ਪੰਜ ਨੌਜਵਾਨਾਂ ਨੇ ਸੰਵਾਰੀ ਪਿੰਡ ਸੁੱਖਾ ਸਿੰਘ ਵਾਲਾ ਦੀ ਦਿੱਖ

ਬਠਿੰਡਾ  : ਬਠਿੰਡਾ ਜ਼ਿਲ੍ਹੇ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਪੰਜ ਨੌਜਵਾਨਾਂ ਨੇ ਤਿੰਨ ਵਰ੍ਹਿਆਂ ’ਚ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ‘ਸਵੱਛ ਭਾਰਤ’ ਦੇਖਣਾ ਹੋਵੇ ਤਾਂ ਇਸ ਪਿੰਡ ’ਚੋਂ ਝਲਕਦਾ ਹੈ। ਪਹਿਲਾਂ ਲੱਤਾਂ ਖਿੱਚਣ ਵਾਲੇ ਲੋਕ ਨੌਜਵਾਨਾਂ ਦੇ ਦੁਆਲੇ ਹੋਏ, ਪਰ ਜਦੋਂ ਪਿੰਡ ਦਾ ਨਕਸ਼ਾ ਬਦਲਦਾ ਦਿਖਿਆ ਤਾਂ ਸਭ ਉਨ੍ਹਾਂ ਦੇ ਸਾਥੀ ਬਣ ਗਏ। ਪੱਛੜੀ ਬੈਲਟ ’ਚ ਪੈਂਦਾ ਇਹ ਪਿੰਡ ਹੁਣ ਮਹਿਕਾਂ ਛੱਡਣ ਲੱਗਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਸੁੱਖਾ ਸਿੰਘ ਵਾਲਾ ’ਚ ਕਰੀਬ 150 ਘਰ ਹਨ। ਪਹਿਲਾਂ ਨੌਜਵਾਨ ਪਾਲ ਸਿੰਘ ਸਿੱਧੂ ਪਿੰਡ ’ਚੋਂ ਗੰਦ ਦਾ ਢੇਰ ਕੱਢਣ ਲਈ ਅੱਗੇ ਆਇਆ। ਇਸ ਲਈ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ। ਉਸ ਨੇ ਆਪਣੀ ਮਾਂ ਸੁਰਜੀਤ ਕੌਰ ਅਤੇ ਪਿਤਾ ਕਰਮ ਸਿੰਘ ਦੀ ਯਾਦ ’ਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਹਰਾ ਭਰਾ ਪਾਰਕ ਬਣਾਇਆ ਤੇ ਪੂਰੇ ਸਕੂਲ ਕੈਂਪਸ ਨੂੰ ਘਾਹ ਨਾਲ ਲੱਦ ਦਿੱਤਾ। ਉਸ ਮਗਰੋਂ ਪਿੰਡ ਦੇ ਨੌਜਵਾਨ ਗੁਰਸੇਵਕ ਸਿੰਘ, ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਅਵਤਾਰ ਸਿੰਘ ਪੱਪੂ ਉਸ ਨਾਲ ਜੁੜ ਗਏ। ਇਨ੍ਹਾਂ ਨੌਜਵਾਨਾਂ ਨੇ ਪਿੰਡ ਦੇ ਹਰ ਘਰ ਨੂੰ ਇੱਕੋ ਜਿਹਾ ਸਫ਼ੈਦ ਰੰਗ ਕੀਤਾ ਹੈ। ਉਸ ਤੋਂ ਪਹਿਲਾਂ ਨੌਜਵਾਨਾਂ ਨੇ ਕੰਧਾਂ ਨੂੰ ਪਲੱਸਤਰ ਵਗੈਰਾ ਕਰਵਾਇਆ। ਲੋਕਾਂ ਨੇ ਸਿਫ਼ਤ ਕਰਨੀ ਸ਼ੁਰੂ ਕੀਤੀ ਅਤੇ ਮਾਲੀ ਇਮਦਾਦ ਲਈ ਹੱਥ ਖੋਲ੍ਹ ਦਿੱਤਾ। ਹੁਣ ਤੱਕ ਕਰੀਬ ਛੇ ਲੱਖ ਰੁਪਏ ਪਿੰਡ ਦੀ ਸਾਫ਼ ਸਫ਼ਾਈ ’ਤੇ ਖ਼ਰਚੇ ਜਾ ਚੁੱਕੇ ਹਨ। ਨੌਜਵਾਨਾਂ ਨੇ ਪਿੰਡ ਦੀ ਹਰ ਗਲੀ ਵਿੱਚ ਸਜਾਵਟੀ ਅਤੇ ਛਾਂਦਾਰ ਬੂਟੇ ਲਾ ਦਿੱਤੇ ਹਨ। ਚਾਰ ਚੁਫੇਰੇ ਹੁਣ ਫੁੱਲ ਮਹਿਕਣ ਲੱਗੇ ਹਨ। ਤਿਤਲੀਆਂ ਤੇ ਭੰਵਰਿਆਂ ਪਿੱਛੇ ਹੁਣ ਛੋਟੇ ਛੋਟੇ ਬੱਚੇ ਦੌੜਨ ਲੱਗੇ ਹਨ। ਜੇਸੀਬੀ ਮਸ਼ੀਨਾਂ ਨਾਲ ਪੂਰੇ ਪਿੰਡ ਦਾ ਗੰਦ ਹੂੰਝ ਕੇ ਕੂੜਾਦਾਨ ਰੱਖ ਦਿੱਤੇ ਗਏ ਹਨ। ਪਿੰਡ ਨੂੰ ਆਉਣ ਵਾਲੀ ਮੁੱਖ ਲਿੰਕ ਸੜਕ ਜੋ ਕਰੀਬ ਡੇਢ ਕਿੱਲੋਮੀਟਰ ਲੰਮੀ ਹੈ, ਉਸ ਦੇ ਦੋਵੇਂ ਪਾਸੇ ਬੂਟੇ ਲਾ ਦਿੱਤੇ ਹਨ ਤੇ ਨੌਜਵਾਨਾਂ ਨੇ ਸੜਕ ਦੇ ਦੋਵੇਂ ਪਾਸੇ ਦਰੱਖਤੀ ਕੰਧ ਬਣਾਉਣ ਦੀ ਯੋਜਨਾ ਬਣਾਈ ਹੈ। ਪਿੰਡ ਦੇ ਸਜਾਵਟੀ ਗੇਟ ਬਣਾ ਦਿੱਤੇ ਹਨ। ਪਿੰਡ ਦੇ ਬਦਬੂ ਮਾਰਦੇ ਛੱਪੜ ਦਾ ਪਾਣੀ ਬਦਲ ਕੇ ਚਾਰੇ ਪਾਸੇ ਕੰਧਾਂ ਕੱਢ ਦਿੱਤੀਆਂ ਅਤੇ ਇੱਕ ਕਿਸ਼ਤੀ ਛੱਡ ਦਿੱਤੀ ਹੈ। ਸ਼ਾਮ ਸਮੇਂ ਇੱਕ ਘੰਟਾ ਕੋਈ ਵੀ ਮੁਫ਼ਤ ਬੋਟਿੰਗ ਕਰ ਸਕਦਾ ਹੈ।

ਹਰਦੀਪ ਸਿੰਘ ਨੇ ਦੱਸਿਆ ਕਿ ਛੱਪੜ ’ਤੇ ਸ਼ਾਮ ਨੂੰ ਮੇਲਾ ਭਰ ਜਾਂਦਾ ਹੈ। 27 ਹਜ਼ਾਰ ਰੁਪਏ ਨਾਲ ਇਨ੍ਹਾਂ ਨੌਜਵਾਨਾਂ ਨੇ ਛੱਪੜ ਵਿੱਚ ਮੱਛੀਆਂ ਛੱਡ ਦਿੱਤੀਆਂ ਹਨ ਜਿਨ੍ਹਾਂ ਤੋਂ ਹੋਣ ਵਾਲੀ ਕਮਾਈ ਪਿੰਡ ’ਤੇ ਲਾਈ ਜਾਵੇਗੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰ ਦਸ ਦਿਨਾਂ ਮਗਰੋਂ ਦੇਰ ਸ਼ਾਮ ਉਹ ਪਾਣੀ ਦੇ ਟੈਂਕਰ ਭਰ ਕੇ ਪੂਰੇ ਪਿੰਡ ਦੀ ਸਫ਼ਾਈ ਕਰਦੇ ਹਨ। ਲੋਕਾਂ ਵਿੱਚ ਇੰਨੀ ਸੋਝੀ ਆ ਗਈ ਹੈ ਕਿ ਉਹ ਹੁਣ ਗੰਨਾ ਚੂਪ ਕੇ ਛਿਲਕਾ ਗਲੀ ਵਿੱਚ ਨਹੀਂ ਸੁੱਟਦੇ। ਨੌਜਵਾਨਾਂ ਨੇ ਗੰਦ ਸੁੱਟਣ ਤੋਂ ਰੋਕਣ ਲਈ ਦੋ ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ। ਗੁਰਸੇਵਕ ਸਿੰਘ ਨੇ ਦੱਸਿਆ ਕਿ ਚਾਰ ਚੁਫੇਰੇ ਹਰਿਆਲੀ ਅਤੇ ਫੁੱਲਾਂ ਦਾ ਇੰਨਾ ਅਸਰ ਹੋਇਆ ਹੈ ਕਿ ਪਿੰਡ ਦੇ ਲੋਕ ਤਣਾਓ ਮੁਕਤ ਹੋਣ ਲੱਗੇ ਹਨ। ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਪੀੜ੍ਹੀ ਹੁਣ ਚੰਗੇ ਰਾਹ ਪੈ ਗਈ ਹੈ। ਤੱਤੇ ਸੁਭਾਅ ਵਾਲੇ ਵੀ ਹੁਣ ਮਿੱਠਤ ਨਾਲ ਗੱਲ ਕਰਨ ਲੱਗੇ ਹਨ।

ਇਨ੍ਹਾਂ ਨੌਜਵਾਨਾਂ ਨੇ ਪਿੰਡ ਵਿੱਚ ਮਿਰਚਾਂ ਲਾਈਆਂ ਹਨ ਜੋ ਬੇਜ਼ਮੀਨੇ ਲੋਕਾਂ ਨੂੰ ਮੁਫ਼ਤ ਤੋੜਨ ਦੀ ਸਹੂਲਤ ਹੈ। 50 ਹਜ਼ਾਰ ਦੀ ਲਾਗਤ ਨਾਲ ਇੱਕ ਫੌਗਿੰਗ ਮਸ਼ੀਨ ਖ਼ਰੀਦੀ ਗਈ ਹੈ ਅਤੇ ਹਰ ਹਫ਼ਤੇ ਪੂਰੇ ਪਿੰਡ ’ਚ ਫੌਗਿੰਗ ਕੀਤੀ ਜਾਂਦੀ ਹੈ। ਪੱਥਰ ਦੇ ਮੇਜ਼ ਕੁਰਸੀਆਂ ਵੀ ਪਿੰਡ ਦੀ ਸ਼ੋਭਾ ਵਧਾ ਰਹੇ ਹਨ। ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ। ਅਵਤਾਰ ਸਿੰਘ ਪੱਪੂ ਜੋ ਕਿੱਤੇ ਵਜੋਂ ਪਲੰਬਰ ਹੈ, ਨੇ ਵੱਧ-ਚੜ੍ਹ ਕੇ ਕੰਮ ਕੀਤਾ ਹੈ।

ਅੰਮ੍ਰਿਤਪਾਲ ਨੇ ਦਾਅਵਾ ਕੀਤਾ ਕਿ ਪਿੰਡ ’ਚ ਕਿਤੇ ਵੀ ਗੋਹਾ ਨਹੀਂ ਦਿਖੇਗਾ। ਪਿੰਡ ’ਚ ਦੋ ਨਰਸਰੀਆਂ ਹਨ ਅਤੇ ਹੁਣ ਇਸ ਪਿੰਡ ’ਚੋਂ ਨਸ਼ਿਆਂ ਦੀ ਬੋਅ ਨਹੀਂ, ਫੁੱਲਾਂ ਦੀ ਖ਼ੁਸ਼ਬੋ ਉੱਠ ਰਹੀ ਹੈ। ਪਿੰਡ ’ਚ ਨਾ ਸ਼ਰਾਬ ਦਾ ਠੇਕਾ ਹੈ ਅਤੇ ਨਾ ਹੀ 10 ਸਾਲ ਤੋਂ ਕਦੇ ਤੰਬਾਕੂ ਵਿਕਿਆ ਹੈ। ਇੱਕ ਜੇਈ ਨੇ ਪਿੰਡ ਦੇਖ ਕੇ 5100 ਰੁਪਏ ਦਾ ਇਨਾਮ ਦੇ ਦਿੱਤਾ, ਪਰ ਕਿਸੇ ਸਰਕਾਰੀ ਦਰਬਾਰੀ ਦੇ ਪਿੰਡ ਨਜ਼ਰ ਨਹੀਂ ਪਿਆ ਹੈ।

Comments

comments

Share This Post

RedditYahooBloggerMyspace