ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟਣ ਵਾਲਾ ਗਰੋਹ ਪੁਲੀਸ ਅੜਿੱਕੇ

ਬਰਨਾਲਾ : ਇੱਥੋਂ ਦੇ ਪ੍ਰੇਮ ਨਗਰ ਵਿੱਚ ਲੰਘੀ 11 ਸਤੰਬਰ ਨੂੰ ਅੱਖਾਂ ਵਿੱਚ ਮਿਰਚਾਂ ਪਾ ਕੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਉਗਰਾਹੀ ਕੀਤੀਆਂ ਕਿਸ਼ਤਾਂ ਦੀ ਕਰੀਬ 84 ਹਜ਼ਾਰ ਨਕਦੀ ਤੇ ਹੋਰ ਸਾਮਾਨ ਖੋਹਣ ਦੇ ਮਾਮਲੇ ਵਿੱਚ ਨਾਮਜ਼ਦ ਮੁੱਖ ਸਰਗਨੇ ਠੋਲੂ ਸਮੇਤ ਤਿੰਨ ਵਿਅਕਤੀਆਂ ਨੂੰ ਬਰਨਾਲਾ ਪੁਲੀਸ ਨੇ ਦਿੱਲੀ ਨੇੜਿਓਂ ਕਾਬੂ ਕੀਤਾ।

ਡੀ.ਐੱਸ.ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਜੈ ਪ੍ਰਕਾਸ਼ (25) ਮੂਲਵਾਸੀ ਰਾਏਪੁਰ ਜਾਟ (ਮਥੁਰਾ) ਹਾਲ ਆਬਾਦ ਪੱਤੀ ਰੋਡ ਬਰਨਾਲਾ ਜੋ ਭਾਰਤ ਫਾਈਨਾਂਸ ਇਨਕਲੂਜ਼ਨ ਲਿਮ: ਕੰਪਨੀ ਵਿੱਚ ਕੰਮ ਕਰਦਾ ਹੈ। ਜਦ ਉਹ ਆਪਣੇ ਮੋਟਰਸਾਈਕਲ ’ਤੇ ਸ਼ਹਿਰ ਦੇ ਹੀ ਪ੍ਰੇਮ ਨਗਰ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਇੱਕ ਹੋਰ ਮੋਟਰਸਾਈਕਲ ਨੰਬਰੀ ਪੀ.ਬੀ.19ਆਰ-2981 ’ਤੇ ਸਵਾਰ ਨੌਜਵਾਨਾਂ ਨੇ ਅਚਾਨਕ ਕੋਲੋਂ ਲੰਘਦਿਆਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕੈਸ਼ ਅਤੇ ਸਾਮਾਨ ਵਾਲਾ ਬੈਗ ਖੋਹ ਲਿਆ। ਇਸ ਸਬੰਧੀ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਿਟੀ-2 ਆਈ.ਪੀ.ਸੀ.ਦੀ ਧਾਰਾ 379ਬੀ ਤੇ 34 ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਟੀਮ ਵਿਚ ਸ਼ਾਮਿਲ ਐੱਸ.ਐੱਚ.ਓ. ਮਲਕੀਤ ਸਿੰਘ ਚੀਮਾ ਤੇ ਏ.ਐੱਸ.ਆਈ. ਹਰਜਿੰਦਰ ਸਿੰਘ ਅਧਾਰਿਤ ਪੁਲੀਸ ਪਾਰਟੀ ਨੇ ਲੁਟੇਰਿਆਂ ਦੀ ਪੈੜ ਨੱਪਦਿਆਂ ਦਿੱਲੀ ਤੇ ਗੁੜਗਾਉਂ ਪੁੱਜ ਕੇ ਇਸ ਘਟਨਾ ਵਿੱਚ ਸ਼ਾਮਿਲ ਵਿਸ਼ਾਲ ਕੁਮਾਰ ਉਰਫ ਠੋਲੂ, ਮਨਜਿੰਦਰ ਸਿੰਘ ਉਰਫ਼ ਮਨੀ ਤੇ ਤੇਜਿੰਦਰ ਸਿੰਘ ਉਰਫ਼ ਤੰਮਾ (18ਤੋਂ21ਸਾਲ) ਵਾਸੀਆਨ ਬਰਨਾਲਾ ਨੂੰ ਦਬੋਚਿਆ। ਇਨ੍ਹਾਂ ਪਾਸੋਂ ਲੁੱਟੀ ਰਕਮ ਵਿਚੋਂ 20 ਹਜ਼ਾਰ ਨਕਦੀ ਤੋਂ ਇਲਾਵਾ ਦੋ ਮੋਬਾਈਲ ਅਤੇ ਘਟਨਾ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਉਪਰੰਤ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

Comments

comments

Share This Post

RedditYahooBloggerMyspace