ਭੂੰਦੜ ਨੂੰ ਤਨਖ਼ਾਹ ਲਾਉਣ ਵੇਲੇ ਸਿੱਖ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕਰਨ ਦਾ ਦੋਸ਼

ਐਸ.ਏ.ਐਸ. ਨਗਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰ ਭਾਈ ਅਮਰੀਕ ਸਿੰਘ ਸ਼ਾਹਪੁਰ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਪੁੜੈਣ ਤੇ ਸਰਬੰਸ ਸਿੰਘ ਮਾਣਕੀ ਨੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਤਖ਼ਤ ਦਮਦਮਾ ਸਾਹਿਬ ਤੋਂ ਤਨਖ਼ਾਹ ਲਾਏ ਜਾਣ ਦੇ ਢੰਗ ’ਤੇ ਇਤਰਾਜ਼ ਜਤਾਇਆ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਪੰਥ ਦੋਖੀ ਨੂੰ ਧਾਰਮਿਕ ਸਜ਼ਾ ਸੁਣਾਉਣ ਦਾ ਹੱਕ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਨੂੰ ਹੈ। ਹੁਣ ਤੱਕ ਦੇ ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਿਨਾ ਕਿਸੇ ਹੋਰ ਤਖ਼ਤ ਤੋਂ ਸਜ਼ਾ ਨਹੀਂ ਸੁਣਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਭੂੰਦੜ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਪੰਥ ਵਿਰੋਧੀ ਗਤੀਵਿਧੀਆਂ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸਿੱਖ ਪੰਥ ਕੋਲੋਂ ਮੁਆਫ਼ੀ ਮੰਗ ਚੁੱਕੇ ਸਨ ਤਾਂ ਇਸ ਮਾਮਲੇ ਨੂੰ ਦੁਬਾਰਾ ਵਿਚਾਰਿਆ ਹੀ ਨਹੀਂ ਜਾਣਾ ਚਾਹੀਦਾ ਸੀ। ਜੇਕਰ ਅਜਿਹਾ ਜ਼ਰੂਰੀ ਸੀ ਤਾਂ ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਸਜ਼ਾ ਲਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਨੂੰ ਚੁੱਪ-ਚੁਪੀਤੇ ਤਖ਼ਤ ਦਮਦਮਾ ਸਾਹਿਬ ਸੱਦ ਕੇ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਸ੍ਰੀ ਭੂੰਦੜ ਨੂੰ ਆਪਣੇ ਨਾਲ ਬਰਾਬਰ ਬਿਠਾਉਣਾ ਗ਼ੈਰ-ਵਾਜਬ ਹੈ। ਇਸ ਤੋਂ ਇੰਝ ਜਾਪਦਾ ਹੈ ਕਿ ਅਕਾਲੀ ਆਗੂ ਤਨਖ਼ਾਹੀਆ ਨਹੀਂ, ਬਲਕਿ ਕਿਸੇ ਮੀਟਿੰਗ ਵਿੱਚ ਹਾਜ਼ਰੀ ਭਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤ ਛਕਣ ਵੇਲੇ ਜਾਂ ਕੋਈ ਭੁੱਲ ਬਖ਼ਸ਼ਾਉਣ ਸਮੇਂ ਤਖ਼ਤ ਸਾਹਿਬਾਨ ਜਾਂ ਪੰਜ ਪਿਆਰਿਆਂ ਸਾਹਮਣੇ ਤਨਖ਼ਾਹੀਆ ਦਾੜ੍ਹੀ ਬੰਨ੍ਹ ਕੇ ਪੇਸ਼ ਨਹੀਂ ਹੋ ਸਕਦਾ, ਪਰ ਭੂੰਦੜ ਦਾੜ੍ਹੀ ਬੰਨ੍ਹ ਕੇ ਪੇਸ਼ ਹੋਏ ਸਨ।

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਂ ਖੁੱਲ੍ਹਾ ਪੱਤਰ
ਅੰਮਿ੍ਰਤਸਰ : ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਇਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਬੰਦ ਕਮਰੇ ਵਿੱਚ ਕੀਤੀ ਕਾਰਵਾਈ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਆਖਿਆ ਕਿ ਇਹ ਕੋਈ ਸਥਾਨਕ ਮਸਲਾ ਨਹੀਂ ਹੈ, ਜਿਸ ’ਤੇ ਇਕ ਬੰਦ ਕਮਰੇ ਵਿੱਚ ਬੈਠ ਕੇ ਫ਼ੈਸਲਾ ਕੀਤਾ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਹੁਣ ਤੱਕ ਅਜਿਹੇ ਕਿੰਨੇ ਮਸਲੇ ਤਖ਼ਤ ਦਮਦਮਾ ਸਾਹਿਬ ਵਿਖੇ ਹੱਲ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਵੱਲੋਂ ਹਮੇਸ਼ਾਂ ਹੀ ਜਥੇਦਾਰਾਂ ਨੂੰ ਮੋਹਰਾ ਬਣਾ ਕੇ ਵਰਤਿਆ ਗਿਆ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚੰਗੇ ਗੁਰਸਿੱਖ ਆਖਦਿਆਂ ਕਿਹਾ ਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਫ਼ਾਦਾਰ ਬਣ ਕੇ ਚੰਗੀ ਮਿਸਾਲ ਦੇਣ।

Comments

comments

Share This Post

RedditYahooBloggerMyspace