ਅਕਾਲੀ ਦਲ ਨੂੰ ਮਿਲੀ ਰੈਲੀ ਦੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਐਤਵਾਰ ਨੂੰ ਫ਼ਰੀਦਕੋਟ ਵਿੱਚ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਮਾਮਲੇ ’ਤੇ ਅੱਜ ਦਿਨ ਭਰ ਅਕਾਲੀ ਦਲ ਤੇ ਸਰਕਾਰ ਦਰਮਿਆਨ ਕਾਨੂੰਨੀ ਲੜਾਈ ਚੱਲਦੀ ਰਹੀ। ਹਾਈ ਕੋਰਟ ਨੇ ਦੇਰ ਰਾਤ ਦੂਜੀ ਵਾਰ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਰੈਲੀ ਦੀ ਇਜਾਜ਼ਤ ਦੇਣ ਵਾਲੇ ਆਪਣੇ ਪਹਿਲੇ ਫ਼ੈਸਲੇ ਨੂੰ ਤਾਂ ਬਰਕਰਾਰ ਰੱਖਿਆ ਪਰ ਰੈਲੀ ਵਿੱਚ ਜਾਣ ਵਾਲੇ ਲੋਕਾਂ ਲਈ ਰੂਟ ਬਦਲ ਦਿੱਤੇ ਹਨ ਤਾਂ ਕਿ ਉਨ੍ਹਾਂ ਦਾ ਟਕਰਾਅ ਦੇ ਖਦਸ਼ੇ ਵਾਲੇ ਸਥਾਨ ਬਰਗਾੜੀ ਤੋਂ ਲੰਘਣਾ ਰੋਕਿਆ ਜਾ ਸਕੇ।

ਪਹਿਲਾਂ ਦਿਨ ਵੇਲੇ ਹਾਈ ਕੋਰਟ ਦੇ ਜਸਟਿਸ ਆਰ.ਕੇ. ਜੈਨ ਦੇ ਸਿੰਗਲ ਬੈਂਚ ਨੇ ਕਰੀਬ ਡੇਢ ਘੰਟਾ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ। ਬੈਂਚ ਨੇ ਇਸ ਸਬੰਧੀ ਜਵਾਬ ਦੇਣ ਲਈ ਰਾਜ ਸਰਕਾਰ ਨੂੰ 17 ਸਤੰਬਰ ਲਈ ਨੋਟਿਸ ਜਾਰੀ ਕਰਦਿਆਂ ਨਾਲ ਹੀ ਹਦਾਇਤ ਕੀਤੀ ਕਿ ਰੈਲੀ ਲਈ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਥੇ ਕੋਈ ਮਾੜੀ ਘਟਨਾ ਨਾ ਵਾਪਰੇ। ਇਸ ਤੋਂ ਬਾਅਦ ਪੰਜਾਬ ਸਰਕਾਰ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਪੁੱਜ ਗਈ ਪਰ ਡਿਵੀਜ਼ਨ ਬੈਂਚ ਨੇ ਸਰਕਾਰ ਨੂੰ ਇਸ ਸਬੰਧੀ ਸਿੰਗਲ ਬੈਂਚ ਕੋਲ ਹੀ ਜਾਣ ਲਈ ਆਖਿਆ। ਸਿੰਗਲ ਬੈਂਚ ਨੇ ਦੇਰ ਰਾਤ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਪਹਿਲਾ ਫ਼ੈਸਲਾ ਬਰਕਾਰ ਰੱਖਦਿਆਂ ਰੂਟ ਬਦਲ ਦਿੱਤੇ। ਇਨ੍ਹਾਂ ਹੁਕਮਾਂ ਤਹਿਤ ਬਾਜਾਖਾਨਾ ਤੋਂ ਕੋਟਕਪੂਰਾ ਬਰਾਸਤਾ ਬਰਗਾੜੀ ਅਤੇ ਪੁਰਾਣਾ ਕੋਟਕਪੂਰਾ ਤੋਂ ਫਰੀਦਕੋਟ ਰੂਟ ਬੰਦ ਰਹਿਣਗੇ। ਦੂਜੇ ਪਾਸੇ ਬਾਜਾਖਾਨਾ ਤੋਂ ਬਰਾਸਤਾ ਜੈਤੋ ਅਤੇ ਕੋਟਕਪੂਰਾ ਤੋਂ ਫ਼ਰੀਦਕੋਟ ਨਵੇਂ ਹਾਈਵੇਅ ਵਾਲੇ ਰੂਟਾਂ ਦੀ ਇਜਾਜ਼ਤ ਦਿੱਤੀ ਗਈ ਹੈ।
ਗ਼ੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਸਾ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਪੁਲੀਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡਾਂ ਦੇ ਮਾਮਲੇ ਵਿੱਚ ਬਰਗਾੜੀ ’ਚ ਲੱਗੇ ਮੋਰਚੇ ਵਿੱਚ ਸ਼ਾਮਲ ਗਰਮ ਖ਼ਿਆਲੀ ਧਿਰਾਂ ਤੇ ਅਕਾਲੀ ਵਰਕਰਾਂ ਦਰਮਿਆਨ ਹਿੰਸਾ ਹੋ ਸਕਦੀ ਹੈ। ਇਸ ’ਤੇ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਮੰਗ ਕੀਤੀ ਸੀ ਕਿ ਸਬੰਧਤ ਅਧਿਕਾਰੀਆਂ ਨੂੰ ਰੈਲੀ ਦੀ ਇਜਾਜ਼ਤ ਦੇਣ ਦੀ ਹਦਾਇਤ ਦਿੱਤੀ ਜਾਵੇ। ਅਕਾਲੀ ਦਲ ਦੇ ਵਕੀਲ ਅਸ਼ੋਕ ਅਗਰਵਾਲ ਨੇ ਬੈਂਚ ਨੂੰ ਦੱਸਿਆ ਕਿ ਰੈਲੀ ਵਾਲੀ ਥਾਂ ਬਰਗਾੜੀ ਮੋਰਚੇ ਤੋਂ 40 ਕਿਲੋਮੀਟਰ ਦੂਰ ਹੈ। ਜਸਟਿਸ ਜੈਨ ਨੇ ਅਕਾਲੀ ਦਲ ਦੇ ਵਕੀਲ ਤੋਂ ਪਾਰਟੀ ਵੱਲੋਂ ਕੀਤੀਆਂ ਰੈਲੀਆਂ ਦੀ ਗਿਣਤੀ, ਰੈਲੀ ਦੀ ਸਹੀ ਥਾਂ ਪੁੱਛਦਿਆਂ ਜਾਨਣਾ ਚਾਹਿਆ ਕਿ ਰੈਲੀ ਵਿੱਚ ਕਿੰਨੇ ਲੋਕ ਪੁੱਜਣਗੇ ਅਤੇ ਕੀ ਉਹ ਬਰਗਾੜੀ ਹੋ ਕੇ ਹੀ ਰੈਲੀ ਵਿੱਚ ਆਉਣਗੇ। ਵਕੀਲ ਨੇ ਦੱਸਿਆ ਕਿ ਰੈਲੀ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਫ਼ਰੀਦਕੋਟ ਦਾਣਾ ਮੰਡੀ ’ਚ ਹੋਣੀ ਤੈਅ ਹੈ ਤੇ ਦਲ ਅਜਿਹੀਆਂ 25 ‘ਪੋਲ ਖੋਲ੍ਹ’ ਰੈਲੀਆਂ ਕਰ ਚੁੱਕਾ ਹੈ। ਇਸ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੈਲੀ ਦਾ ਨਾਂ ਬਦਲ ਕੇ ‘ਪੋਲ ਖੋਲ੍ਹ’ ਤੋਂ ‘ਜਬਰ ਵਿਰੋਧ’ ਰੈਲੀ ਕਰ ਦਿੱਤਾ ਗਿਆ ਹੈ।

ਹਾਈ ਕੋਰਟ ਨੇ ਜਮਹੂਰੀਅਤ ਦਾ ਘਾਣ ਹੋਣੋਂ ਬਚਾਇਆ: ਬਾਦਲ
ਚੰਡੀਗੜ੍ਹ  : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਕਾਲੀ-ਭਾਜਪਾ ਨੂੰ ਰੈਲੀ ਕਰਨ ਦੀ ਆਗਿਆ ਦੇਣ ਦਾ ਫੈਸਲਾ ਸੁਣਾ ਕੇ ਕਾਂਗਰਸ ਦੇ ਜਮਹੂਰੀਅਤ ’ਤੇ ਹਮਲੇ ਨੂੰ ਰੋਕਿਆ ਹੈ ਅਤੇ ਪੰਜਾਬ ਵਿਚ ਅਮਨ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਅਕਾਲੀ-ਭਾਜਪਾ ਦੇ ਹੱਥ ਮਜ਼ਬੂਤ ਕੀਤੇ ਹਨ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਇਹ ਰੈਲੀ ਮਿਥੇ ਸਮੇਂ ਅਨੁਸਾਰ ਉਸੇ ਥਾਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਾਈ ਕੋਰਟ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੇਗਾ। ਉਨ੍ਹਾਂ ਕਿਹਾ, ‘‘ਅਸੀਂ ਅਜਿਹੇ ਕਾਂਗਰਸੀ ਏਜੰਟਾਂ ਦਾ ਪਰਦਾਫਾਸ਼ ਕਰਾਂਗੇ, ਜਿਹੜੇ ਪੰਥ ਨੂੰ ਅੰਦਰੋਂ ਤੋੜਨ ਦੀ ਕੋਸ਼ਿਸ਼ ’ਚ ਹਨ।’’ ਸ੍ਰੀ ਬਾਦਲ ਨੇ ਕਿਹਾ ਕਿ ਕੀ ਅਖੌਤੀ ਪੰਥਕ ਆਗੂਆਂ ਨੇ ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਖਾਧੀ ਸਹੁੰ ਨੂੰ ਤੋੜ ਕੇ ਕੀਤੀ ਬੇਅਦਬੀ ਸਬੰਧੀ ਸਵਾਲ ਪੁੱਛਿਆ ਹੈ?

Comments

comments

Share This Post

RedditYahooBloggerMyspace