ਬਾਦਲਾਂ ਦੇ ਗੜ੍ਹ ਵਿੱਚ ਸਿਆਸੀ ਕੱਦ ਮਾਪਣ ’ਚ ਜੁਟੀ ਕਾਂਗਰਸ

ਲੰਬੀ ਹਲਕੇ ਵਿੱਚ ਅਕਾਲੀ ਦਲ ਦੇ ਚੋਣ ਜਲਸੇ ਦੌਰਾਨ ਮੇਜਰ ਭੁਪਿੰਦਰ ਸਿੰਘ ਢਿੱਲੋਂ ਤੇ ਹੋਰ ਅਕਾਲੀ ਆਗੂ।

ਲੰਬੀ : ਲੰਬੀ ਹਲਕੇ ’ਤੇ ਆਧਾਰਿਤ ਚਾਰ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਅਤੇ ਪੰਚਾਇਤ ਸਮਿਤੀ ਲੰਬੀ ਤੇ ਮਲੋਟ ਦੇ ਲਗਪਗ 35 ਪੰਚਾਇਤ ਸਮਿਤੀ ਜ਼ੋਨਾਂ ’ਤੇ ਉਮੀਦਵਾਰਾਂ ਨਾਲੋਂ ਵੱਧ ਜ਼ੋਰ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਦਾ ਲੱਗਿਆ ਹੋਇਆ ਹੈ। ਬਾਦਲਾਂ ਦੇ ਸਿਆਸੀ ਗੜ੍ਹ ਲੰਬੀ ਵਿੱਚ ਵਿਧਾਨ ਸਭਾ ਚੋਣਾਂ ਮਗਰੋਂ ਕਾਂਗਰਸ ਪਾਰਟੀ ਮੁੜ ਆਪਣਾ ਸਿਆਸੀ ਕੱਦ ਮਾਪਣ ਵਿੱਚ ਜੁਟੀ ਹੋਈ ਹੈ।

ਲੰਬੀ ਹਲਕੇ ਦੀ ਸਰਾਵਾਂ ਜੈਲ ਦੇ ਲਗਪਗ 22 ਪਿੰਡ ਮਲੋਟ ਪੰਚਾਇਤ ਸਮਿਤੀ ਨਾਲ ਜੁੜੇ ਹੋਏ ਹਨ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਹਲਕੇ ਦੇ 168 ਬੂਥਾਂ ਵਿੱਚੋਂ ਸਿਰਫ਼ 18 ਬੂਥਾਂ ’ਤੇ ਹੀ ਵੱੱਧ ਵੋਟਾਂ ਹਾਸਲ ਕਰ ਸਕੀ ਸੀ। ਸਰਕਾਰ ਦੇ ਡੇਢ ਸਾਲ ਬਾਅਦ ਵੀ ਲੰਬੀ ਵਿੱਚ ਕਾਂਗਰਸ ਦਾ ਸੱਤਾ ਪੱਖ ਵਾਲਾ ਮਿਆਰ ਕਾਇਮ ਨਹੀਂ ਹੋ ਸਕਿਆ, ਜਿਸ ਕਰਕੇ ਕਾਂਗਰਸੀ ਕਾਡਰ ਦੀ ਆਮ ਜਨਤਾ ਵਿੱਚ ਪੈਂਠ ਨਹੀਂ ਬਣ ਸਕੀ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਟਰਾਂਸਪੋਰਟ ਮੰਤਰੀ ਹਰਦੀਪ ਇੰਦਰ ਸਿੰਘ ਬਾਦਲ ਤੇ ਬਲਾਕ ਪ੍ਰਧਾਨ ਗੁਰਬਾਜ ਸਿੰਘ ਬਨਵਾਲਾ ਪਿੰਡਾਂ ਵਿੱਚ ਚੋਣ ਮੁਹਿੰਮ ਚਲਾ ਕੇ ਵੋਟਰਾਂ ਨੂੰ ਕਾਂਗਰਸ ਉਮੀਦਵਾਰਾਂ ਲਈ ਅਪੀਲਾਂ ਕਰ ਰਹੇ ਹਨ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਵਿੱਚ ਬਾਦਲਾਂ ਦਾ ਨਾਂ ਆਉਣ ਕਰਕੇ ਲੋਕ ਅਕਾਲੀ ਦਲ ਤੋਂ ਮੁੱਖ ਮੋੜ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ। ਲੰਬੀ ਹਲਕੇ ਦੀ ਪੰਚਾਇਤ ਸਮਿਤੀ ’ਤੇ ਕਾਂਗਰਸ ਨੂੰ ਬਹੁਮਤ ਮਿਲੇਗਾ।

ਦੂਜੇ ਪਾਸੇ, ਅਕਾਲੀ ਦਲ ਵੱਲੋਂ ਮੇਜਰ ਭੁਪਿੰਦਰ ਸਿੰਘ ਢਿੱਲੋਂ ਤੇ ਪਰਮਜੀਤ ਸਿੰਘ ਲਾਲੀ ਬਾਦਲ ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿੱਚ ਪੈਰ ਨਾ ਪਾਉਣ ਨੂੰ ਮੁੱਦਾ ਬਣਾ ਕੇ ਵੋਟਰਾਂ ਨੂੰ ਅਕਾਲੀ ਸਰਕਾਰ ਸਮੇਂ ਦਾ ਵਿਕਾਸ ਚੇਤੇ ਕਰਵਾ ਰਹੇ ਹਨ। ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਅਕਾਲੀ ਦਲ ਲੰਬੀ ਹਲਕੇ ਵਿੱਚ ਚਾਰੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਵਿੱਚ ਜਿੱਤ ਦਰਜ ਕਰੇਗਾ। ‘ਆਪ’ ਬਲਾਕ ਸਮਿਤੀ ਦੇ ਸੱਤ ਜ਼ੋਨ ਅਤੇ ਸੀਪੀਆਈ ਵੀ ਦੋ ਜ਼ੋਨਾਂ ਰਾਹੀਂ ਆਪਣੀ ਸਿਆਸੀ ਹਾਜ਼ਰੀ ਲਵਾ ਰਹੀ ਹੈ। ਪੰਚਾਇਤ ਸਮਿਤੀ ਦੇ 12 ਜ਼ੋਨਾਂ ਵਿੱਚ ਔਰਤ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪੁਰਸ਼ ਪਰਿਵਾਰਕ ਮੈਂਬਰ ਜੁਟੇ ਹੋਏ ਹਨ ਤੇ ਔਰਤ ਉਮੀਦਵਾਰਾਂ ਦੀ ਮੌਜੂਦਗੀ ਸਿਰਫ਼ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੱਕ ਹੀ ਜਾਪਦੀ ਹੈ।

ਇਸ ਹਲਕੇ ਵਿੱਚ ਸਭ ਦੀਆਂ ਨਜ਼ਰਾਂ ਜ਼ਿਲ੍ਹਾ ਪਰਿਸ਼ਦ ਦੇ ਕਿੱਲਿਆਂਵਾਲੀ ਜ਼ੋਨ ’ਤੇ ਟਿਕੀਆਂ ਹੋਈਆਂ ਹਨ, ਜਿੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਤੇਜਿੰਦਰ ਸਿੰਘ ਮਿੱਡੂਖੇੜਾ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਉਮੀਦਵਾਰ ਵਜੋਂ ਰੰਮੀ ਕੁਲਾਰ ਚੋਣ ਪਿੜ ਵਿੱਚ ਹਨ। ਇਸ ਜ਼ੋਨ ਤੋਂ ਟਕਸਾਲੀ ਕਾਂਗਰਸੀ ਅਤੇ ਜ਼ਿਲ੍ਹਾ ਕਾਂਗਰਸ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਅਨਿਲ ਕੁਰੈਸ਼ੀ ਨੇ ਗ਼ਲਤ ਟਿਕਟ ਵੰਡ ਖ਼ਿਲਾਫ਼ ਆਜ਼ਾਦ ਤੌਰ ’ਤੇ ਝੰਡਾ ਬੁਲੰਦ ਕੀਤਾ ਹੋਇਆ ਹੈ।

Comments

comments

Share This Post

RedditYahooBloggerMyspace