ਕਾਰ ਸਵਾਰਾਂ ਵੱਲੋਂ ਅਕਾਲੀ ਆਗੂ ਉੱਤੇ ਫਾਇਰਿੰਗ; ਪੁਲੀਸ ਜਾਂਚ ਸ਼ੁਰੂ

ਬੁਢਲਾਡਾ  : ਕੁਝ ਅਣਪਛਾਤੇ ਕਾਰ ਸਵਾਰਾਂ ਨੇ ਬੀਤੀ ਅੱਧੀ ਰਾਤ ਰਾਹ ਜਾਂਦੇ ਸਥਾਨਕ ਸ਼ਹਿਰ ਦੇ ਯੂਥ ਅਕਾਲੀ ਆਗੂ ਜਸਵੀਰ ਸਿੰਘ ਜੱਸੀ ’ਤੇ ਫਾਇਰਿੰਗ ਕਰ ਦਿੱਤੀ।
ਥਾਣਾ ਸਿਟੀ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪ੍ਰੀਤ ਪੈਲੇਸ ਦੇ ਮਾਲਕ ਅਤੇ ਯੂਥ ਅਕਾਲੀ ਆਗੂ ਜਸਵੀਰ ਸਿੰਘ ਜੱਸੀ ਬੀਤੀ ਰਾਤ ਆਪਣੇ ਕਿਸੇ ਘਰੇਲੂ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਫੁੱਟਬਾਲ ਚੌਕ ਤੋਂ ਜਾਖਲ ਰੋਡ ਹੁੰਦਿਆਂ ਆਪਣੇ ਘਰ ਵਾਪਸ ਆ ਰਿਹਾ ਸੀ। ਪਹਿਲਾਂ ਹੀ ਇਸ ਰੋਡ ’ਤੇ ਸਥਿਤ ਮਾਸਟਰ ਕਲੋਨੀ ਦੇ ਨੇੜੇ ਕਾਰ ਸਵਾਰਾਂ ਨੇ ਉਸ ਦੀ ਗੱਡੀ ਦਾ ਪਿੱਛਾ ਕੀਤਾ, ਜਿਸ ਵਿੱਚ ਮੋਨੇ ਤਿੰਨ ਜਣਿਆਂ ’ਚੋਂ ਡਰਾਇਵਰ ਸੀਟ ਨਾਲ ਬੈਠੇ ਇੱਕ ਵਿਅਕਤੀ ਨੇ ਜੱਸੀ ’ਤੇ ਆਪਣੇ ਪਿਸਤੋਲ ਨਾਲ ਗੋਲੀਆਂ ਵਰ੍ਹਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅਕਾਲੀ ਆਗੂ ਨੇ ਗੱਡੀ ਤੇਜ਼ ਭਜਾ ਕੇ ਝੋਨੇ ਦੇ ਖੇਤ ਵਿੱਚ ਜਾ ਛੁਪਿਆ। ਉਸ ਦਾ ਪਿੱਛਾ ਕਰ ਰਹੇ ਵਿਅਕਤੀ ਕਿਸੇ ਹੋਰ ਪਾਸੇ ਵੱਲ ਚਲੇ ਗਏ। ਇਸ ਦੀ ਸੂਚਨਾ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਪੁਲੀਸ ਨੂੰ ਦਿੱਤੀ।
ਅਕਾਲੀ ਆਗੂ ਦੇ ਭਰਾ ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਵੀ ਨਾਲ ਨਾ ਕੋਈ ਰੰਜਿਸ਼ ਹੈ ਅਤੇ ਨਾ ਹੀ ਕੋਈ ਦੁਸ਼ਮਣੀ ਪ੍ਰੰਤੂ ਉਹ ਇਸ ਘਟਨਾ ਤੋਂ ਬੇਹੱਦ ਹੈਰਾਨ ਹਨ। ਅੱਜ ਸਵੇਰੇ ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਘਟਨਾ ਸਥਾਨ ਦਾ ਮੌਕਾ ਦੇਖਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਆਰੰਭ ਦਿੱਤੀ ਹੈ।

Comments

comments

Share This Post

RedditYahooBloggerMyspace