ ਸਨ।

ਪਤਾ ਲੱਗਾ ਹੈ ਕਿ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਇਨਸਾਫ਼ ਮੋਰਚਾ ਸਮਾਪਤ ਕਰਨ ਦੇ ਹੱਕ ਵਿੱਚ ਨਹੀਂ ਸਨ ਅਤੇ ਇਸੇ ਕਰਕੇ ਉਹ ਬੀਤੇ ਕੱਲ੍ਹ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਵੀ ਉਹ ਸ਼ਾਮਲ ਨਹੀਂ ਹੋਏ ਸਨ। ਅੱਜ ਜਥੇਦਾਰ ਮੰਡ ਵੱਲੋਂ ਪੰਥਕ ਆਗੂਆਂ ਦੀ ਗੱਲ ਨਾ ਮੰਨਣ ਮਗਰੋਂ ਕੈਪਟਨ ਸਰਕਾਰ ਮੁੜ ਸੰਕਟ ਵਿਚ ਘਿਰ ਗਈ ਹੈ। ਮੁਤਵਾਜ਼ੀ ਜਥੇਦਾਰ ਮੰਡ ਇਸ ਮਾਮਲੇ ‘ਤੇ ਪੂਰਨ ਸਟੈਂਡ ਲੈ ਗਏ ਹਨ, ਜਿਸ ਕਰਕੇ ਸਰਕਾਰ ਨੂੰ ਹੁਣ ਇਸ ਮਾਮਲੇ ’ਤੇ ਕੋਈ ਨਾ ਕੋਈ ਹੱਲ ਕੱਢਣਾ ਪਵੇਗਾ। ਮੰਡ ਦੇ ਸਟੈਂਡ ਮਗਰੋਂ ਪੰਥਕ ਆਗੂਆਂ ਨੂੰ ਵੀ ਮੋੜਾ ਕੱਟਣਾ ਪਿਆ ਹੈ। ਹੁਣ ਸਾਫ਼ ਹੋ ਗਿਆ ਹੈ ਕਿ ਬਰਗਾੜੀ ਮੋਰਚਾ ਜਾਰੀ ਰਹੇਗਾ।

Comments

comments

Share This Post

RedditYahooBloggerMyspace